ਪੰਜਾਬ ਨੂੰ ਲੁੱਟਣ ਵਾਲੇ ਹੱਥ ਬਦਲੇ, ਲੁੱਟ ਜਾਰੀ : ਭਗਵੰਤ ਮਾਨ (ਵੀਡੀਓ)

Tuesday, Jun 13, 2017 - 10:50 AM (IST)

ਗੁਰਦਾਸਪੁਰ — ਆਮ ਆਦਮੀ ਪਾਰਟੀ ਦੀ ਸਮੂਹ ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਕਾਂਗਰਸ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਖੱਡਾਂ ਦੇ ਮਾਮਲੇ ਵਿਚ ਘਪਲੇਬਾਜ਼ੀ ਨੂੰ ਲੈ ਕੇ ਸ਼ਹਿਰ ਦੇ ਪੰਚਾਇਤ ਭਵਨ ਦੇ ਬਾਹਰ ਧਰਨਾ ਲਾ ਕੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸ਼ਾਮਲ ਹੋਏ। ਧਰਨੇ ਉਪਰੰਤ ਸਮੂਹ ਲੀਡਰਸ਼ਿਪ ਵੱਲੋਂ ਪੰਚਾਇਤ ਭਵਨ ਦੇ ਬਾਹਰ ਰਾਣਾ ਗੁਰਜੀਤ ਸਿੰਘ ਦਾ ਪੁਤਲਾ ਵੀ ਫੂਕਿਆ ਗਿਆ। 
ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਰੇਤ ਖੱਡਾਂ ਵਿਚ ਘਪਲਾ ਕਰ ਕੇ ਆਪਣੇ ਹੀ ਚਹੇਤਿਆਂ ਨੂੰ ਰੇਤਾ ਦੇ ਖੱਡਿਆਂ ਦਾ ਠੇਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਹ ਧਰਨਾ ਇਸ ਲਈ ਲਾਇਆ ਹੈ ਕਿ ਕਾਂਗਰਸ ਦੇ ਮੰਤਰੀ ਵੱਲੋਂ ਕੀਤੇ ਜਾ ਰਹੇ ਘਪਲਿਆਂ ਨੂੰ ਬੰਦ ਕੀਤਾ ਜਾਵੇ ਅਤੇ ਰਾਣਾ ਗੁਰਜੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ 'ਚ ਰੇਤ ਮਹਿੰਗੀ ਤੇ ਨਸ਼ਾ ਸਸਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਅਕਾਲੀ-ਭਾਜਪਾ ਸਰਕਾਰ ਖਿਲਾਫ ਪਿਛਲੇ 10 ਸਾਲ ਲੜਾਈ ਲੜੀ ਹੈ ਤੇ ਹੁਣ ਕਾਂਗਰਸ ਦੇ ਨਾਲ ਵੀ ਉਸੇ ਤਰ੍ਹਾਂ ਹੀ ਲੜਾਈ ਲੜਾਂਗੇ, ਜੋ ਧੱਕੇਸ਼ਾਹੀ ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਦੁਆਰਾ ਲੋਕਾਂ ਨਾਲ ਕੀਤੀ ਗਈ ਸੀ, ਉਸੇ ਕੜੀ ਤਹਿਤ ਕਾਂਗਰਸ ਵੀ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਜਿਹੜੇ ਵਾਅਦੇ ਕਰ ਕੇ ਸੱਤਾ ਪ੍ਰਾਪਤ ਕੀਤੀ ਹੈ ਅਤੇ ਹੁਣ ਸਰਕਾਰ ਬਣਨ ਤੋਂ ਬਾਅਦ ਸਾਰੇ ਵਾਅਦੇ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਕਿਸਾਨਾਂ ਦੇ ਕਰਜ਼ੇ ਮੁਆਫ, ਕੈਪਟਨ ਦੇ ਸਮਾਰਟ ਫੋਨ, ਇਕ ਘਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਸਮੇਤ ਕਈ ਹੋਰ ਵਾਅਦੇ ਪੂਰੇ ਹੋਣ ਦੀ ਉਮੀਦ ਲਾਈ ਬੈਠੇ ਹਨ ਪਰ ਤਿੰਨ ਮਹੀਨੇ ਸਰਕਾਰ ਦੇ ਬੀਤਣ ਦੇ ਬਾਵਜੂਦ ਕੋਈ ਵਾਅਦਾ ਪੂਰਾ ਨਹੀਂ ਹੋ ਸਕਿਆ। 
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਹੱਥ ਹੀ ਬਦਲੇ ਹਨ ਪਰ ਪੰਜਾਬ ਦੀ ਲੁੱਟ ਉਸੇ ਤਰ੍ਹਾਂ ਜਾਰੀ ਹੈ। ਕਿਸੇ ਹੋਰ ਨੂੰ ਤਾਂ ਨੌਕਰੀ ਮਿਲੀ ਨਹੀਂ ਪਰ ਸਾਬਕਾ ਮੁੱਖਮੰਤਰੀ ਬੇਅੰਤ ਦੇ ਪੋਤਰੇ ਨੂੰ ਓਵਰਏਜ ਹੋਣ ਦੇ ਬਾਵਜੂਦ ਸਿੱਧੇ ਡੀ.ਐੱਸ.ਪੀ. ਭਰਤੀ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਬਾ ਚੋਣ ਦੌਰਾਨ ਹੱਥ 'ਚ ਸ੍ਰੀ ਗੁਟਕਾ ਸਾਹਿਬ ਫੜਕੇ ਸਹੁੰ ਲਈ ਸੀ ਕਿ ਉਹ ਕਿਸਾਨਾਂ ਦਾ ਕਰਜਾ ਮਾਫ ਕਰਣਗੇ, ਜੇਕਰ ਅੱਜ ਵੀ  ਸੂਬੇ 'ਚ ਰੋਜਾਨਾ ਇਕ ਜਾਂ ਦੋ ਕਿਸਾਨ ਕਰਜੇ ਦੀ ਮਾਰ ਹੇਠਾ ਆਤਮਹੱਤਿਆ ਕਰ ਰਹੇ ਹਨ। ਇਸ ਮੌਕੇ ਅਮਰਜੀਤ ਸਿੰਘ ਚਾਹਲ, ਕੰਵਲਜੀਤ ਸਿੰਘ ਕਾਕੀ, ਜੋਗਿੰਦਰ ਸਿੰਘ ਛੀਨਾ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਗੁਰਵਿੰਦਰ ਸਿੰਘ ਸ਼ਾਮਪੁਰਾ, ਠੇਕੇਦਾਰ ਅਮਰਜੀਤ ਸਿੰਘ, ਸੁਰਜੀਤ ਸਿੰਘ ਮਨਹਾਸ, ਡਾ. ਮਨਮੋਹਨ ਸਿੰਘ, ਗੁਰਦਿਆਲ ਸਿੰਘ, ਕਨਵੀਨਰ ਲਖਬੀਰ ਸਿੰਘ, ਗੁਰਦਿਆਲ ਸਿੰਘ, ਸੁਖਬਾਜ ਪਰਵਾਨਾ, ਰਜਵੰਤ ਸਿੰਘ ਅਲੀਸ਼ੇਰ, ਡਾ. ਰਾਮ ਸ਼ਰਨ, ਸਰਬਜੀਤ ਸਿੰਘ ਅਤੇ ਕਈ ਹੋਰ ਪਾਰਟੀ ਵਲੰਟੀਅਰ ਅਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।


Related News