ਪਿੰਡ ਡੰਡੋਹ ’ਚ ਤੂੜੀ ਵਾਲੇ ਕਮਰੇ ’ਚ ਵੜਿਆ ਤੇਂਦੂਆ, ਦਹਿਸ਼ਤ ਦਾ ਮਾਹੌਲ
Thursday, Jul 10, 2025 - 03:20 AM (IST)

ਹਰਿਆਣਾ (ਰੱਤੀ) - ਕਸਬਾ ਹਰਿਆਣਾ ਦੇ ਨਾਲ ਲੱਗਦੇ ਕੰਢੀ ਖੇਤਰ ਦੇ ਪਿੰਡਾਂ ’ਚ ਤੇਂਦੂਏ ਨੇ ਕੁਝ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ, ਜਿਸ ਨੂੰ ਅੱਜ ਵਿਭਾਗ ਨੇ ਫੜ ਲਿਆ ਹੈ। ਪਿੰਡ ਡੰਡੋਹ ਦੇ ਰਸ਼ਪਾਲ ਸਿੰਘ ਪੁੱਤਰ ਸੰਸਾਰ ਚੰਦ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਕੁਝ ਦਿਨਾਂ ਤੋਂ ਸ਼ੱਕ ਸੀ ਕਿ ਪਿੰਡ ’ਚ ਤੇਂਦੂਆ ਘੁੰਮ ਰਿਹਾ ਹੈ ਅਤੇ ਲੋਕਾਂ ਵੱਲੋਂ ਉਸ ਦੇ ਪੈਰਾਂ ਦੇ ਨਿਸ਼ਾਨ ਵੀ ਦੇਖੇ ਗਏ ਸਨ।
ਬੀਤੇ ਕੱਲ ਜਦੋਂ ਪਿੰਡ ਦੀ ਇਕ ਔਰਤ ਨੇ ਆਪਣੇ ਘਰ ’ਚ ਪਸ਼ੂਆਂ ਦੇ ਵਾੜੇ ਵਾਲੇ ਕਮਰੇ ਦਾ ਕੁੰਡਾ ਖੋਲ੍ਹਿਆ ਤਾਂ ਉਸ ਨੂੰ ਵਾੜੇ ’ਚ ਤੇਂਦੂਆ ਬੈਠਾ ਦਿਖਾਈ ਦਿੱਤਾ। ਉਹ ਇਕਦਮ ਘਬਰਾ ਗਈ ਅਤੇ ਬੜੀ ਮੁਸਤੈਦੀ ਨਾਲ ਤੁਰੰਤ ਵਾੜੇ ਦਾ ਕੁੰਡਾ ਲਾ ਦਿੱਤਾ, ਜਿਸ ਨਾਲ ਉਸ ਨੂੰ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਮਿਲ ਸਕਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਵਣ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਰੇਂਜ ਅਫਸਰ ਬਿਕਰਮਜੀਤ ਸਿੰਘ ਦੀ ਅਗਵਾਈ ’ਚ ਬਲਾਕ ਅਫਸਰ ਚਰਨਜੀਤ ਸਿੰਘ, ਗਾਰਡ ਰਵੀ ਸ਼ੇਰ ਸਿੰਘ, ਗਾਰਡ ਗੁਰਮੇਲ ਸਿੰਘ ਅਤੇ ਗਾਰਡ ਗੁਰਵਿੰਦਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਤੇਂਦੂਏ ਨੂੰ ਬੇਹੋਸ਼ ਕਰ ਕੇ ਕਾਬੂ ਕੀਤਾ ਗਿਆ। ਰੇਂਜ ਅਫਸਰ ਨੇ ਦੱਸਿਆ ਕਿ ਤੇਂਦੂਏ ਨੂੰ ਕਾਬੂ ਕਰ ਕੇ ਚੈੱਕਅਪ ਕਰਨ ਉਪਰੰਤ ਉਸ ਨੂੰ ਜੰਗਲ ’ਚ ਛੱਡ ਦਿੱਤਾ ਗਿਆ।