ਹੁਸ਼ਿਆਰਪੁਰੋਂ ਦਵਾਈ ਲੈਣ ਆਏ ਸਾਬਕਾ ਸੂਬੇਦਾਰ ਨਾਲ ਜਲੰਧਰ ''ਚ ਹੋ ਗਈ ਵੱਡੀ ਵਾਰਦਾਤ

Tuesday, Apr 14, 2026 - 05:17 PM (IST)

ਹੁਸ਼ਿਆਰਪੁਰੋਂ ਦਵਾਈ ਲੈਣ ਆਏ ਸਾਬਕਾ ਸੂਬੇਦਾਰ ਨਾਲ ਜਲੰਧਰ ''ਚ ਹੋ ਗਈ ਵੱਡੀ ਵਾਰਦਾਤ

ਜਲੰਧਰ (ਸੋਨੂੰ) : ਜਲੰਧਰ ਦੇ ਬੱਸ ਸਟੈਂਡ ਦੇ ਬਾਹਰ ਇਕ ਹੈਰਾਨੀਜਨਕ ਘਟਨਾ ਵਾਪਰੀ ਹੈ। ਜਿੱਥੇ ਇੱਕ ਆਟੋ ਚਾਲਕ ਇਕ ਸਵਾਰੀ ਦਾ ਪਰਸ ਲੈ ਕੇ ਫ਼ਰਾਰ ਹੋ ਗਿਆ। ਪੀੜਤ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਇਕ ਸੇਵਾਮੁਕਤ ਸੂਬੇਦਾਰ ਹੈ ਅਤੇ ਹੁਸ਼ਿਆਰਪੁਰ ਤੋਂ ਜਲੰਧਰ ਦਵਾਈ ਲੈਣ ਲਈ ਆਇਆ ਸੀ। ਪੀੜਤ ਹਰਪਾਲ ਸਿੰਘ ਨੇ ਦੱਸਿਆ ਕਿ ਉਸਨੇ ਬੱਸ ਸਟੈਂਡ ਦੇ ਬਾਹਰੋਂ ਇਕ ਪ੍ਰਾਈਵੇਟ ਹਸਪਤਾਲ ਜਾਣ ਲਈ 20 ਰੁਪਏ ਵਿਚ ਇਕ ਆਟੋ ਤੈਅ ਕੀਤਾ ਸੀ। ਰਸਤੇ ਵਿਚ ਆਟੋ ਚਾਲਕ ਨੇ ਉਸ ਕੋਲੋਂ ਕਿਰਾਇਆ ਵੀ ਨਹੀਂ ਲਿਆ ਅਤੇ ਅਚਾਨਕ ਆਟੋ ਲੈ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਜਦੋਂ ਹਰਪਾਲ ਸਿੰਘ ਨੇ ਆਪਣੀ ਜੇਬ ਚੈੱਕ ਕੀਤੀ ਤਾਂ ਉਸਦਾ ਪਰਸ ਗਾਇਬ ਸੀ। ਪੀੜਤ ਅਨੁਸਾਰ ਪਰਸ ਵਿਚ 15 ਤੋਂ 20 ਹਜ਼ਾਰ ਰੁਪਏ ਦੀ ਨਕਦੀ ਅਤੇ ਕਈ ਕੀਮਤੀ ਦਸਤਾਵੇਜ਼ ਸਨ।

ਹਰਪਾਲ ਸਿੰਘ ਮੁਤਾਬਕ ਆਟੋ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਆਟੋ ਵਿਚ ਇਕ ਹੋਰ ਸਿੱਖ ਵਿਅਕਤੀ ਵੀ ਪਿੱਛੇ ਬੈਠਾ ਹੋਇਆ ਸੀ। ਦੂਜੇ ਪਾਸੇ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਇੰਸਪੈਕਟਰ ਦਿਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਹਿਲਾਂ ਸਨੈਚਿੰਗ ਦੀ ਸੂਚਨਾ ਮਿਲੀ ਸੀ ਪਰ ਜਾਂਚ ਦੌਰਾਨ ਇਹ ਠੱਗੀ ਦਾ ਮਾਮਲਾ ਪਾਇਆ ਗਿਆ ਹੈ। ਪੁਲਸ ਨੇ ਪੀੜਤ ਦੇ ਬਿਆਨ ਦਰਜ ਕਰ ਲਏ ਹਨ ਅਤੇ ਭਰੋਸਾ ਦਿੱਤਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੂਤਰਾਂ ਅਨੁਸਾਰ ਜਲੰਧਰ ਬੱਸ ਸਟੈਂਡ 'ਤੇ ਆਟੋ ਚਾਲਕਾਂ ਵੱਲੋਂ ਸਵਾਰੀਆਂ ਨਾਲ ਠੱਗੀ ਮਾਰਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਕਈ ਵਾਰ ਲੋਕਾਂ ਨੇ ਖੁਦ ਠੱਗਾਂ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਹੈ। ਹਾਲਾਂਕਿ, ਸਥਾਨਕ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਪੁਲਸ ਇਨ੍ਹਾਂ ਘਟਨਾਵਾਂ ਤੋਂ ਬੇ-ਖ਼ਬਰ ਹੈ ਅਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਨ ਠੱਗ ਆਟੋ ਚਾਲਕਾਂ ਦੇ ਹੌਸਲੇ ਬੁਲੰਦ ਹਨ।


author

Gurminder Singh

Content Editor

Related News