ਪਾਵਰਕਾਮ ਦੇ ਮੁਲਾਜ਼ਮਾਂ ਲਈ ਵੱਡੇ ਖ਼ਤਰੇ ਦੀ ਘੰਟੀ! ਡਿਊਟੀ ਕਰਦਿਆਂ ਕਿਸੇ ਵੀ ਵੇਲੇ ਹੋ ਸਕਦੈ...
Friday, Apr 17, 2026 - 10:14 AM (IST)
ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮਾਡਲ ਟਾਊਨ ਡਵੀਜ਼ਨ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਛਾਈ ਹੋਈ ਹੈ। ਤਾਜ਼ਾ ਮਾਮਲਾ ਅਧਿਕਾਰੀਆਂ ਵੱਲੋਂ ਪਾਵਰਕਾਮ ਵਿਭਾਗ 'ਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਦੀ ਜਾਨ ਨੂੰ ਦਾਅ ’ਤੇ ਲਗਾਉਣ ਵਰਗੇ ਗੰਭੀਰ ਮੁੱਦੇ ਦੇ ਨਾਲ ਜੁੜਿਆ ਹੋਇਆ ਹੈ। ਇਸ 'ਚ ਛੋਟੀ ਜਿਹੀ ਲਾਪਰਵਾਹੀ ਕਾਰਨ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਇਹ ਲਾਪਰਵਾਹੀ ਕਿਸੇ ਮੁਲਾਜ਼ਮ ਦੇ ਹੱਸਦੇ-ਖੇਡਦੇ ਪਰਿਵਾਰ ਨੂੰ ਮਾਤਮ ਦੇ ਗਮਗੀਨ ਮਾਹੌਲ 'ਚ ਬਦਲ ਸਕਦੀ ਹੈ। 'ਜਗ ਬਾਣੀ' ਦੇ ਫੋਟੋਗ੍ਰਾਫਰ ਵੱਲੋਂ ਕੈਮਰੇ 'ਚ ਕੈਦ ਕੀਤੀਆਂ ਖ਼ੌਫ਼ਨਾਕ ਤਸਵੀਰਾਂ ਇਸ ਸੱਚ ਨੂੰ ਬਿਆਨ ਕਰ ਰਹੀਆਂ ਹਨ ਕਿ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀ ਆਪਣੀ ਡਿਊਟੀ ਨੂੰ ਕਿੰਨੀ ਸੰਜੀਦਗੀ ਅਤੇ ਈਮਾਨਦਾਰੀ ਨਾਲ ਨਿਭਾ ਰਹੇ ਹਨ ਅਤੇ ਅਧਿਕਾਰੀ ਵਿਭਾਗ 'ਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਦੀ ਜਾਨ-ਮਾਲ ਦੀ ਕਿਸ ਕਦਰ ਪਰਵਾਹ ਕਰਦੇ ਹਨ। ਅਸਲ 'ਚ ਮਾਡਲ ਟਾਊਨ ਇਲਾਕੇ 'ਚ ਲਾਇਲਪੁਰ ਸਵੀਟਸ ਦੇ ਠੀਕ ਸਾਹਮਣੇ ਪੈਂਦੀ ਮੁੱਖ ਸੜਕ ’ਤੇ ਕਈ ਫੁੱਟ ਉਚਾਈ ’ਤੇ ਲੱਗੇ ਬਿਜਲੀ ਦੇ ਖੰਭੇ ’ਤੇ ਚੜ੍ਹਿਆ ਮੁਲਾਜ਼ਮ ਬਿਨਾਂ ਸੇਫਟੀ ਬੈਲਟ, ਹੈਲਮਟ ਅਤੇ ਬਿਨਾਂ ਕਿਸੇ ਸੁਰੱਖਿਆ ਦੇ ਬਿਜਲੀ ਦਾ ਕੰਮ ਕਰ ਰਿਹਾ ਹੈ, ਜੋ ਕਿ ਕਿਸੇ ਵੀ ਸਮੇਂ ਕਿਸੇ ਜਾਨਲੇਵਾ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਪਾਵਰਕਾਮ ਅਧਿਕਾਰੀਆਂ ਦੀ ਅਣਦੇਖੀ ਕਾਰਨ ਪੰਜਾਬ ਭਰ 'ਚ ਇਸ ਤੋਂ ਪਹਿਲਾਂ ਵੀ ਕਈ ਵਾਰ ਹੋਏ ਜਾਨਲੇਵਾ ਹਾਦਸਿਆਂ 'ਚ ਕਈ ਬੇਗੁਨਾਹ ਮੁਲਾਜ਼ਮਾਂ ਦੀਆਂ ਦਰਦਨਾਕ ਮੌਤਾਂ ਹੋ ਚੁੱਕੀਆਂ ਹਨ, ਜਿਸ ਕਾਰਨ ਸਰਕਾਰ ਅਤੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਦੀ ਜੰਮ ਕੇ ਕਿਰਕਿਰੀ ਹੋਈ ਹੈ। ਹੈਰਾਨੀਜਨਕ ਹੈ ਕਿ ਬਾਵਜੂਦ ਇਸ ਦੇ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕੋਈ ਸਬਕ ਨਹੀਂ ਲਿਆ ਜਾਂ ਇੰਝ ਕਹੋ ਕਿ ਪਾਵਰਕਾਮ ਅਧਿਕਾਰੀਆਂ ਨੂੰ ਵਿਭਾਗ 'ਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਦੀ ਜਾਨ-ਮਾਲ ਦਾ ਕੋਈ ਫ਼ਿਕਰ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਜਾਰੀ ਹੋਈ ADVISORY, ਦੁਪਹਿਰ 12 ਤੋਂ 3 ਵਜੇ ਤੱਕ ਨਾ ਨਿਕਲੋ ਬਾਹਰ
ਪੂਰੇ ਸਿਸਟਮ ਨੂੰ ਮੂੰਹ ਚਿੜ੍ਹਾ ਰਹੇ ਹਨ ਅਧਿਕਾਰੀ : ਅਰਵਿੰਦਰ ਸ਼ਰਮਾ
ਪ੍ਰਸਿੱਧ ਸਮਾਜਸੇਵੀ ਅਤੇ ਆਰ. ਟੀ. ਆਈ. ਐਕਟੀਵਿਸਟ ਅਰਵਿੰਦ ਸ਼ਰਮਾ ਨੇ ਦੋਸ਼ ਲਾਇਆ ਕਿ ਪਾਵਰਕਾਮ ਵਿਭਾਗ ਦੇ ਅਧਿਕਾਰੀ ਪੂਰੇ ਸਿਸਟਮ ਨੂੰ ਹੀ ਮੂੰਹ ਚਿੜ੍ਹਾ ਰਹੇ ਹਨ ਕਿਉਂਕਿ ਕਈ ਫੁੱਟ ਉਚਾਈ ’ਤੇ ਮੁਲਾਜ਼ਮ ਬਿਨਾਂ ਕਿਸੇ ਸੁਰੱਖਿਆ ਤੰਤਰ ਦੇ ਕੰਮ ਕਰ ਰਹੇ ਹਨ, ਜਿਸ ਕਾਰਨ ਕਿਸੇ ਵੀ ਸਮੇਂ ਦਰਦਨਾਕ ਹਾਦਸਾ ਵਾਪਰ ਸਕਦਾ ਹੈ, ਜਦੋਂਕਿ ਕੰਮ ਕਰਨ ਦੌਰਾਨ ਪਾਵਰਕਾਮ ਵਿਭਾਗ ਵੱਲੋਂ ਸੜਕ ਤੋਂ ਗੁਜ਼ਰਨ ਵਾਲੇ ਆਮ ਨਾਗਰਿਕਾਂ ਤੇ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਕਿਸੇ ਵੀ ਤਰ੍ਹਾਂ ਦੇ ਬੈਰੀਕੇਡਟਸ ਨਹੀਂ ਲਗਾਏ ਗਏ, ਜੋ ਕਿ ਵਿਭਾਗ ਦੀ ਵੱਡੀ ਲਾਪਰਵਾਹੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਪਾਵਰਕਾਮ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ, ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
ਕੀ ਕਹਿੰਦੇ ਹਨ ਐਕਸੀਅਨ ਮਾਡਲ ਟਾਊਨ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮਾਡਲ ਟਾਊਨ ਡਵੀਜ਼ਨ 'ਚ ਤਾਇਨਾਤ ਐਕਸੀਅਨ ਤਰਸੇਮ ਲਾਲ ਬੈਂਸ ਨੇ ਆਪਣੇ ਹੀ ਅਧਿਕਾਰ ਖੇਤਰ 'ਚ ਬਿਨਾਂ ਸੇਫਟੀ ਬੈਲਟ ਲਗਾ ਕੇ ਖ਼ਤਰਨਾਕ ਤਰੀਕੇ ਨਾਲ ਕੰਮ ਕਰ ਰਹੇ ਮੁਲਾਜ਼ਮਾਂ ਸਬੰਧੀ ਅਣਜਾਣਪੁਣਾ ਦਿਖਾਉਂਦੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰਨਗੇ ਕਿ ਕਿਸ ਠੇਕੇਦਾਰ ਵੱਲੋਂ ਮੁਲਾਜ਼ਮਾਂ ਦੀ ਜਾਨ ਜ਼ੋਖਮ 'ਚ ਪਾਈ ਜਾ ਰਹੀ ਹੈ। ਇੱਥੇ ਇਸ ਗੱਲ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਮੁਲਾਜ਼ਮਾਂ ਤੋਂ ਕੰਮ ਕਰਵਾਉਣ ਵਾਲਾ ਠੇਕੇਦਾਰ ਚਾਹੇ ਕੋਈ ਵੀ ਕਿਉਂ ਨਾ ਹੋਵੇ, ਹਾਦਸੇ ਹੋਣ ’ਤੇ ਬਦਨਾਮੀ ਸਿਰਫ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕੰਮ ਕਰਨ ਦੌਰਾਨ ਹੋਏ ਹਾਦਸਿਆਂ 'ਚ ਮੁਲਾਜ਼ਮਾਂ ਦੀ ਮੌਤ ਹੋਣ ’ਤੇ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਅਤੇ ਹੜਤਾਲ ਕੀਤੀ ਗਈ ਹੈ, ਜਿਸ ਕਾਰਨ ਪੂਰੇ ਸ਼ਹਿਰ 'ਚ ਬਿਜਲੀ ਦੀ ਸਪਲਾਈ ਵਿਵਸਥਾ ਠੱਪ ਪੈ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
