ਠੰਡ ’ਚ ਆਸਰੇ ਲਈ ਨਿਗਮ ਨੇ ਸਥਾਪਿਤ ਕੀਤੇ 8 ਰੈਣ ਬਸੇਰੇ
Thursday, Dec 04, 2025 - 01:34 PM (IST)
ਚੰਡੀਗੜ੍ਹ (ਮਨਪ੍ਰੀਤ) : ਵੱਧ ਰਹੀ ਠੰਡ ਦੇ ਮੱਦੇਨਜ਼ਰ ਨਿਗਮ ਨੇ ਰਾਤ ਸਮੇਂ ਲੋੜਵੰਦਾਂ ਨੂੰ ਆਸਰਾ ਦੇਣ ਲਈ ਆਰਜ਼ੀ ਰਹਿਣ ਬਸੇਰੇ ਸਥਾਪਿਤ ਕੀਤੇ ਹਨ। ਕਮਿਸ਼ਨਰ ਅਮਿਤ ਕੁਮਾਰ ਨੇ ਸ਼ਹਿਰ ਭਰ ’ਚ ਬਣਾਏ ਵੱਖ-ਵੱਖ ਆਸਰਾ ਘਰਾਂ ਦਾ ਵਿਆਪਕ ਨਿਰੀਖਣ ਕੀਤਾ। ਅਧਿਕਾਰੀਆਂ ਨੂੰ ਸਰਦੀਆਂ ਦੇ ਸੀਜ਼ਨ ਦੌਰਾਨ 24 ਘੰਟੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਕੁੱਲ ਅੱਠ ਆਸਰਾ ਘਰ ਪੂਰੀ ਤਰ੍ਹਾਂ ਚਾਲੂ ਹਨ, ਜੋ ਮਿਲ ਕੇ 450 ਵਿਅਕਤੀਆਂ ਲਈ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕਰਦੇ ਹਨ, ਜਿਸ ’ਚ 325 ਮਰਦਾਂ ਤੇ 125 ਔਰਤਾਂ ਲਈ ਸਥਾਨ ਸ਼ਾਮਲ ਹਨ।
ਆਸਰਾ ਘਰ ਸੈਕਟਰ 29, 20, 19, 16, 32, 34, ਆਈ. ਐੱਸ. ਬੀ. ਟੀ.-43 ਤੇ ਪੀ. ਜੀ. ਆਈ. ਸਾਹਮਣੇ ਸਥਿਤ ਹਨ। ਕਮਿਸ਼ਨਰ ਨੇ ਬਿਸਤਰਿਆਂ ਦੀ ਗੁਣਵੱਤਾ, ਸਫ਼ਾਈ, ਸੁਰੱਖਿਆ ਢਾਂਚੇ ਤੇ ਆਸਰਾ ਘਰਾਂ ਦੀ ਸਮੁੱਚੀ ਦੇਖਭਾਲ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਜ਼ਮੀਨੀ ਹਕੀਕਤਾਂ ਦਾ ਮੁਲਾਂਕਣ ਕਰਨ ਲਈ ਸਟਾਫ਼ ਤੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਤੇ ਸਾਫ਼-ਸੁਥਰੀਆਂ, ਸੁਰੱਖਿਅਤ ਤੇ ਗਰਮ ਸਹੂਲਤਾਂ ਨੂੰ ਕਾਇਮ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਕਮਿਸ਼ਨਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਰਦੀਆਂ ਦੌਰਾਨ ਕੋਈ ਵੀ ਨਾਗਰਿਕ ਖੁੱਲ੍ਹੇ ’ਚ ਨਾ ਸੋਵੇ ਤੇ ਟੀਮਾਂ ਨੂੰ ਖਾਸ ਤੌਰ ’ਤੇ ਵੱਧ ਠੰਡ ਦੌਰਾਨ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਟਾਫ਼ ਨੂੰ ਨਿਯਮਿਤ ਨਿਗਰਾਨੀ ਤੇ ਰਿਹਾਇਸ਼ੀਆਂ ਦੀਆਂ ਲੋੜਾਂ ਨੂੰ ਤੁਰੰਤ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਰਾਤ ਦੇ ਆਸਰਾ ਘਰ 1 ਦਸੰਬਰ ਤੋਂ 28 ਫਰਵਰੀ ਤੱਕ ਕਾਰਜਸ਼ੀਲ ਰਹਿਣਗੇ।
