ਬਾਜਵਾ ਨੂੰ ਰਾਜਪਾਲ ਸ਼ਾਸਨ ਲਾਉਣ ਦੀਆਂ ਅਟਕਲਾਂ ਲਾਉਣਾ ਸ਼ੋਭਾ ਨਹੀਂ ਦਿੰਦਾ : ਅਸ਼ਵਨੀ ਸ਼ਰਮਾ

Tuesday, Nov 25, 2025 - 11:23 AM (IST)

ਬਾਜਵਾ ਨੂੰ ਰਾਜਪਾਲ ਸ਼ਾਸਨ ਲਾਉਣ ਦੀਆਂ ਅਟਕਲਾਂ ਲਾਉਣਾ ਸ਼ੋਭਾ ਨਹੀਂ ਦਿੰਦਾ : ਅਸ਼ਵਨੀ ਸ਼ਰਮਾ

ਚੰਡੀਗੜ੍ਹ (ਅੰਕੁਰ)- ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ’ਤੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਪੰਜਾਬ ’ਚ ਚੁਣੀ ਹੋਈਆਂ ਸਰਕਾਰਾਂ ਨੂੰ ਸੱਤ ਵਾਰ ਉਖਾੜ ਕੇ ਰਾਜਪਾਲ ਸ਼ਾਸਨ ਥੋਪਿਆ, ਉਸੇ ਪਾਰਟੀ ਦੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਾਜਪਾ ’ਤੇ ਰਾਜਪਾਲ ਸ਼ਾਸਨ ਲਾਏ ਜਾਣ ਦੀ ਕਿਆਸਰਾਈ ਕਰਨਾ ਸ਼ੋਭਦਾ ਨਹੀਂ।

ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਚਾਦਰ ਓੜ੍ਹਣ ਦਾ ਨਾਟਕ ਨਾ ਕੀਤਾ ਜਾਵੇ ਕਿਉਂਕਿ ਕਾਂਗਰਸ ਦਾ ਪੂਰਾ ਇਤਿਹਾਸ ਪੰਜਾਬ ’ਚ ਕੇਂਦਰੀ ਦਖ਼ਲਅੰਦਾਜ਼ੀ, ਸਿਆਸੀ ਤੋੜ-ਮਰੋੜ ਅਤੇ ਸੂਬੇ ਨੂੰ ਅਸਥਿਰ ਕਰਨ ਨਾਲ ਜੁੜਿਆ ਹੈ। ਭਾਜਪਾ ’ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਦਹਾਕਿਆਂ ਦੇ ਕਾਲੇ ਪੰਨੇ ਵੀ ਦੇਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 1951 ਤੋਂ 1992 ਤੱਕ ਜਦੋਂ ਵੀ ਪੰਜਾਬ ’ਚ ਹਾਲਾਤ ਖ਼ਰਾਬ ਹੋਏ, ਉਸ ਪਿੱਛੇ ਕਾਂਗਰਸ ਦੀ ਹੀ ਨਾਕਾਮ ਸਿਆਸਤ ਸੀ। ਚਾਹੇ ਬਹੁਮਤ ਖੋਹਣਾ ਹੋਵੇ, ਅੰਦਰੂਨੀ ਖਿੱਚੋਤਾਣ ਹੋਵੇ ਜਾਂ ਕੇਂਦਰ ਦੀ ਮਨਮਰਜ਼ੀ, ਹਰ ਵਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਕਾਂਗਰਸ ਨੇ ਹੀ ਡਿਗਾਈ। ਅੱਜ ਸਿਆਸੀ ਮੈਦਾਨ ’ਚ ਹੱਥ ਖ਼ਾਲੀ ਹੋਣ ਕਾਰਨ ਕਾਂਗਰਸ ਲੋਕਤੰਤਰ ਅਤੇ ਸੂਬਾਈ ਹੱਕਾਂ ਦੀ ਗੱਲ ਕਰ ਰਹੀ ਹੈ।

ਉਨ੍ਹਾਂ ਨੇ ਕਾਂਗਰਸ ਦੇ ਕਾਰਜਕਾਲ ’ਚ ਲੱਗੇ ਸੱਤ ਰਾਸ਼ਟਰਪਤੀ ਸ਼ਾਸਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕੋਈ ਕੁਦਰਤੀ ਜਾਂ ਅਚਾਨਕ ਸੰਕਟ ’ਚ ਨਹੀਂ ਲੱਗੇ ਸਨ ਸਗੋਂ ਕਾਂਗਰਸ ਦੀ ਸਿਆਸੀ ਗਿਣਤੀਬਾਜ਼ੀ ਤੇ ਅੰਦਰੂਨੀ ਖੇਡਾਂ ਦੇ ਨਤੀਜੇ ਸਨ। ਕਾਂਗਰਸ ਨੇ ਆਪਣੇ ਸੁਆਰਥ ਲਈ ਪੰਜਾਬ ਨੂੰ ਕਈ ਵਾਰ ਲੋਕਤੰਤਰ ਤੋਂ ਵਾਂਝਾ ਕੀਤਾ ਤੇ ਸੂਬੇ ’ਚ ਰਾਜਪਾਲਾਂ ਰਾਹੀਂ ਆਪਣੀ ਮਰਜ਼ੀ ਚਲਾਈ। ਉਨ੍ਹਾਂ ਕਿਹਾ ਕਿ ਪਾਣੀ, ਚੰਡੀਗੜ੍ਹ ਤੇ ਕੇਂਦਰ-ਸੂਬਾ ਸਬੰਧ ਇਹ ਸਾਰੇ ਮੁੱਦੇ ਕਾਂਗਰਸ ਦੀਆਂ ਲੰਬੀਆਂ ਗ਼ਲਤੀਆਂ ਦਾ ਨਤੀਜਾ ਹਨ। ਇਹ ਜਿਹੜੇ ਮੁੱਦੇ ਖ਼ੁਦ ਸੁਲਝਾ ਨਹੀਂ ਸਕੇ, ਉਹ ਅੱਜ ਭਾਜਪਾ ’ਤੇ ਦੋਸ਼ ਲਾ ਕੇ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੁਰਾਣੀਆਂ ਗ਼ਲਤੀਆਂ ’ਤੇ ਪਰਦਾ ਨਹੀਂ ਪਾਇਆ ਜਾ ਸਕਦਾ।


author

Anmol Tagra

Content Editor

Related News