ਮੈਰਿਜ ਪੈਲੇਸਾਂ ''ਚ ਦਿੱਤੀ ਜਾ ਹੀ ਮਹਿੰਗੀ ਸ਼ਰਾਬ, ਠੇਕੇਦਾਰਾਂ ਨੇ ਸਰਕਾਰੀ ਰੇਟਾਂ ਨੂੰ ਕੀਤਾ ਨਜ਼ਰਅੰਦਾਜ਼
Monday, Aug 25, 2025 - 05:15 PM (IST)

ਤਰਨਤਾਰਨ (ਰਮਨ)-ਜ਼ਿਲ੍ਹੇ ਭਰ ਵਿਚ ਮੌਜੂਦ ਮੈਰਿਜ ਪੈਲੇਸਾਂ, ਰਿਜ਼ੋਰਟਾਂ ਅਤੇ ਹੋਰ ਪ੍ਰੋਗਰਾਮਾਂ ਵਿਚ ਲੋਕਾਂ ਵੱਲੋਂ ਵਰਤਾਈ ਜਾਣ ਵਾਲੀ ਸ਼ਰਾਬ ਲਈ ਪੰਜਾਬ ਸਰਕਾਰ ਵੱਲੋਂ ਰੇਟਾਂ ਨੂੰ ਨਿਰਧਾਰਿਤ ਕਰਦੇ ਹੋਏ ਲਿਸਟਾਂ ਨੂੰ ਠੇਕਿਆਂ 'ਤੇ ਲੋਕਾਂ ਦੀ ਸਹੂਲਤ ਲਈ ਲਗਾਉਂਦੇ ਸਖ਼ਤ ਅਦੇਸ਼ ਜਾਰੀ ਕੀਤੇ ਸਨ ਪਰ ਜ਼ਿਲ੍ਹੇ ਵਿਚ ਸਬੰਧਤ ਸ਼ਰਾਬ ਠੇਕੇਦਾਰਾਂ ਵੱਲੋਂ ਨਾ ਤਾਂ ਠੇਕਿਆਂ 'ਤੇ ਰੇਟ ਲਿਸਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ ਨਾ ਹੀ ਉਨ੍ਹਾਂ ਵੱਲੋਂ ਬੀਅਰ ਦੇ ਨਿਰਧਾਰਿਤ ਕੀਤੇ ਗਏ ਰੇਟਾਂ ਤਹਿਤ ਵਸੂਲੀ ਕੀਤੀ ਜਾ ਰਹੀ ਹੈ। ਜਿਸ ਨਾਲ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿਚ ਸ਼ਰਾਬ ਠੇਕੇਦਾਰਾਂ ਵੱਲੋਂ ਵਸੂਲ ਕੀਤੇ ਜਾ ਰਹੇ ਮਨਮਰਜ਼ੀ ਦੇ ਰੇਟਾਂ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਅੱਤਵਾਦੀ ਸਾਜ਼ਿਸ਼ ਨਾਕਾਮ, 4 ਹੈਂਡ ਗ੍ਰਨੇਡ ਤੇ RDX ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਬਾਅਦ ਪਹਿਲ ਕਦਮੀ ਕਰਦੇ ਹੋਏ ਪੁਰਾਣੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਆਬਕਾਰੀ ਵਿਭਾਗ ਵੱਲੋਂ ਚਲਾਈ ਜਾਣ ਵਾਲੀ ਸ਼ਰਾਬ ਨੀਤੀ ਨੂੰ ਤਬਦੀਲ ਕਰਦੇ ਹੋਏ ਲੋਕਾਂ ਨੂੰ ਜਿੱਥੇ ਭਾਰੀ ਰਾਹਤ ਦੇਣ ਲਈ ਪਲਾਨ ਤਿਆਰ ਕੀਤੇ ਗਏ ਸਨ, ਉਥੇ ਹੀ ਸ਼ਰਾਬ ਠੇਕੇਦਾਰਾਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਸਰਕਾਰ ਵੱਲੋਂ ਮੈਰਿਜ ਪੈਲਸਾਂ, ਰਿਜ਼ੋਰਟਾਂ ਅਤੇ ਹੋਰ ਪ੍ਰੋਗਰਾਮਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ, ਜਿਸ ਨੂੰ ਲਾਲ ਪਰੀ ਵੀ ਕਿਹਾ ਜਾਂਦਾ ਹੈ ਦੇ ਰੇਟ ਨਿਰਧਾਰਤ ਕੀਤੇ ਗਏ ਸਨ ਤਾਂ ਜੋ ਸ਼ਰਾਬ ਲੋਕਾਂ ਦੀ ਪਹੁੰਚ ਤੱਕ ਰਹਿ ਸਕੇ ਅਤੇ ਇਸਦੇ ਨਾਲ ਹੀ ਠੇਕੇਦਾਰਾਂ ਨੂੰ ਵੀ ਵਧੇਰੇ ਲਾਭ ਮਿਲ ਸਕੇ ਪਰ ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿਚ ਮੌਜੂਦ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਆਪਣੀਆਂ ਮਨਮਰਜ਼ੀਆਂ ਕਰਦੇ ਹੋਏ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਸ਼ਰਾਬ ਦੇ ਵੱਖ-ਵੱਖ ਰੇਟ ਵਸੂਲ ਕਰਦੇ ਹੋਏ ਸਰਕਾਰੀ ਨੀਤੀਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ-ਰਣਜੀਤ ਸਾਗਰ ਡੈਮ ਦੇ 7 ਫਲੱਡ ਗੇਟ ਖੋਲ੍ਹੇ, ਪ੍ਰਸ਼ਾਸਨ ਵਲੋਂ ਚਿਤਾਵਨੀ ਜਾਰੀ, ਅਲਰਟ ਰਹਿਣ ਲੋਕ
ਇਥੋਂ ਤੱਕ ਕਿ ਸ਼ਰਾਬ ਦੇ ਦਫਤਰਾਂ ਅਤੇ ਠੇਕਿਆਂ ਵਿਚ ਸਰਕਾਰ ਦੇ ਹੁਕਮਾਂ 'ਤੇ ਐਕਸਾਈਜ਼ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਕੰਟਰੋਲ ਰੇਟਾਂ ਦੀਆਂ ਲਿਸਟਾਂ ਤੱਕ ਡਿਸਪਲੇਅ ਨਹੀਂ ਕੀਤੀਆਂ ਗਈਆਂ ਹਨ। ਸਥਾਨਕ ਸ਼ਹਿਰ ਦੇ ਵੱਖ-ਵੱਖ ਠੇਕਿਆਂ ਦੀ ਜੇ ਗੱਲ ਕਰੀਏ ਤਾਂ ਇਥੇ ਮੌਜੂਦ ਕਰਿੰਦਿਆਂ ਵੱਲੋਂ ਬੀਅਰ ਅਤੇ ਸ਼ਰਾਬ ਦੇ ਮਨਮਰਜ਼ੀ ਵਾਲੇ ਰੇਟ ਵਸੂਲ ਕੀਤੇ ਜਾ ਰਹੇ ਹਨ। ਜਿਸ ਦੌਰਾਨ ਪ੍ਰਤੀ ਬੋਤਲ ਪਿੱਛੇ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੀ ਕੀਮਤ ਵੱਧ ਵਸੂਲੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰੁੜ ਸਕਦੈ ਚੱਕੀ ਪੁਲ! ਆਵਾਜਾਈ ਰੋਕੀ, ਰਸਤੇ ਹੋਏ ਡਾਇਵਰਟ
ਬੀਤੇ ਸਾਲ ਦੌਰਾਨ ਵਿਆਹ ਸਮਾਗਮਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੀ ਕੀਮਤ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਸੀ, ਜਿਸ ਦੇ ਸੰਬੰਧ ਵਿਚ ਏ.ਸੀ.ਪੀ, ਪਾਰਟੀ ਸਪੈਸ਼ਲ, ਗਰੈਂਡ ਅਫੇਅਰ, ਕਿੰਗ ਗੋਲਡ ਮਾਸਟਰ ਮੋਮੈਂਟ, ਆਫਿਸਰ ਚੋਇਸ, ਸੋਲਨ ਨੰਬਰ ਵਨ 3700 ਰੁਪਏ, ਪ੍ਰਤੀ ਪੇਟੀ, ਮੈਕਡਾਵਲ ਨੰਬਰ ਵਨ, ਇੰਪੀਰੀਅਲ ਬਲੋ ਡਿਸਕਵਰੀ 4800 ਰੁਪਏ, ਰੈਡ ਨਾਈਟ, 8 ਪੀ.ਐੱਮ, ਬਲੈਕ ਰੋਇਲ ਚੈਲੇੰਜ, ਰੋਇਲ ਸਟੈਗ, ਸਟਰਲਿੰਗ, ਆਲ ਸੀਜ਼ਨ ਐਮਪੀਰੀਅਲ ਬਲੈਕ 6300 ਰੁਪਏ, ਰੌਇਲ ਸਟੈਗ ਬੈਰਲ 7400 ਰੁਪਏ, ਪੀਟਰ ਸਕੌਚ, ਗੋਲਫਰ, ਸਿਗਨੇਚਰ ਪ੍ਰੀਮੀਅਮ, ਬਲੈਂਡਰ ਪ੍ਰਾਈਡ, ਸਿਗਨੇਚਰ 8400 ਰੁਪਏ, ਐਂਟੀ ਕਵਿਟੀ ਬਲੂ, ਬਲੈਂਡਰ ਰਿਜ਼ਰਵ 9500 ਰੁਪਏ, ਵੈਟ-69, ਪਾਸਪੋਰਟ 10500 ਰੁਪਏ, ਬਲੈਕ ਐਂਡ ਵਾਈਟ, 100 ਪਾਈਪ 12500 ਰੁਪਏ, ਬਲੈਕ ਡੌਗ, ਟੀਚਰ ਹਾਈਲੈਂਡ ਕਰੀਮ 13500 ਰੁਪਏ, ਬਲੈਕ ਡੌਗ ਗੋਲਡ ਟੀਚਰ 50, 100 ਪਾਈਪਰ 12 ਇਅਰ ਓਲਡ 20,300 ਰੁਪਏ ਕੀਮਤ ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ ਪੰਜਾਬ ਦੇ ਮੌਸਮ ਨੂੰ ਲੈ ਕੇ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਪੜ੍ਹੋ Latest Update
ਇਸੇ ਤਰ੍ਹਾਂ ਬੀਤੇ ਸਾਲ ਟੇਬਲ ਬੀ ਤਹਿਤ ਬੈਲੰਟਾਈਨ, ਜਿਮ ਬੀਮ 15 ਹਜ਼ਾਰ ਰੁਪਏ, ਜੈਮਸਨ 19800, ਸ਼ਵਾਜ ਰੀਗਲ, ਬਲੈਕ ਲੇਬਲ 28600, ਜੈਕ ਡੈਨੀਅਲ, ਗਰੇ ਗੂਜ ਵੋਧਕਾ, ਮੌਂਕੀ ਸ਼ੋਲਡਰ 35000 ਤੈਅ ਕੀਤੀ ਗਈ ਸੀ। ਆਮ ਹੀ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਆਨਲਾਈਨ ਸ਼ਰਾਬ ਦਾ ਪਰਮਿਟ ਲੈਣ ਦੀ ਬਜਾਏ ਠੇਕੇਦਾਰਾਂ ਨਾਲ ਸੰਪਰਕ ਕਰਦੇ ਹਨ, ਜਿਸ ਦੇ ਚੱਲਦਿਆਂ ਉਸ ਨੂੰ ਲੁੱਟਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।ਇਸ ਸਬੰਧੀ ਜਦੋਂ ਐਕਸਾਈਜ਼ ਵਿਭਾਗ ਦੇ ਈ.ਟੀ.ਓ ਇੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਕਮਿਸ਼ਨਰ ਵੱਲੋਂ ਜਾਰੀ ਆਦੇਸ਼ਾਂ ਤਹਿਤ ਸਬੰਧਤ ਠੇਕੇਦਾਰਾਂ ਨੂੰ ਸਰਕਾਰੀ ਪਾਲਸੀ ਦੀ ਪਾਲਣਾ ਕਰਨ ਸਬੰਧੀ ਸਖਤ ਆਦੇਸ਼ ਜਾਰੀ ਕੀਤੇ ਗਏ ਹਨ, ਜੇ ਉਹ ਅਜਿਹਾ ਨਹੀਂ ਕਰ ਰਹੇ ਤਾਂ ਉਨ੍ਹਾਂ ਦੇ ਸੋਮਵਾਰ ਤੋਂ ਚਲਾਨ ਕੀਤੇ ਜਾਣਗੇ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਜੇ ਸ਼ਰਾਬ ਠੇਕੇਦਾਰ ਵੱਲੋਂ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾਣੀ ਸਾਬਤ ਹੋਈ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਰਾਬ ਠੇਕੇਦਾਰਾਂ ਨੂੰ ਨਿਯਮਾਂ ਦੀ ਪਾਲਣਾ ਇਨ ਬਿਨ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8