ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਰਚੀਆਂ ਜਾ ਰਹੀਆਂ ਵੱਡੀਆਂ ਸਾਜ਼ਿਸ਼ਾਂ : ਚੀਮਾ (ਵੀਡੀਓ)
Friday, Apr 03, 2026 - 01:48 PM (IST)
ਚੱਬੇਵਾਲ : ਇੱਥੇ 'ਪੰਜਾਬ ਬਚਾਓ' ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਖ਼ਰਾਬ ਮੌਸਮ ਹੋਣ ਕਰਕੇ ਵੀ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਹੋਇਆ ਹੈ ਅਤੇ ਉਹ ਲੋਕਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹੋ ਮਾਹੌਲ ਉਸ ਵੇਲੇ ਵੀ ਹੁੰਦਾ ਸੀ, ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਆਉਂਦੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਪੰਜਾਬ ਨੂੰ ਬਚਾਉਣ ਲਈ ਵੱਡੀ ਸਕੀਮ ਬਣਾਈ ਗਈ ਹੈ, ਜਿਸ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸਥਾਰ ਸਹਿਤ ਜਾਣਕਾਰੀ ਦੇਣਗੇ। ਦਲਜੀਤ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਲਈ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਠੇਕਾ ਅਧਿਆਪਕਾਂ ਨੂੰ ਵੱਡੀ ਰਾਹਤ, ਰੈਗੂਲਰ ਕੀਤੀਆਂ ਜਾਣਗੀਆਂ ਸੇਵਾਵਾਂ, ਕੈਟ ਨੇ ਜਾਰੀ ਕੀਤੇ ਹੁਕਮ
ਜਿਸ ਤਰੀਕੇ ਡਾ. ਬੀ. ਆਰ. ਅੰਬੇਡਕਰ ਸਾਹਿਬ ਦੇ ਬੁੱਤ ਦੀ ਬੇਅਦਬੀ ਕੀਤੀ ਗਈ, ਇਹ ਕੋਈ ਪਹਿਲੀ ਵਾਰ ਨਹੀਂ ਹੈ, ਸਗੋਂ ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋਆਬੇ ਦੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਪਿੱਛੇ ਬਹੁਤ ਵੱਡੀਆਂ ਏਜੰਸੀਆਂ ਹਨ। ਦਲਜੀਤ ਚੀਮਾ ਨੇ ਕਿਹਾ ਕਿ ਕਿਤੇ ਬੇਅਦਬੀ ਅਤੇ ਕਿਤੇ ਗ੍ਰਨੇਡ ਸੁੱਟਣ ਦੀ ਘਟਨਾ ਵਾਪਰ ਰਹੀ ਹੈ। ਆਰਥਿਕ ਤੌਰ 'ਤੇ ਵੀ ਪੰਜਾਬ ਕੰਗਾਲੀ ਦੇ ਰਾਹ 'ਤੇ ਪੁੱਜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੌਜੂਦਾ ਸਰਕਾਰ ਖ਼ਤਮ ਹੋਵੇਗੀ, ਪੰਜਾਬ 'ਤੇ ਸਾਢੇ 4 ਲੱਖ ਕਰੋੜ ਦਾ ਕਰਜ਼ਾ ਚੜ੍ਹ ਜਾਣਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨਾਲ ਪੈਣਗੇ ਗੜ੍ਹੇ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ ਭਵਿੱਖਬਾਣੀ
ਅੱਜ ਇਕ ਵੀ ਪੈਸਾ ਪੰਜਾਬ ਕੋਲ ਵਿਕਾਸ ਲਈ ਨਹੀਂ ਬਚਦਾ। ਇਹ ਉਹੀ ਪੰਜਾਬ ਹੈ, ਜਿੱਥੇ ਸ. ਪ੍ਰਕਾਸ਼ ਸਿੰਘ ਬਾਦਲ ਦਿਨ-ਰਾਤ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਸਨ ਅਤੇ ਵੱਡੇ-ਵੱਡੇ ਪ੍ਰਾਜੈਕਟ ਪੰਜਾਬ 'ਚ ਲੱਗ ਰਹੇ ਸਨ ਪਰ ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਧੱਕਿਆ ਜਾ ਰਿਹਾ ਹੈ ਅਤੇ ਬੇਰੁਜ਼ਗਾਰੀ ਕਾਰਨ ਨੌਜਵਾਨ ਬਾਹਰ ਜਾਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੁਕਸਾਨ ਪਿਛਲੇ 10 ਸਾਲਾਂ 'ਚ ਬਹੁਤ ਜ਼ਿਆਦਾ ਹੋਇਆ ਹੈ ਅਤੇ ਅਕਾਲੀ ਦਲ ਹੀ ਪੰਜਾਬ ਨੂੰ ਬਚਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
