ਮੁਲਾਜ਼ਮਾਂ ਤੇ ਫਾਇਰ ਅਮਲੇ ਦੀ ਜਾਨ ਖਤਰੇ 'ਚ!

Thursday, Feb 22, 2018 - 08:08 AM (IST)

ਨਾਭਾ (ਜੈਨ) - ਇਥੇ ਸਾਬਕਾ ਲੋਕ ਨਿਰਮਾਣ ਮੰਤਰੀ ਗੁਰਦਰਸ਼ਨ ਸਿੰਘ ਤੇ ਸਾਬਕਾ ਸਿਹਤ ਮੰਤਰੀ ਜਨਰਲ ਸ਼ਿਵਦੇਵ ਸਿੰਘ ਦੀ ਕੋਠੀ ਲਾਗੇ ਨਗਰ ਕੌਂਸਲ ਦਾ ਸੈਨੀਟੇਸ਼ਨ ਦਫ਼ਤਰ ਸਥਿਤ ਹੈ, ਜਿਸ ਵਿਚ ਪੰਡਤ ਜਵਾਹਰ ਲਾਲ ਨਹਿਰੂ ਯਾਦਗਾਰੀ ਲਾਇਬ੍ਰੇਰੀ ਹੈ। ਦਫ਼ਤਰ ਦੀ ਖਸਤਾ ਹਾਲਤ ਦੇਖ ਕੇ ਲੋਕਾਂ ਨੂੰ ਰੋਣਾ ਆ ਜਾਂਦਾ ਹੈ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਹਲਕੇ ਦੇ ਸ਼ਾਹੀ ਸ਼ਹਿਰ ਦੇ ਦਲਿਤ ਵਰਗ/ਸਫਾਈ ਮਜ਼ਦੁਰਾਂ ਦੇ ਦਫ਼ਤਰਾਂ ਦੀ ਅਣਸੁਰੱਖਿਅਤ ਇਮਾਰਤ ਕਿਸੇ ਵੱਡੇ ਦੁਖਾਂਤ ਦੀ ਉਡੀਕ ਕਰ ਰਹੀ ਹੈ।
ਇਸ ਇਮਾਰਤ ਵਿਚ ਸੈਨੀਟੇਸ਼ਨ ਇੰਸਪੈਕਟਰ, ਸੁਪਰਵਾਈਜ਼ਰ, ਸਟਾਫ ਮੈਂਬਰ ਬੈਠਦੇ ਹਨ। ਸੇਵਾ ਕੇਂਦਰ ਕਾਇਮ ਕੀਤਾ ਗਿਆ ਹੈ। ਰੋਜ਼ਾਨਾ ਸੇਵਾ ਕੇਂਦਰ ਵਿਚ ਕੰਮ ਕਰਵਾਉਣਾ ਅਤੇ ਲਾਇਬ੍ਰੇਰੀ ਵਿਚ ਅਖਬਾਰ/ਮੈਗਜ਼ੀਨ ਪੜ੍ਹਣ ਲਈ ਸੈਂਕੜੇ ਲੋਕੀ ਆਉਂਦੇ ਹਨ, ਜਿਨ੍ਹਾਂ ਦੀਆਂ ਕੀਮਤੀ ਜਾਨਾਂ ਖਤਰੇ ਵਿਚ ਹਨ। ਮੀਟਿੰਗ ਹਾਲ ਸਮੇਤ ਅੱਠ ਕਮਰਿਆਂ ਦੀ ਇਮਾਰਤ ਢਹਿ-ਢੇਰੀ ਹੋ ਚੁੱਕੀ ਹੈ ਅਤੇ ਦਰਵਾਜ਼ੇ ਗਾਇਬ ਹਨ। ਛੱਤਾਂ ਟੁੱਟ ਗਈਆਂ ਤੇ ਅਲਮਾਰੀਆਂ ਦਾ ਸਾਮਾਨ ਗਾਇਬ ਹੋ ਚੁੱਕਾ ਹੈ। ਫਲੱਸ਼ ਲੈਟਰੀਨ/ਬਾਥਰੂਮ ਗੰਦਗੀ ਨਾਲ ਭਰ ਚੁੱਕੇ ਹਨ। ਇਸ ਦਫ਼ਤਰ ਵਿਚ ਰੋਜ਼ਾਨਾ ਦੋ ਸਮੇਂ 80 ਸਫਾਈ ਮਜ਼ਦੁਰਾਂ/ਮੇਟਾਂ ਦੀ ਹਾਜ਼ਰੀ ਲੱਗਦੀ ਹੈ। ਮੁਹੱਲਾ ਸੁਧਾਰ ਕਮੇਟੀਆਂ ਵਿਚ ਕੰਮ ਕਰਦੇ 91 ਮੁਲਾਜ਼ਮ ਵੀ ਹਾਜ਼ਰੀ ਦੇਣ ਆਉਂਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਖਸਤਾ ਹਾਲਤ ਇਮਾਰਤ ਕਾਰਨ ਖਤਰੇ ਵਿਚ ਹੈ ਪਰ ਕਿਸੇ ਵੀ ਕੌਂਸਲਰ ਨੇ ਕਦੇ ਵੀ ਸਫਾਈ ਮੁਲਾਜ਼ਮਾਂ ਦੀ ਗਿਣਤੀ ਵਿਚ ਵਾਧਾ ਕਰਨ ਜਾਂ ਮੁਹੱਲਾ ਸੁਧਾਰ ਕਮੇਟੀਆਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਮੀਟਿੰਗ ਵਿਚ ਮਤਾ ਪਾਸ ਨਹੀਂ ਕੀਤਾ, ਜਿਸ ਕਾਰਨ ਦਲਿਤ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ। ਸੀਨੀਅਰ ਕੌਂਸਲਰਾਂ ਅਮਰਦੀਪ ਸਿੰਘ ਖੰਨਾ, ਨਰਿੰਦਰਜੀਤ ਸਿੰਘ ਭਾਟੀਆ, ਅਸ਼ੋਕ ਕੁਮਾਰ ਬਿੱਟੂ, ਗੁਰਬਖਸ਼ੀਸ਼ ਸਿੰਘ ਭੱਟੀ ਤੇ ਸਾਬਕਾ ਕੌਂਸਲ ਪ੍ਰਧਾਨ ਗੌਤਮ ਬਾਤਿਸ਼ ਦਾ ਕਹਿਣਾ ਹੈ ਕਿ ਜੇਕਰ ਇਸ ਢਹਿ-ਢੇਰੀ ਹੋ ਰਹੀ ਇਮਾਰਤ ਅਤੇ ਕੌਂਸਲ ਦਫ਼ਤਰ ਕੰਪਲੈਕਸ ਵਿਚ ਕਮਰਸ਼ੀਅਲ ਮਾਰਕੀਟ ਦੀ ਉਸਾਰੀ ਕੀਤੀ ਜਾਵੇ ਤਾਂ ਕੌਂਸਲ ਨੂੰ ਘੱਟੋ-ਘੱਟ 25 ਤੋਂ 30 ਕਰੋੜ ਰੁਪਏ ਆਮਦਨ ਹੋ ਸਕਦੀ ਹੈ, ਜਿਸ ਨਾਲ ਰਿਆਸਤੀ ਨਗਰੀ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ। ਇਨ੍ਹਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਇਸ ਇਮਾਰਤ ਵਿਚ ਦੋ ਫਾਇਰ ਬ੍ਰਿਗੇਡ ਗੱਡੀਆਂ ਵੀ ਖੜ੍ਹੀਆਂ ਹਨ ਅਤੇ ਫਾਇਰ ਸਟਾਫ ਵੀ ਬੈਠਦਾ ਹੈ। ਪਾਣੀ ਸਪਲਾਈ ਲਈ ਟਿਊਬਵੈੱਲ ਵੀ ਲੱਗਾ ਹੋਇਆ ਹੈ ਪਰ ਕਮਰਿਆਂ ਦੀਆਂ ਛੱਤਾਂ ਵਿਚ ਤਰੇੜਾਂ ਆ ਗਈਆਂ ਹਨ ਜੋ ਹੁਣ ਸਿਰਫ ਹਾਦਸੇ ਦੀ ਹੀ ਉਡੀਕ ਵਿਚ ਹਨ।
ਬਾਰ ਐਸੋ. ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਦਾ ਕਹਿਣਾ ਹੈ ਕਿ ਦਲਿਤ ਮੰਤਰੀ ਦੇ ਹਲਕੇ ਦੇ ਸ਼ਹਿਰ ਵਿਚ ਦਲਿਤ ਮੁਲਾਜ਼ਮਾਂ ਦੇ ਦਫ਼ਤਰ ਦੀ ਖਸਤਾ ਹਾਲਤ ਚਿੰਤਾਜਨਕ ਵਿਸ਼ਾ ਹੈ। ਸਾਬਕਾ ਕੌਂਸਲ ਪ੍ਰਧਾਨ ਪ੍ਰੇਮ ਕੁਮਾਰ ਗਾਗਟ ਅਤੇ ਚੌਥਾ ਦਰਜਾ ਮੁਲਾਜ਼ਮ ਆਗੂ ਵਰਿੰਦਰ ਕੁਮਾਰ ਬੈਣੀ ਨੇ ਮੰਗ ਕੀਤੀ ਹੈ ਕਿ ਦਲਿਤ ਮੁਲਾਜ਼ਮਾਂ/ਸਫਾਈ ਸੇਵਕਾਂ ਦੀ ਜਾਨ ਦੀ ਰੱਖਿਆ ਦੇ ਨਾਲ-ਨਾਲ ਮੁਹੱਲਾ ਸੁਧਾਰ ਕਮੇਟੀਆਂ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ।
ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਅਸ਼ੋਕ ਬਿੱਟੂ ਨੇ ਦੱਸਿਆ ਕਿ ਕੌਂਸਲ ਦੀ ਅਗਲੀ ਮੀਟਿੰਗ ਵਿਚ ਇਸ ਸੈਨੀਟੇਸ਼ਨ ਦਫ਼ਤਰ ਦੀ ਖਸਤਾ ਹਾਲਤ ਅਤੇ ਸਫਾਈ ਮੁਲਾਜ਼ਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਈ. ਓ. ਮੋਹਿਤ ਨੇ ਦੱਸਿਆ ਕਿ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਹੁਣ 2400 ਰੁਪਏ ਮਹੀਨਾ ਦੀ ਬਜਾਏ ਡੀ. ਸੀ. ਰੇਟ ਅਨੁਸਾਰ ਤਨਖਾਹ ਦਿੱਤੀ ਜਾਵੇਗੀ। ਸੈਨੀਟੇਸ਼ਨ ਕੰਪਲੈਕਸ ਦੀ ਖਸਤਾ ਹਾਲਤ ਬਾਰੇ ਈ. ਓ. ਕੋਈ ਜਵਾਬ ਨਹੀਂ ਦੇ ਸਕੇ। ਮਜ਼ੇ ਦੀ ਗੱਲ ਹੈ ਕਿ ਇਸ ਸੈਨੀਟੇਸ਼ਨ ਦਫ਼ਤਰ ਕੰਪਲੈਕਸ ਵਿਚ ਪਾਣੀ ਟੈਂਕਰ, ਕੰਡਮ ਸਾਮਾਨ, ਟਰੈਕਟਰ-ਟਰਾਲੀਆਂ ਵੀ ਖੜ੍ਹੀਆਂ ਹਨ।


Related News