ਟੀਟੂ ਬਾਣੀਏ ਨੇ ਦਿੱਤੀ ਬੈਂਸ ਨੂੰ ਨਸੀਹਤ
Friday, Sep 13, 2019 - 05:28 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਇਕ ਵਧੀਆ ਲੀਡਰ ਮੰਨਦਿਆਂ ਹਾਸਰਸ ਕਲਾਕਾਰ ਅਤੇ ਐੱਮ. ਪੀ. ਦੀ ਚੋਣ ਲੜ ਚੁੱਕੇ ਟੀਟੂ ਬਾਣੀਏ ਨੇ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਦੀ ਆਵਾਜ਼ ਉਠਾਉਂਦਿਆਂ ਆਪਣੀ ਬਾਣੀ ਨੂੰ ਸੰਜਮ ਵਿਚ ਰੱਖਣ ਅਤੇ ਬਟਾਲਾ ਵਿਖੇ ਡਿਪਟੀ ਕਮਿਸ਼ਨਰ ਨਾਲ ਕੀਤੀ ਗਈ ਬਦਸਲੂਕੀ ਦੀ ਮੁਆਫੀ ਮੰਗਣ ਕਿਉਂਕਿ ਡਿਪਟੀ ਕਮਿਸ਼ਨਰ ਇਸ ਜ਼ਿਲੇ ਦਾ ਮਾਲਕ ਹੈ ਅਤੇ ਆਈ. ਏ. ਐੱਸ. ਅਫਸਰ ਹੈ। ਉਸ ਨੇ ਆਪਣੀ ਡਿਊਟੀ ਸੰਵਿਧਾਨ ਵਿਚ ਰਹਿ ਕੇ ਨਿਭਾਉਣੀ ਹੈ, ਜੇਕਰ ਅੱਜ ਡੀ. ਸੀ. ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇ ਤਾਂ ਐੱਮ. ਪੀ. ਜਾਂ ਐੱਮ. ਐੱਲ. ਏ. ਚੋਣ ਲੜ ਕੇ ਵਿਧਾਇਕ ਜਾਂ ਐੱਮ. ਪੀ. ਬਣ ਸਕਦਾ ਹੈ ਪਰ ਤੁਸੀਂ ਅਸਤੀਫਾ ਦੇ ਕੇ ਡੀ. ਸੀ. ਨਹੀਂ ਬਣ ਸਕਦੇ। ਇਸ ਲਈ ਅਹੁਦੇ ਦਾ ਸਨਮਾਨ ਵੀ ਜ਼ਰੂਰੀ ਹੈ।
ਉਨ੍ਹਾਂ ਬੈਂਸ ਦੇ ਕੀਤੇ ਲੋਕ ਹਿੱਤ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧੀਆ ਅਕਸ ਵਾਲੇ ਅਤੇ ਨਿਧੜਕ ਲੀਡਰ ਮੰਨਦਿਆਂ ਡੀ. ਸੀ. ਨੂੰ ਅਪੀਲ ਕੀਤੀ ਹੈ ਕਿ ਉਹ ਬੈਂਸ ਵਿਰੁੱਧ ਦਰਜ ਕਰਵਾਇਆ ਕੇਸ ਵਾਪਸ ਲੈ ਲੈਣ ਕਿਉਂਕਿ ਬੈਂਸ ਦਾ ਇਹ ਮਾਮਲਾ ਆਪਣੇ ਹਿੱਤ ਲਈ ਨਹੀਂ, ਸਗੋਂ ਬਲਾਸਟ ਵਿਚ ਮਰਨ ਵਾਲੇ ਪੀੜਤਾਂ ਦੇ ਪਰਿਵਾਰਾਂ ਦੀ ਆਵਾਜ਼ ਦਾ ਸੀ। ਇਸ ਨੂੰ ਸੁਲਝਾ ਲੈਣਾ ਹੀ ਸਮਝਦਾਰੀ ਹੈ।