ਪੰਜਾਬ 'ਚ 13 ਦੀਆਂ 13 ਸੀਟਾਂ 'ਤੇ ਕਾਂਗਰਸ ਜਿੱਤ ਕਰੇਗੀ ਹਾਸਲ: ਮੁਨੀਸ਼ ਤਿਵਾੜੀ

Monday, Apr 15, 2019 - 04:39 PM (IST)

ਪੰਜਾਬ 'ਚ 13 ਦੀਆਂ 13 ਸੀਟਾਂ 'ਤੇ ਕਾਂਗਰਸ ਜਿੱਤ ਕਰੇਗੀ ਹਾਸਲ: ਮੁਨੀਸ਼ ਤਿਵਾੜੀ

ਰੋਪੜ (ਸੱਜਣ ਸੈਣੀ, ਦਲਜੀਤ)— ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਵੱਲੋਂ ਐਲਾਨੇ ਉਮੀਦਵਾਰ ਮੁਨੀਸ਼ ਤਿਵਾੜੀ ਵੱਲੋਂ ਅੱਜ ਚੋਣ ਮੈਦਾਨ 'ਚ ਉਤਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਮੁਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਇਸ ਦੌਰਾਨ ਚੋਣ ਪ੍ਰਚਾਰ ਦੇ ਪਹਿਲੇ ਦਿਨ ਹੀ ਕਾਂਗਰਸੀ ਉਮੀਦਵਾਰ ਨੂੰ ਹਲਕੇ 'ਚ ਕਾਂਗਰਸੀਆਂ ਦੀ ਫੁੱਟ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਮੁਨੀਸ਼ ਤਿਵਾੜੀ ਦਾ ਰੂਪਨਗਰ ਪਹੁੰਚਣ 'ਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਵੱਲੋਂ ਕਾਂਗਰਸੀ ਵਰਕਰਾਂ ਦੇ ਵੱਡੇ ਇਕੱਠ ਨਾਲ ਪੁਲਸ ਲਾਈਨ ਦੇ ਸਾਹਮਣੇ ਸੁਆਗਤ ਕੀਤਾ। ਉਥੇ ਹੀ ਹਲਕਾ ਦੇ ਟਕਸਾਲੀ ਕਾਂਗਰਸੀਆਂ ਵੱਲੋਂ ਥਾਣਾ ਸਦਰ ਨੇੜੇ ਆਪਣਾ ਵੱਖਰਾ ਇਕੱਠ ਕਰਕੇ ਮਨੀਸ਼ ਤਿਵਾੜੀ ਦਾ ਸੁਆਗਤ ਕੀਤਾ, ਜਿੱਥੇ ਮੁਨੀਸ਼ ਨੇ ਕਾਂਗਰਸੀਆਂ ਦਾ ਫੁੱਟ ਦਾ ਸਾਹਮਣਾ ਕਰਨਾ ਪਿਆ। ਪੱਤਰਕਾਰਾਂ ਵੱਲੋਂ ਜਦੋਂ ਮੁਨੀਸ਼ ਤਿਵਾੜੀ ਨੂੰ ਕਾਂਗਰਸ ਦੀ ਇਸ ਆਪਸੀ ਫੁੱਟ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕਿਤੇ ਵੀ ਕਾਂਗਰਸੀਆਂ 'ਚ ਕੋਈ ਫੁੱਟ ਨਹੀਂ। ਕਾਂਗਰਸ ਪੰਜਾਬ 'ਚ 13 ਦੀਆਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗੀ। 
ਦੱਸ ਦੇਈਏ ਕਿ ਮੁਨੀਸ਼ ਤਿਵਾੜੀ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਪ੍ਰਾਪਤ ਕਰਨ 'ਚ ਸਫਲ ਹੋਏ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਵਾਹਿਗੁਰੂ ਨੇ ਸ਼ੁਕਰਾਨਾ ਕਰਨ ਲਈ ਅੱਜ ਆਪਣੇ ਸਾਥੀਆਂ ਸਮੇਤ ਖਾਲਸੇ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਸਨ, ਜਿੱਥੇ ਉਨ੍ਹਾਂ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ।
ਮੈਨੂੰ ਬਾਹਰੀ ਕਹਿਣ ਵਾਲਾ ਚੰਦੂਮਾਜਰਾ ਖੁਦ ਵੀ ਤਾਂ ਪਟਿਆਲਾ ਤੋਂ ਹੀ ਹੈ 
ਸ਼੍ਰੋਮਣੀ ਅਕਾਲੀ ਦਲ ਦੇ ਮੋਜੂਦਾ ਸੰਸਦ ਮੈਂਬਰ ਅਤੇ ਇਸ ਹਲਕੇ ਤੋਂ ਦੋਬਾਰਾ ਚੋਣ ਲੜ੍ਹ ਰਹੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਉਨ੍ਹਾਂ ਨੂੰ ਬਾਹਰੀ ਉਮੀਦਵਾਰ ਕਹਿਣ ਸਬੰਧੀ ਮੁਨੀਸ਼ ਤਿਵਾੜੀ ਨੇ ਕਿਹਾ ਕਿ ਜੇ ਮੈਂ ਬਾਹਰੀ ਹਾਂ ਤਾਂ ਚੰਦੂਮਾਜਰਾ ਵੀ ਤਾਂ ਪਟਿਆਲਾ ਤੋਂ ਹੀ ਹੈ। ਉਨ੍ਹਾਂ ਕਿਹਾ ਕਿ ਮੇਰਾ ਜਨਮ ਚੰਡੀਗੜ੍ਹ ਦਾ ਹੈ ਅਤੇ ਮੈਂ ਆਪਣੀ ਪੜ੍ਹਾਈ ਵੀ ਉੱਥੋਂ ਹੀ ਕੀਤੀ ਹੈ, ਇਸ ਲਈ ਮੈਂ ਬਾਹਰੀ ਨਹੀਂ ਸਗੋਂ ਹਲਕੇ ਦਾ ਹੀ ਹਾਂ। ਚੰਦੂ ਮਾਜਰਾ ਵੱਲੋਂ ਕਾਂਗਰਸ 'ਤੇ ਧੜੇਵਾਜ਼ੀ ਸਬੰਧੀ ਕੀਤੀ ਬਿਆਨਬਾਜ਼ੀ ਦੇ ਪੁੱਛੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ 'ਚ ਕੋਈ ਧੜੇਬਾਜ਼ੀ ਨਹੀਂ ਅਸੀਂ ਸਾਰੀਆਂ ਸੀਟਾਂ ਜਿਤਾਂਗੇ ਅਤੇ ਇਨ੍ਹਾਂ ਦੀਆਂ ਬੂੰਦੀਆਂ ਉਡਾ ਦਿਆਂਗੇ।

PunjabKesari
ਮੋਦੀ ਨੇ ਦੇਸ਼ ਦੇ ਗਰੀਬਾਂ ਬਾਰੇ ਸੋਚਣ ਦੀ ਬਜਾਏ ਦੇਸ਼ ਦੇ ਧਨਾਢਾਂ ਬਾਰੇ ਸੋਚਿਆ
ਤੁਸੀਂ ਕੀ ਕੀ ਮੁੱਦੇ ਲੈ ਕੇ ਹਲਕੇ ਦੇ ਲੋਕਾਂ ਕੋਲ ਜਾਓਗੇ ਦਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਅਸੀਂ ਮੋਦੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨਾਲ 15 ਲੱਖ ਰੁਪਏ ਸਬੰਧੀ ਬੋਲੇ ਝੂਠ, ਰਾਫੇਲ ਸੋਦੇ 'ਚ ਅਰਬਾਂ ਰੁਪਏ ਦੇ ਕੀਤੇ ਘਪਲੇ, ਬਿਨ੍ਹਾਂ ਯੋਜਨਾ ਤੋਂ ਕੀਤੀ ਨੋਟਬੰਦੀ ਵਰਗੇ ਹੋਰ ਬਹੁਤ ਸਾਰੇ ਝੂਠ ਅਤੇ ਅਸਫਲਤਾਵਾਂ ਦਾ ਖੁਲਾਸਾ ਕਰਨ ਦੇ ਨਾਲ ਜਨਤਾ ਨੂੰ ਇਹ ਵੀ ਦੱਸਾਂਗੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਗਰੀਬ ਲੋਕਾਂ ਲਈ ਸੋਚਣ ਦੀ ਬਜਾਏ ਸਿਰਫ ਦੇਸ਼ ਦੇ ਧਨਾਢਾਂ ਬਾਰੇ ਹੀ ਸੋਚਿਆ, ਜਿਸ ਕਾਰਨ ਸਰਕਾਰ ਦੇ ਇਨ੍ਹਾਂ ਪੰਜ ਸਾਲਾਂ 'ਚ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋਇਆ ਹੈ। 
ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਨੂੰ ਪਿਛਲੀਆਂ ਕਾਂਗਰਸੀ ਸਰਕਾਰਾਂ ਵੇਲੇ ਹੋਏ ਦੇਸ਼ ਦੇ ਵਿਕਾਸ ਸਬੰਧੀ ਵਿਸਥਾਰ ਸਹਿਤ ਦੱਸ ਕੇ ਆਪਣੇ ਲਈ ਵੋਟਾਂ ਦੀ ਮੰਗ ਕਰਨਗੇ। ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ 'ਚ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਹਰੇਕ ਗਰੀਬ ਨੂੰ 72 ਹਜਾਰ ਰੁਪਏ ਸਾਲਾਨਾ ਦਿੱਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਇਸ ਵਾਅਦੇ ਨੂੰ ਬਾਖੂਬੀ ਨਿਭਾਵਾਂਗੇ ਅਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਮਿਡਲ ਕਲਾਸ ਲੋਕਾਂ ਤੇ ਕੋਈ ਵਾਧੂ ਬੋਝ ਨਹੀਂ ਪਾਇਆ ਜਾਵੇਗਾ। ਇਸ ਮੋਕੇ ਉਨ੍ਹਾਂ ਨਾਲ ਹਲਕੇ ਦੇ ਵਿਧਾਇਕ ਅਤੇ ਸਪੀਕਰ ਰਾਣਾ ਕੇ ਪੀ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਬਲਬੀਰ ਸਿੰਘ ਸਿੱਧੂ ਦੋਵੇਂ ਕੈਬਨਿਟ ਮੰਤਰੀ, ਵਿਧਾਇਕ ਜੀ ਪੀ ਸਿੰਘ ਅਤੇ ਅੰਗਦ ਸਿੰਘ ਨਵਾਂਸ਼ਹਿਰ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਜ਼ਿਲਾ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਤਰਲੋਚਨ ਸਿੰਘ ਸੂੰਢ, ਹਰਕੇਸ਼ ਸ਼ਰਮਾਂ ਮੋਹਾਲੀ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ।


author

shivani attri

Content Editor

Related News