ਕੜਾਕੇ ਦੀ ਠੰਡ ਤੋਂ ਬਚਣ ਦਾ ਜੁਗਾੜ ਲਾਉਣ ਵਾਲਿਓ, ਪੜ੍ਹ ਲਓ ਇਹ ਖ਼ਬਰ

Tuesday, Jan 10, 2023 - 12:23 PM (IST)

ਕੜਾਕੇ ਦੀ ਠੰਡ ਤੋਂ ਬਚਣ ਦਾ ਜੁਗਾੜ ਲਾਉਣ ਵਾਲਿਓ, ਪੜ੍ਹ ਲਓ ਇਹ ਖ਼ਬਰ

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਸ ਸਮੇਂ ਹਰ ਕੋਈ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਠੰਡ ਤੋਂ ਬਚਣ ਹਰ ਕੋਈ ਆਪੋ-ਆਪਣੇ ਤਰੀਕੇ ਜੁਗਾੜ ਲਾ ਰਿਹਾ ਹੈ। ਕੋਈ ਘਰਾਂ 'ਚ ਅੰਗੀਠੀ ਬਾਲ ਰਿਹਾ ਹੈ ਤਾਂ ਕੋਈ ਹੀਟਰ ਦੀ ਵਰਤੋਂ ਕਰ ਰਿਹਾ ਹੈ। ਅਜਿਹੇ ਲੋਕਾਂ ਲਈ ਇਹ ਖ਼ਬਰ ਬਹੁਤ ਕੰਮ ਦੀ ਹੈ। ਦਰਅਸਲ ਠੰਡ ਤੋਂ ਬਚਣ ਲਈ ਬੰਦ ਕਮਰੇ ’ਚ ਅੰਗੀਠੀ ਦੀ ਵਰਤੋਂ ਘਾਤਕ ਹੋ ਸਕਦੀ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਸੁਚੇਤ ਰਹੋ। ਅੰਗੀਠੀ ’ਚ ਵਰਤੇ ਗਏ ਕੋਲੇ ਜਾਂ ਲੱਕੜ ਨੂੰ ਸਾੜਨ ਨਾਲ ਕਾਰਬਨ ਮੋਨੋਆਕਸਾਈਡ ਤੋਂ ਇਲਾਵਾ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਘਾਤਕ ਸਿੱਧ ਹੁੰਦੀਆਂ ਹਨ।

ਇਹ ਵੀ ਪੜ੍ਹੋ : ਫਗਵਾੜਾ 'ਚ ਲੁਟੇਰਿਆਂ ਦੀ ਗੋਲੀ ਨਾਲ ਸ਼ਹੀਦ ਹੋਏ ਪੁਲਸ ਮੁਲਾਜ਼ਮ ਦੇ ਪਰਿਵਾਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਅੰਗੀਠੀ ਹੀ ਨਹੀਂ, ਖ਼ਤਰਾ ਰੂਮ ਹੀਟਰ ਤੋਂ ਵੀ ਹੋ ਸਕਦੈ
ਡਾ. ਮਨਪ੍ਰੀਤ ਸਿੱਧੂ ਦਾ ਕਹਿਣਾ ਹੈ ਕਿ ਕੋਲੇ ਜਾਂ ਬੋਨਫਾਇਰ ਨੂੰ ਜਲਾਉਣ ਨਾਲ ਕਾਰਬਨ ਤੋਂ ਇਲਾਵਾ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ। ਜੇਕਰ ਬੰਦ ਕਮਰੇ ’ਚ ਕੋਲਾ ਸੜਦਾ ਹੈ ਤਾਂ ਇਸ ਨਾਲ ਵਾਤਾਵਰਣ ’ਚ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਆਕਸੀਜਨ ਦਾ ਪੱਧਰ ਘੱਟਦਾ ਹੈ। ਇਹ ਕਾਰਬਨ ਸਿੱਧਾ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਾਹ ਰਾਹੀਂ ਸਰੀਰ ਦੇ ਅੰਦਰ ਵੀ ਪਹੁੰਚਦਾ ਹੈ। ਕਮਰੇ ’ਚ ਸੌਣ ਵਾਲਾ ਕੋਈ ਵੀ ਵਿਅਕਤੀ ਦਿਮਾਗ ’ਤੇ ਅਸਰ ਕਰ ਕੇ ਬੇਹੋਸ਼ ਹੋ ਸਕਦਾ ਹੈ। ਇਹ ਕਾਰਬਨ ਖੂਨ ’ਚ ਘੁਲ ਜਾਂਦਾ ਹੈ ਅਤੇ ਹੌਲੀ-ਹੌਲੀ ਆਕਸੀਜਨ ਨੂੰ ਘਟਾਉਂਦਾ ਹੈ। ਬੰਦ ਕਮਰੇ ’ਚ ਬਲੋਅਰ ਜਾਂ ਹੀਟਰ ਨੂੰ ਲੰਬੇ ਸਮੇਂ ਤੱਕ ਚਲਾਉਣ ਨਾਲ ਕਮਰੇ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਨਮੀ ਦਾ ਪੱਧਰ ਘੱਟ ਜਾਂਦਾ ਹੈ। ਇਸ ਕਾਰਨ ਆਮ ਲੋਕਾਂ ਨੂੰ ਵੀ ਸਾਹ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਹੀਟਰ ਦੀ ਵਰਤੋਂ ਕਰਦੇ ਹੋ, ਤਾਂ ਕੁੱਝ ਹੱਦ ਤੱਕ ਨਮੀ ਬਣਾਈ ਰੱਖਣ ਲਈ ਕਮਰੇ ’ਚ ਪਾਣੀ ਦੀ ਇਕ ਬਾਲਟੀ ਰੱਖੋ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਸੁੱਕੀ ਠੰਡ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਕਿਵੇਂ ਜਾਂਦੀ ਹੈ ਜਾਨ
ਡਾ. ਮਨਪ੍ਰੀਤ ਸਿੱਧੂ ਦਾ ਕਹਿਣਾ ਹੈ ਕਿ ਹੀਟਰ, ਬਲੋਅਰ ਜਾਂ ਚੁੱਲ੍ਹਾ ਜਲਾਉਂਦੇ ਸਮੇਂ ਕਮਰੇ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਨਾ ਚਾਹੀਦਾ। ਗਰਮੀ ਕਾਰਨ ਕਮਰੇ ਦੀ ਆਕਸੀਜਨ ਹੌਲੀ-ਹੌਲੀ ਖ਼ਤਮ ਹੋ ਜਾਂਦੀ ਹੈ ਅਤੇ ਕਾਰਬਨ ਮੋਨੋਆਕਸਾਈਡ ਵੱਧਣ ਲੱਗਦੀ ਹੈ। ਇਹ ਜ਼ਹਿਰੀਲੀ ਗੈਸ ਸਾਹ ਰਾਹੀਂ ਫੇਫੜਿਆਂ ਤੱਕ ਪਹੁੰਚਦੀ ਹੈ ਅਤੇ ਖੂਨ ’ਚ ਰਲ ਜਾਂਦੀ ਹੈ। ਇਸ ਕਾਰਨ ਖੂਨ ’ਚ ਹੀਮੋਗਲੋਬਿਨ ਦਾ ਪੱਧਰ ਘੱਟ ਜਾਂਦਾ ਹੈ ਅਤੇ ਬੇਹੋਸ਼ੀ ਸ਼ੁਰੂ ਹੋ ਜਾਂਦੀ ਹੈ ਅਤੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਜੇਕਰ ਕਮਰੇ ’ਚ ਇਕ ਤੋਂ ਵੱਧ ਵਿਅਕਤੀ ਸੌਂ ਰਹੇ ਹੋਣ ਤਾਂ ਜ਼ਿਆਦਾ ਦੇਰ ਤੱਕ ਅੱਗ ਨਾ ਬਾਲੋ, ਕਿਉਂਕਿ ਜ਼ਿਆਦਾ ਲੋਕ ਹੋਣ ਕਾਰਨ ਕਮਰੇ ’ਚ ਆਕਸੀਜਨ ਦੀ ਹੋਰ ਕਮੀ ਹੁੰਦੀ ਹੈ। ਸਿੱਧੂ ਦਾ ਕਹਿਣਾ ਹੈ ਕਿ ਸਭ ਤੋਂ ਜ਼ਰੂਰੀ ਹੈ ਕਿ ਵੈਂਟੀਲੇਸ਼ਨ (ਹਵਾ ਦਾ ਆਰ-ਪਾਰ ਹੋਣਾ)। ਜਿੱਥੇ ਵੈਂਟੀਲੇਸ਼ਨ ਨਹੀਂ ਹੈ, ਉੱਥੇ ਖ਼ਤਰਾ ਹੈ। ਜੇਕਰ ਤੁਸੀਂ ਗਰਮਾਹਟ ਲਈ ਕੋਲਾ ਜਾਂ ਲੱਕੜ ਬਾਲਦੇ ਹੋ ਤਾਂ ਇਸ ਤੋਂ ਨਿਕਲਣ ਵਾਲੀ ਕਾਰਬਨ ਮੋਨੋਡਾਇਆਕਸਾਈਡ ਗੈਸ ਨਾਲ ਦਮ ਘੁੱਟ ਸਕਦਾ ਹੈ। ਖ਼ਾਸ ਤੌਰ ’ਤੇ ਜਦੋਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਾ ਹੋਵੇ। ਇਥੋਂ ਤੱਕ ਕਿ ਜੇਕਰ ਤੁਸੀਂ ਕਿਸੇ ਕਾਰ ’ਚ ਵੀ ਸਿਰਫ਼ ਇੰਜਣ ਚਲਾ ਕੇ ਬੈਠ ਜਾਓ ਤਾਂ ਉਸ ਨਾਲ ਵੀ ਦਮ ਘੁੱਟ ਸਕਦਾ ਹੈ। ਡਾ. ਸਿੱਧੂ ਦੇ ਮੁਤਾਬਕ, ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਕਿਹੜਾ ਸਾਧਨ ਘੱਟ ਨੁਕਸਾਨ ਪਹੁੰਚਾਉਣ ਵਾਲਾ ਹੈ ਅਤੇ ਕਿਹੜਾ ਜ਼ਿਆਦਾ। ਗੱਲ ਸਿਰਫ਼ ਇੰਨੀ ਹੀ ਨਹੀਂ ਕਿ ਜਿੱਥੇ ਤੁਸੀਂ ਇਨ੍ਹਾਂ ਸਾਧਨਾਂ ਦੀ ਵਰਤੋਂ ਕਰ ਰਹੇ ਹੋ ਉੱਥੇ ਵੈਂਟੀਲੇਸ਼ਨ ਦੀ ਵਿਵਸਥਾ ਹੈ ਜਾਂ ਨਹੀਂ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News