ਘੱਟ ਵਿਆਜ ''ਤੇ ਲੋਨ ਲੈਣ ਦੇ ਚੱਕਰ ''ਚ ਗੁਆ ਬੈਠੇ ਲੱਖਾਂ ਰੁਪਏ, ਜਾਅਲੀ ਨਿਕਲਿਆ ਜੂਨੀਅਰ ਮੈਨੇਜਰ
Wednesday, Mar 19, 2025 - 02:54 PM (IST)

ਭਵਾਨੀਗੜ੍ਹ (ਕਾਂਸਲ): ਸ਼ਾਤਰ ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦਿਆਂ ਨਵੇ ਨਵੇ ਢੰਗ ਤਰੀਕੇ ਆਪਣਾਉਂਦਿਆਂ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾ ਕੇ ਠੱਗੀ ਮਾਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ। ਜਿਸ ਦੇ ਚਲਦਿਆਂ ਹੀ ਇਕ ਸ਼ਾਤਰ ਠੱਗ ਵੱਲੋਂ ਘਰਾਂ ਅਤੇ ਪਸ਼ੂਆਂ ਲਈ ਘੱਟ ਵਿਆਜ ਦਰ ਅਤੇ ਸਬਸਿਡੀ ਉੱਪਰ ਲੋਨ ਦਵਾਉਣ ਦਾ ਝਾਂਸਾ ਦੇ ਕੇ ਇਲਾਕੇ ਅੰਦਰ 4 ਵਿਅਕਤੀਆਂ ਨਾਲ ਕਰੀਬ ਸਾਢੇ 7 ਲੱਖ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਸਬੰਧੀ ਪੁਲਸ ਵੱਲੋਂ ਨਾ-ਮਾਲੂਮ ਵਿਅਕਤੀ ਵਿਰੁੱਧ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਨੂੰ ਜਲਦ ਮਿਲਣ ਜਾ ਰਿਹੈ ਵੱਡਾ ਤੋਹਫ਼ਾ! ਅਗਲੇ 2-3 ਮਹੀਨਿਆਂ ਅੰਦਰ...
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸਮਸ਼ੇਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕਪਿਆਲ ਵਲੋਂ ਕੀਤੀ ਗਈ ਸ਼ਿਕਾਇਤ ’ਚ ਉਸ ਨੇ ਦੱਸਿਆ ਕਿ ਉਸ ਦੀ ਜਾਣ ਪਛਾਣ ਵਾਲੇ ਰਾਮ ਸਰੂਪ ਫ਼ੌਜੀ ਵਾਸੀ ਸਲਾਰ ਜ਼ਿਲ੍ਹਾ ਮਾਲੇਰਕੋਟਲਾ ਨੇ ਦਸੰਬਰ 2024 ’ਚ ਉਸ ਦੀ ਗੁਰਵਿੰਦਰ ਸਿੰਘ ਨਾਮਕ ਇਕ ਵਿਅਕਤੀ ਨਾਲ ਮੁਲਾਕਾਤ ਕਰਵਾਈ ਸੀ। ਜਿਸ ਨੇ ਆਪਣੇ ਆਪ ਨੂੰ ਸੰਗਰੂਰ ਦਾ ਰਹਿਣ ਵਾਲਾ ਦੱਸਿਆ ਤੇ ਕਿਹਾ ਸੀ ਕਿ ਉਹ ਇਕ ਬੈਂਕ ’ਚ ਜੂਨੀਅਰ ਮੈਨੇਜਰ ਹੈ ਅਤੇ ਉਹ ਪਸ਼ੂਆਂ ਤੇ ਘਰਾਂ ਉੱਪਰ ਘੱਟ ਵਿਆਜ ਦਰ ਅਤੇ ਸਬਸਿਡੀ ’ਤੇ ਲੋਨ ਕਰਵਾਉਂਦਾ ਹੈ।
ਫਿਰ ਕੁਝ ਦਿਨਾਂ ਬਾਅਦ ਜਦੋਂ ਉਹ ਫਿਰ ਰਾਮ ਸਰੂਪ ਫ਼ੌਜੀ ਕੋਲ ਗਿਆ ਤਾਂ ਉੱਥੇ ਮੇਜਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਨਾਗਰਾ, ਅਵਤਾਰ ਸਿੰਘ ਭੋਲਾ ਪੁੱਤਰ ਨਛੱਤਰ ਸਿੰਘ ਵਾਸੀ ਝਨੇੜੀ ਅਤੇ ਹਰਭਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਰਵਿਦਾਸ ਕਲੋਨੀ ਭਵਾਨੀਗੜ੍ਹ ਵੀ ਮੌਜੂਦ ਸਨ ਤੇ ਇਸ ਦੌਰਾਨ ਗੁਰਵਿੰਦਰ ਸਿੰਘ ਨੇ ਉਸ ਦਾ ਅੱਠ ਲੱਖ ਦਾ ਲੋਨ ਕਰਵਾਉਣ ਦਾ ਵਾਅਦਾ ਕਰਕੇ ਉਸਦੀ ਫਾਇਲ ਭਰੀ ਤੇ ਉਸ ਦੇ ਸਾਹਮਣੇ ਹੀ ਉਥੇ ਬੈਠੇ ਹੋਏ ਉਕਤ ਵਿਅਕਤੀਆਂ ਦਾ ਲੋਨ ਕਰਵਾਉਣ ਲਈ ਉਸ ਵੱਲੋਂ ਫਾਇਲਾਂ ਭਰੀਆ ਗਈਆਂ ਸੀ। ਜਿਸ ਤੋਂ ਬਾਅਦ ਉਸ ਨੇ ਸਾਨੂੰ ਭਰੋਸੇ ’ਚ ਲੈਣ ਦੇ ਲਈ ਇਕ ਹੋਰ ਵਿਅਕਤੀ ਨਾਲ ਫੋਨ ਉਪਰ ਗੱਲਬਾਤ ਕਰਵਾਈ ਜੋ ਆਪਣੇ ਆਪ ਨੂੰ ਬੈਂਕ ਦਾ ਮੁੱਖ ਮੈਨੇਜਰ ਦੱਸ ਰਿਹਾ ਸੀ ਤੇ ਇਸ ਤਰ੍ਹਾਂ ਸਾਨੂੰ ਇਹ ਯਕੀਨ ਹੋ ਗਿਆ ਕਿ ਇਹ ਸਾਡਾ ਲੋਨ ਪਾਸ ਕਰਵਾ ਦੇਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਵੱਡਾ ਬਦਲਾਅ ਕਰਨ ਜਾ ਰਹੀ ਮਾਨ ਸਰਕਾਰ
ਉਨ੍ਹਾਂ ਦੱਸਿਆ ਕਿ ਆਪਣੇ ਆਪ ਨੂੰ ਜੂਨੀਅਰ ਮੈਨੇਜ਼ਰ ਦੱਸਣ ਵਾਲੇ ਉਕਤ ਵਿਅਕਤੀ ਨੇ ਉਸ ਨੇ ਕਿਹਾ ਕਿ ਅਗਰ ਕੋਈ ਚੈਕਿੰਗ ਕਰਨ ਦੇ ਲਈ ਆਵੇਗਾ ਤਾਂ ਤੁਹਾਨੂੰ ਕੁਝ ਰਾਸ਼ੀ ਬੈਂਕ ਖਾਤੇ ’ਚ ਜਮ੍ਹਾਂ ਕਰਵਾਉਣੀ ਪਵੇਗੀ ਤੇ ਲੋਨ ਪਾਸ ਹੋਣ ਤੋਂ ਬਾਅਦ ਇਹ ਰਾਸ਼ੀ ਲੋਨ ਵਾਲੀ ਰਾਸ਼ੀ ਸਮੇਤ ਤੁਹਾਨੂੰ ਵਾਪਸ ਮਿਲ ਜਾਵੇਗੀ। ਜਿਸ ਤੋਂ ਬਾਅਦ ਉੱਕਤ ਵਿਅਕਤੀ ਨੇ ਉਨ੍ਹਾਂ ਕੋਲੋਂ ਲੋਨ ਕਰਵਾਉਣ ਦੇ ਲਈ ਫਾਇਲ ਖ਼ਰਚੇ ਅਤੇ ਬੈਂਕ ’ਚ ਰਾਸ਼ੀ ਜਮ੍ਹਾਂ ਕਰਵਾਉਣ ਦੇ ਰੂਪ ’ਚ ਸਮਸ਼ੇਰ ਸਿੰਘ ਤੋਂ 2 ਲੱਖ 13 ਹਜ਼ਾਰ ਰੁਪਏ, ਅਵਤਾਰ ਸਿੰਘ ਤੋਂ 2 ਲੱਖ 60 ਹਜ਼ਾਰ ਰੁਪਏ, ਮੇਜਰ ਸਿੰਘ ਤੋਂ 2 ਲੱਖ 16 ਹਜ਼ਾਰ ਰੁਪਏ ਅਤੇ ਹਰਭਿੰਦਰ ਸਿੰਘ ਤੋਂ 53 ਹਜ਼ਾਰ ਰੁਪਏ ਦੀ ਰਾਸ਼ੀ ਲੈ ਲਈ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਫਿਰ ਜਦੋਂ ਉਨ੍ਹਾਂ ਨੇ ਜਨਵਰੀ 2025 ਵਿਚ ਗੁਰਵਿੰਦਰ ਸਿੰਘ ਨਾਲ ਫ਼ੋਨ ’ਤੇ ਆਪਣੇ ਲੋਨ ਸਬੰਧੀ ਗੱਲਬਾਤ ਕੀਤੀ ਤਾਂ ਉਸ ਨੇ ਭਰੋਸਾ ਦਿੱਤਾ ਕਿ ਤੁਹਾਡੀ ਲੋਨ ਦੀ ਰਾਸ਼ੀ ਜਲਦੀ ਹੀ ਤੁਹਾਡੇ ਖਾਤਿਆਂ ਵਿਚ ਪੈ ਜਾਵੇਗੀ। ਪਰ ਕਾਫ਼ੀ ਸਮਾਂ ਉਡੀਕ ਕਰਨ ’ਤੇ ਵੀ ਜਦੋਂ ਉਨ੍ਹਾਂ ਦੇ ਖਾਤਿਆਂ ’ਚ ਕੋਈ ਵੀ ਰਾਸ਼ੀ ਨਾ ਆਈ ਤਾਂ ਜਦੋਂ ਉਨ੍ਹਾਂ ਨੇ ਗੁਰਵਿੰਦਰ ਸਿੰਘ ਨਾਲ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਫੋਨ ਬੰਦ ਆਉਣ ਲੱਗਾ ਤੇ ਫਿਰ ਜਦੋਂ ਉਨ੍ਹਾਂ ਵੱਲੋਂ ਗੁਰਵਿੰਦ ਸਿੰਘ ਦੁਆਰਾ ਉਨ੍ਹਾਂ ਨੂੰ ਦੱਸੇ ਹੋਏ ਪਤੇ ’ਤੇ ਸੰਗਰੂਰ ਜਾ ਕੇ ਉਸ ਦਾ ਪਤਾ ਕੀਤਾ ਤਾਂ ਇਹ ਸੁਣ ਕੇ ਉਨ੍ਹਾਂ ਦੇ ਹੋਸ਼ ਉਡ ਗਏ ਕਿ ਇਸ ਨਾਮ ਦਾ ਇਥੇ ਕੋਈ ਵੀ ਵਿਅਕਤੀ ਨਹੀਂ ਰਹਿੰਦਾ। ਜਿਸ ਤੋਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਨਕਲੀ ਜੂਨੀਅਰ ਬੈਂਕ ਮੈਨੇਜਰ ਬਣੇ ਵਿਅਕਤੀ ਵੱਲੋਂ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 7 ਲੱਖ 42 ਹਜ਼ਾਰ ਰੁਪਏ ਠੱਗੀ ਮਾਰੀ ਗਈ ਹੈ। ਸਥਾਨਕ ਪੁਲਸ ਨੇ ਉੱਕਤ ਵਿਅਕਤੀਆਂ ਦੇ ਬਿਆਨਾਂ ਦੇ ਅਧਾਰ ’ਤੇ ਨਾ-ਮਾਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8