ਸਵਾਲਾਂ ਦੀ ਝੜੀ ਲਾ ਜਨਤਾ ਕੱਢ ਰਹੀ ਖਾਰ, ਅੱਗੇ-ਅੱਗੇ ਦੌੜ ਰਹੇ ''ਉਮੀਦਵਾਰ''
Thursday, May 09, 2019 - 10:48 AM (IST)
ਚੰਡੀਗੜ੍ਹ (ਭੁੱਲਰ) : ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ 'ਚ 19 ਮਈ ਨੂੰ ਪੰਜਾਬ ਅੰਦਰ ਵੋਟਾਂ ਪੈਣੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੀ ਸੀਟ ਪੱਕੀ ਕਰਨ ਲਈ ਲੋਕ ਕਚਹਿਰੀ 'ਚ ਹਨ ਪਰ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ 2017 'ਚ ਕੀਤੇ ਗਏ ਚੋਣ-ਵਾਅਦਿਆਂ ਨੂੰ ਲੈ ਕੇ ਲੋਕਾਂ ਨੂੰ ਉਮੀਦਵਾਰਾਂ ਤੇ ਪਾਰਟੀਆਂ ਤੋਂ ਜਨ ਰੈਲੀਆਂ ਦੌਰਾਨ ਖੁੱਲ੍ਹੇਆਮ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ। ਜਨਤਾ ਚੋਣ ਪ੍ਰਚਾਰ ਕਰਨ ਆਏ ਉਮੀਦਵਾਰਾਂ ਅੱਗੇ ਸਵਾਲਾਂ ਦੀ ਝੜੀ ਲਾ ਰਹੀ ਹੈ, ਜਿਨ੍ਹਾਂ ਦੇ ਜਵਾਬ ਦੇ ਸਕਣ ਤੋਂ ਅਮਸਮਰੱਥ ਉਮੀਦਵਾਰਾਂ ਨੂੰ ਅੱਗੇ-ਅੱਗੇ ਦੌੜਨਾ ਪੈ ਰਿਹਾ ਹੈ। ਇਸ ਤਰ੍ਹਾਂ ਦਾ ਰੁਝਾਨ ਇਨ੍ਹਾਂ ਚੋਣਾਂ ਵਿਚ ਹੀ ਸ਼ੁਰੂ ਹੋਇਆ ਹੈ, ਜੋ ਲੋਕਾਂ ਵਿਚ ਸਰਕਾਰਾਂ ਪ੍ਰਤੀ ਵਧ ਰਹੀ ਬੇਚੈਨੀ ਦਾ ਹੀ ਸੰਕੇਤ ਹੈ। ਪਿਛਲੇ ਇਕ ਹਫ਼ਤੇ ਦੌਰਾਨ ਹੀ ਪੰਜਾਬ ਵਿਚ ਚੋਣ ਮੁਹਿੰਮ ਵਿਚ ਤੇਜ਼ੀ ਆਉਣ ਦੇ ਨਾਲ ਲੋਕਾਂ ਵਲੋਂ ਵੱਖ–ਵੱਖ ਥਾਵਾਂ 'ਤੇ ਪਾਰਟੀਆਂ ਦੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਦਾ ਸਿਲਸਿਲਾ ਤੇਜ਼ ਹੋਇਆ ਹੈ।
ਬਠਿੰਡਾ ਲੋਕ ਸਭਾ ਹਲਕੇ 'ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ, ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ, ਫਰੀਦਕੋਟ ਹਲਕੇ 'ਚ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ, ਸੰਗਰੂਰ ਹਲਕੇ 'ਚ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਅਤੇ ਫ਼ਤਿਹਗੜ੍ਹ ਸਾਹਿਬ ਹਲਕੇ 'ਚ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਦੇ ਵਿਰੋਧ ਅਤੇ ਪੁੱਛੇ ਗਏ ਸਵਾਲਾਂ ਦੀਆਂ ਘਟਨਾਵਾਂ ਜ਼ਿਕਰਯੋਗ ਹਨ। ਭਾਵੇਂ ਕਿ ਹੋਰ ਥਾਵਾਂ 'ਤੇ ਵੀ ਅਜਿਹਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਲੋਕ ਉਮੀਦਵਾਰਾਂ ਤੋਂ ਸਵਾਲ ਪੁੱਛ ਰਹੇ ਹਨ ਤੇ ਉਮੀਦਵਾਰ ਜਵਾਬ ਦੇਣ ਦੀ ਥਾਂ ਅੱਗੇ ਭੱਜ ਰਹੇ ਹਨ। ਕਈ ਥਾਂ ਤਾਂ ਤਲਖੀ ਦਾ ਮਾਹੌਲ ਵੀ ਪੈਦਾ ਹੋ ਰਿਹਾ ਹੈ। ਰਾਜਾ ਵੜਿੰਗ ਨੂੰ ਸਵਾਲ ਪੁੱਛਣ ਸਮੇਂ ਇਕ ਨੌਜਵਾਨ ਦੀ ਕੁੱਟਮਾਰ ਅਤੇ ਕੇਵਲ ਢਿੱਲੋਂ ਦੀ ਰੈਲੀ ਵਿਚ ਪੁੱਛੇ ਗਏ ਸਵਾਲ ਸਮੇਂ ਰਾਜਿੰਦਰ ਕੌਰ ਭੱਠਲ ਵਲੋਂ ਦਿਖਾਈ ਤਲਖੀ ਦੀਆਂ ਘਟਨਾਵਾਂ ਕਾਫ਼ੀ ਚਰਚਾ 'ਚ ਹਨ। ਬੇਰੋਜ਼ਗਾਰ ਅਧਿਆਪਕ ਵੀ ਰੋਜ਼ਗਾਰ ਦੇ ਮੁੱਦੇ ਨੂੰ ਲੈ ਕੇ ਉਮੀਦਵਾਰਾਂ ਨੂੰ ਥਾਂ–ਥਾਂ 'ਤੇ ਸਵਾਲ ਪੁੱਛ ਰਹੇ ਹਨ।