ਮੇਅਰ ਠੇਕੇਦਾਰਾਂ ਨਾਲ ਮਿਲ ਕੇ ਲਾ ਰਹੇ ਨੇ ਜਨਤਾ ਨੂੰ ਕਰੋੜਾਂ ਦਾ ਚੂਨਾ : ਬੈਂਸ
Thursday, Aug 03, 2017 - 05:58 AM (IST)

ਲੁਧਿਆਣਾ, (ਪਾਲੀ)- ਵਿਧਾਇਕ ਬੈਂਸ ਨੇ ਨਗਰ ਨਿਗਮ ਦੇ ਕਮਿਸ਼ਨਰ ਜਸਕਰਨ ਸਿੰਘ ਨਾਲ ਮੁਲਾਕਾਤ ਕਰ ਕੇ ਮੇਅਰ ਹਰਚਰਨ ਸਿੰਘ ਗੋਹਲਵੜੀਆ ਵੱਲੋਂ ਠੇਕੇਦਾਰਾਂ ਨਾਲ ਮਿਲ ਕੇ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਕਥਿਤ ਘਪਲੇ ਨੂੰ ਜੱਗ ਜ਼ਾਹਿਰ ਕਰਨ ਲਈ ਜਾਣੂ ਕਰਵਾਇਆ।
ਪਿਛਲੇ ਦਿਨੀਂ ਮੇਅਰ ਹਰਚਰਨ ਸਿੰਘ ਗੋਹਲਵੜੀਆ ਵੱਲੋਂ ਜਨਤਾ ਨਗਰ ਵਿਖੇ ਰਿਹਾਇਸ਼ੀ ਬਿਲਡਿੰਗ ਦੀ ਉਸਾਰੀ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਬਿਲਡਿੰਗ ਮਾਲਕ ਸੰਜੇ ਕਪੂਰ ਅਤੇ ਕਮਲਜੀਤ ਕੁਮਾਰ ਨੇ ਮੇਅਰ ਦੇ ਪੀ. ਏ. ਸਤਨਾਮ ਸਿੰਘ ਲੋਟੇ ਉੱਪਰ ਬਿਲਡਿੰਗ ਨੂੰ ਬਣਵਾਉਣ ਦੇ ਨਾਂ 'ਤੇ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਕਮਿਸ਼ਨਰ ਜਸਕਰਨ ਸਿੰਘ ਦੇ ਸਾਹਮਣੇ ਲਾਏ। ਇਹ ਸ਼ਿਕਾਇਤ ਵਿਧਾਇਕ ਬੈਂਸ ਨੇ ਬਿਲਡਿੰਗ ਮਾਲਕਾਂ ਦੀ ਹਾਜ਼ਰੀ ਵਿਚ ਨਗਰ ਨਿਗਮ ਜ਼ੋਨ ਡੀ. ਦਫਤਰ ਵਿਖੇ ਪਹੁੰਚ ਕੇ ਦਿੱਤੀ।
ਪਿਛਲੀ 18 ਜੁਲਾਈ ਨੂੰ ਡਾ. ਸੰਜੇ ਕਪੂਰ ਅਤੇ ਕਮਲਜੀਤ ਕੁਮਾਰ ਦੇ ਗੁਆਂਢੀ ਰਜਿੰਦਰ ਸਿੰਘ ਭੋਲਾ ਨੇ ਮੇਅਰ ਗੋਹਲਵੜੀਆ ਨੂੰ ਸ਼ਿਕਾਇਤ ਕੀਤੀ ਸੀ ਕਿ ਜਨਤਾ ਨਗਰ ਵਿਖੇ ਸ਼ਾਮਲਾਟ ਜ਼ਮੀਨ ਉੱਪਰ ਕਬਜ਼ਾ ਕਰ ਕੇ ਉਸ ਦੀ ਉਸਾਰੀ ਕੀਤੀ ਜਾ ਰਹੀ ਹੈ। ਸੀ ਜ਼ੋਨ ਦੀ ਬਿਲਡਿੰਗ ਦੇ ਸਟਾਫ ਨਾਲ ਮਿਲ ਕੇ ਦੂਜੀ ਜਗ੍ਹਾ ਦੀ ਰਜਿਸਟਰੀ ਦਿਖਾ ਕੇ ਨਕਸ਼ਾ ਪਾਸ ਕਰਵਾਇਆ ਗਿਆ ਹੈ। ਇਸ ਨਕਸ਼ੇ ਨੂੰ ਇਸ ਪ੍ਰਾਪਰਟੀ ਦਾ ਦੱਸ ਕੇ ਉਸਾਰੀ ਸ਼ੁਰੂ ਕੀਤੀ ਗਈ ਹੈ। ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮੇਅਰ ਗੋਹਲਵੜੀਆ ਨੇ ਉਸਾਰੀ ਦਾ ਕੰਮ ਰੁਕਵਾ ਦਿੱਤਾ ਤੇ ਬਿਲਡਿੰਗ ਬ੍ਰਾਂਚ ਦੇ ਐੱਮ. ਟੀ. ਪੀ. ਐੱਸ. ਐੱਸ. ਬਿੰਦਰਾ ਨੂੰ ਇਸ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਦੇਣ ਲਈ ਕਿਹਾ ਗਿਆ।
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਹ ਆਪਣੇ ਮਕਾਨ ਦੀ ਉਸਾਰੀ ਕਰਵਾਉਣਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੇ ਹਜ਼ਾਰਾਂ ਰੁਪਏ ਖਰਚ ਕਰ ਕੇ ਸਾਮਾਨ ਮੰਗਵਾ ਲਿਆ। ਉਨ੍ਹਾਂ ਕਿਹਾ ਕਿ ਮੇਅਰ ਦੇ ਪੀ. ਏ. ਸਤਨਾਮ ਸਿੰਘ ਲੋਟੇ ਨੇ ਉਸਾਰੀ ਦੌਰਾਨ ਕੋਈ ਵੀ ਰੁਕਾਵਟ ਨਾ ਆਉਣ ਦੇ ਬਦਲੇ 40 ਹਜ਼ਾਰ ਰੁਪਏ ਦੀ ਰਕਮ ਉਨ੍ਹਾਂ ਪਾਸੋਂ ਲੈ ਲਈ। ਉਸ ਦੇ ਭਰੋਸੇ 'ਤੇ ਜਦੋਂ ਉਸਾਰੀ ਸ਼ੁਰੂ ਕੀਤੀ ਗਈ ਤਾਂ ਕੰਮ ਨੂੰ ਰੋਕ ਕੇ ਹੋਰ ਪੈਸੇ ਦੀ ਵੀ ਮੰਗ ਕੀਤੀ ਗਈ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਨਗਰ ਨਿਗਮ ਦੀ ਆੜ ਵਿਚ ਪੈਸੇ ਵਸੂਲਣ ਵਾਲੇ ਦਲਾਲਾਂ ਦਾ ਕੋਰਾ ਚਿੱਠਾ ਸ਼ਿਕਾਇਤ ਦੇ ਜ਼ਰੀਏ ਕਮਿਸ਼ਨਰ ਦੇ ਸਾਹਮਣੇ ਰੱਖਿਆ। ਬਿਲਡਿੰਗ ਮਾਲਕਾਂ ਨੇ ਦੱਸਿਆ ਕਿ ਨਕਸ਼ਾ ਨੰਬਰ 174 ਸੀ ਅਤੇ 175 ਸੀ ਹੈ। ਨਗਰ ਨਿਗਮ ਵਲੋਂ ਪਾਣੀ ਅਤੇ ਸੀਵਰੇਜ ਦਾ ਕੁਨੈਕਸ਼ਨ ਵੀ ਜਾਰੀ ਹੋ ਚੁੱਕਾ ਹੈ। ਜ਼ਮੀਨ ਨੂੰ ਲੈ ਕੇ ਮਾਣਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਵੱਲੋਂ 29 ਫਰਵਰੀ 2012 ਨੂੰ ਇਹ ਫੈਸਲਾ ਉਨ੍ਹਾਂ ਦੇ ਹੱਕ ਵਿਚ ਦਿੱਤਾ ਗਿਆ ਹੈ।