ਅਸਲਾ ਬਰਾਂਚ ਮੋਗਾ ਦੀ ਲਾਪਰਵਾਹੀ ਕਾਰਨ ਸਾਬਕਾ ਫੌਜੀ ਦੀ ਵਿਧਵਾ ਹੋ ਰਹੀ ਹੈ ਖੱਜਲ-ਖੁਆਰ

Wednesday, Jun 14, 2017 - 04:51 PM (IST)

ਅਸਲਾ ਬਰਾਂਚ ਮੋਗਾ ਦੀ ਲਾਪਰਵਾਹੀ ਕਾਰਨ ਸਾਬਕਾ ਫੌਜੀ ਦੀ ਵਿਧਵਾ ਹੋ ਰਹੀ ਹੈ ਖੱਜਲ-ਖੁਆਰ

ਬੱਧਨੀ ਕਲਾਂ(ਬੱਬੀ)— ਲੋਕਾਂ ਦੀ ਦਫਤਰਾਂ 'ਚ ਖੱਜਲ-ਖੁਆਰੀ ਰੋਕਣ ਲਈ ਸਰਕਾਰਾਂ ਰਣਨੀਤੀ ਘੜਦੀਆਂ ਰਹੀਆਂ ਹਨ ਅਤੇ ਲੋਕਾਂ ਨੂੰ ਇਹ ਭਰੋਸਾ ਵੀ ਕਰਵਾਇਆ ਜਾਂਦਾ ਰਿਹਾ ਹੈ ਕਿ ਅੱਗੋਂ ਕਿਸੇ ਸਰਕਾਰੀ ਦਫਤਰ 'ਚ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ ਪਰ ਅਸਲਾ ਬਰਾਂਚ ਮੋਗਾ ਇਕ ਅਜਿਹਾ ਦਫਤਰ ਹੈ, ਜਿੱਥੇ ਲੋਕਾਂ ਨੂੰ ਅਸਲਾ ਲਾਇਸੈਂਸ ਰਿਨਿਊ ਕਰਵਾਉਣ ਜਾਂ ਅਸਲਾ ਖਰੀਦਣ ਅਤੇ ਵੇਚਣ ਆਦਿ ਕੰਮਾਂ ਲਈ ਕਈ ਮਹੀਨੇ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਕਈ ਵਾਰ ਦੁਖੀ ਹੋਏ ਲੋਕ ਆਪਣੀ ਸ਼ਿਕਾਇਤ ਲੈ ਕੇ ਏ. ਡੀ. ਸੀ ਕੋਲ ਵੀ ਪਹੁੰਚ ਜਾਂਦੇ ਹਨ ਪਰ ਲੰਬੇ ਸਮੇ ਤੋਂ ਅਸਲਾ ਬਰਾਂਚ ਦੇ ਦਫਤਰ 'ਚ ਟਿਕੇ ਹੋਏ ਉਕਤ ਬਾਬੂ ਆਪਣੀ ਕਾਰਗੁਜ਼ਾਰੀ 'ਚ ਸੁਧਾਰ ਕਰਨ ਦੀ ਥਾਂ ਸੀਨੀਅਰ ਅਧਿਕਾਰੀਆਂ ਨੂੰ ਵੀ ਟਿੱਚ ਸਮਝਦੇ ਆ ਰਹੇ ਹਨ, ਜਿਸ ਕਾਰਨ ਅਸਲਾ ਬਰਾਂਚ ਦਾ ਪ੍ਰਨਾਲਾ ਉਥੇ ਦਾ ਉਥੇ ਹੀ ਹੈ। 
ਇਸ ਬਰਾਂਚ ਦੇ ਦਫਤਰੀ ਅਮਲੇ ਤੋਂ ਦੁਖੀ ਇਕ ਹੋਰ ਵਿਧਵਾ ਔਰਤ ਸੁਰਜੀਤ ਕੌਰ ਪਤਨੀ ਜੰਗੀਰ ਸਿੰਘ ਵਾਸੀ ਬੱਧਨੀ ਕਲਾਂ ਜਿਸ ਦੀ ਰਸੀਦ ਨੰਬਰ 236 6007 ਹੈ, ਉਸ ਨੇ ਦੱਸਿਆ ਕਿ ਉਸ ਦੇ ਪਤੀ ਜੋ ਸਾਬਕਾ ਫੌਜੀ ਸਨ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਲਾਇਸੈਂਸੀ 12 ਬੋਰ ਰਾਈਫਲ ਨੂੰ ਵੇਚਣ ਦੀ ਇਜ਼ਾਜਤ ਲੈਣ ਲਈ ਦਸੰਬਰ 2016 'ਚ ਇਕ ਅਰਜੀ ਸੁਵਿਧਾ ਕੇਂਦਰ ਰਾਂਹੀ ਅਸਲਾ ਬਰਾਂਚ ਮੋਗਾ ਨੂੰ ਦਿੱਤੀ ਸੀ ਜੋ ਕੁਝ ਦਿਨ੍ਹਾਂ ਅੰਦਰ ਇਨਕੁਆਰੀ ਲਈ ਹਲਕਾ ਪਟਵਾਰੀ ਕੋਲ ਆਉਣੀ ਚਾਹੀਦੀ ਸੀ। ਉਸ ਨੇ ਦੱਸਿਆ ਕਿ 7 ਮਹੀਨੇ ਹੋਣ ਤੱਕ ਉਕਤ ਅਰਜੀ ਪਟਵਾਰੀ ਕੋਲ ਨਹੀਂ ਆਈ ਪੀੜਤ ਵਿਧਵਾ ਔਰਤ ਨੇ ਕਿਹਾ ਕਿ ਅਸਲਾ ਬਰਾਂਚ ਵਾਲੇ ਕਹਿ ਰਹੇ ਹਨ ਕਿ ਅਰਜੀ ਤਹਿਸੀਲਦਾਰ ਕੋਲ ਭੇਜੀ ਗਈ ਹੈ। 
ਉਸ ਨੇ ਅੱਗੇ ਦੱਸਿਆ, ''ਮੈਂ ਬੱਧਨੀ ਕਲਾਂ ਦੇ ਕੁਝ ਮੋਹਤਬਾਰ ਵਿਅਕਤੀਆਂ ਨੂੰ ਵੀ ਉਕਤ ਦਫਤਰ ਭੇਜਿਆ ਸੀ ਉਨ੍ਹਾਂ ਨੂੰ ਵੀ ਅਸਲਾ ਬਰਾਂਚ ਵਾਲਿਆਂ ਨੇ ਇਹੀ ਜਵਾਬ ਦੇ ਕੇ ਮੋੜ ਦਿੱਤਾ ਕਿ ਅਰਜੀ ਤਹਿਸੀਲਦਾਰ ਕੋਲ ਗਈ ਹੋਈ ਹੈ। ਜਦੋਂ ਮੈਂ ਤਹਿਸੀਲਦਾਰ ਦਫਤਰ ਬੱਧਨੀ ਕਲਾਂ ਅਤੇ ਨਿਹਾਲ ਸਿੰਘ ਵਾਲਾ ਤੋਂ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਇਨਕੁਆਰੀ ਨਹੀਂ ਆਈ।'' ਪੀੜਤ ਔਰਤ ਨੇ ਕਿਹਾ ਕਿ ਅਸਲਾ ਬਰਾਂਚ ਵਾਲਿਆਂ ਨੇ ਉਸ ਦੀ ਅਰਜੀ ਨੂੰ ਪਤਾ ਨਹੀਂ ਕਿੱਥੇ ਖੁਰਦ-ਬੁਰਦ ਕਰ ਦਿੱਤਾ ਹੈ ਅਸਲਾ ਬਰਾਂਚ ਵਾਲੇ ਸਿਰਫ ਤਹਿਸੀਲਦਾਰ ਦੱਸ ਰਹੇ ਹਨ ਕਿਸ ਸਬ-ਡਿਵੀਜਨ ਦੇ ਤਹਿਸੀਲਦਾਰ ਕੋਲ ਮੇਰੀ ਅਰਜੀ ਭੇਜੀ ਗਈ ਹੈ ਜਾਂ ਨਹੀਂ, ਇਸ ਬਾਰੇ ਨਹੀਂ ਦੱਸਿਆ ਜਾ ਰਿਹਾ। 
ਅਸਲਾ ਬਰਾਂਚ ਦੇ ਇੰਚਾਰਜ ਪ੍ਰਵੀਨ ਕੁਮਾਰ ਦਾ ਪੱਖ
ਇਸ ਮਾਮਲੇ ਸੰਬੰਧੀ ਜਦੋਂ ਅਸਲਾ ਬਰਾਂਚ ਦੇ ਇੰਚਾਰਜ ਪ੍ਰਵੀਨ ਕੁਮਾਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਸਮੇਂ ਬਾਅਦ ਬੈਂਕ ਕਾਲ ਕਰਕੇ ਦੱਸਣ ਦਾ ਭਰੋਸਾ ਦਿੱਤਾ ਅਤੇ ਤਕਰੀਬਨ ਇਕ ਘੰਟੇ ਬਾਅਦ ਰਿਕਾਰਡ ਦੀ ਪੜਤਾਲ ਕਰਨ ਉਪਰੰਤ ਦੱਸਿਆ ਕਿ ਮੌਤ ਨਾਲ ਸੰਬੰਧਤ ਕੇਸ ਸਾਫਟਵੇਅਰ ਦੀ ਗਲਤੀ ਨਾਲ ਅਕਸਰ ਹੀ ਤਹਿਸੀਲਦਾਰ ਮੋਗਾ ਕੋਲ ਚਲੇ ਜਾਂਦੇ ਹਨ, ਇਹ ਕੇਸ ਵੀ ਤਹਿਸੀਲਦਾਰ ਬੱਧਨੀ ਕਲਾਂ ਕੋਲ ਜਾਣ ਦੀ ਥਾਂ ਉਨ੍ਹਾਂ ਕੋਲ ਹੀ ਚਲਾ ਗਿਆ ਸੀ ਪਰ ਹੁਣ ਤਹਿਸੀਲਦਾਰ ਮੋਗਾ ਤੋਂ ਇਹ ਕੇਸ ਵਾਪਸ ਮੰਗਵਾ ਲਿਆ ਹੈ ਜੋ ਇਕ ਦੋ ਦਿਨ 'ਚ ਬੱਧਨੀ ਕਲਾਂ ਨਾਇਬ ਤਹਿਸੀਲਦਾਰ ਕੋਲ ਭੇਜ ਦਿੱਤਾ ਜਾਵੇਗਾ।


Related News