ਪੰਜਾਬ ''ਚ ਵੱਟ ਕੱਢੇਗੀ ਗਰਮੀ! ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਭਵਿੱਖਬਾਣੀ, 16-17 ਅਪ੍ਰੈਲ ਨੂੰ...
Monday, Apr 13, 2026 - 10:05 AM (IST)
ਚੰਡੀਗੜ੍ਹ (ਮਨਪ੍ਰੀਤ) : ਪੰਜਾਬ 'ਚ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀ ਮੌਸਮ ਦੀ ਹਲਚਲ ਤੋਂ ਬਾਅਦ ਹੁਣ ਤਾਪਮਾਨ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਦੇ ਤਾਜ਼ਾ ਬੁਲੇਟਿਨ ਅਨੁਸਾਰ ਆਉਣ ਵਾਲੇ ਹਫ਼ਤੇ ਦੌਰਾਨ ਸੂਬੇ 'ਚ ਗਰਮੀ ਦਾ ਪ੍ਰਭਾਵ ਹੋਰ ਵਧੇਗਾ ਅਤੇ ਵੱਧ ਤੋਂ ਵੱਧ ਤਾਪਮਾਨ 'ਚ 4 ਤੋਂ 6 ਡਿਗਰੀ ਸੈਲਸੀਅਸ ਤੱਕ ਦਾ ਉਛਾਲ ਆ ਸਕਦਾ ਹੈ। ਪਿਛਲੇ ਇੱਕ ਦਿਨ ਦੌਰਾਨ ਪੰਜਾਬ ਦੇ ਕੁੱਝ ਹਿੱਸਿਆਂ 'ਚ ਗਰਜ-ਚਮਕ ਦੇ ਨਾਲ ਹਲਕੀ ਬਾਰਸ਼ ਦੇਖੀ ਗਈ ਸੀ। ਹਾਲਾਂਕਿ ਹੁਣ ਮੌਸਮ ਸਾਫ਼ ਹੋਣ ਕਾਰਨ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 7 ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ 'ਚ 4-6 ਡਿਗਰੀ ਤੱਕ ਦਾ ਭਾਰੀ ਵਾਧਾ ਹੋ ਸਕਦਾ ਹੈ। ਫਿਲਹਾਲ 15 ਅਪ੍ਰੈਲ ਤੱਕ ਮੌਸਮ ਬਿਲਕੁਲ ਖੁਸ਼ਕ ਰਹੇਗਾ ਪਰ 16 ਅਤੇ 17 ਅਪ੍ਰੈਲ ਨੂੰ ਪੰਜਾਬ ਦੇ ਕੁੱਝ ਹਿੱਸਿਆਂ 'ਚ ਬੱਦਲਵਾਈ ਅਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਕੁੱਝ ਦਿਨਾਂ 'ਚ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ 'ਚ ਤਾਪਮਾਨ 37 ਡਿਗਰੀ ਤੱਕ ਜਾਣ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕੁੱਝ ਦਿਨ ਪੰਜਾਬ ਦੇ ਬਹੁਤੇ ਹਿੱਸਿਆਂ 'ਚ ਮੌਸਮ ਮੁੱਖ ਤੌਰ 'ਤੇ ਖ਼ੁਸ਼ਕ ਰਹੇਗਾ। 13 ਤੋਂ 15 ਅਪ੍ਰੈਲ ਤੱਕ ਅਸਮਾਨ ਬਿਲਕੁਲ ਸਾਫ਼ ਰਹੇਗਾ ਅਤੇ ਤਾਪਮਾਨ 33 ਡਿਗਰੀ ਸੈਲਸੀਅਸ ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇੱਕ ਕਮਜ਼ੋਰ ਪੱਛਮੀ ਗੜਬੜੀ ਦੇ ਕਾਰਨ ਸੂਬੇ ਦੇ ਕੁੱਝ ਹਿੱਸਿਆਂ 'ਚ ਬੱਦਲਵਾਈ ਹੋ ਸਕਦੀ ਹੈ ਅਤੇ ਕਿਤੇ-ਕਿਤੇ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਫਿਲਹਾਲ ਵਿਭਾਗ ਵੱਲੋਂ ਕੋਈ ਵਿਸ਼ੇਸ਼ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਬਠਿੰਡਾ ਰਿਹਾ ਸਭ ਤੋਂ ਗਰਮ
ਸੂਬੇ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ ਬੀਤੇ ਦਿਨ ਦੇ ਮੁਕਾਬਲੇ 0.4 ਡਿਗਰੀ ਸੈਲਸੀਅਸ ਵੱਧ ਗਿਆ ਹੈ। ਸੂਬੇ ਦੇ ਗਰਮ ਇਲਾਕਿਆਂ ਦੀ ਗੱਲ ਕਰੀਏ ਤਾਂ ਬਠਿੰਡਾ ਇਸ ਵੇਲੇ ਪੰਜਾਬ ਦਾ ਸਭ ਤੋਂ ਗਰਮ ਸਟੇਸ਼ਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 33.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਸੂਬੇ 'ਚ ਔਸਤਨ ਘੱਟ ਤੋਂ ਘੱਟ ਤਾਪਮਾਨ 'ਚ 1.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਰਾਤਾਂ ਅਜੇ ਵੀ ਆਮ ਨਾਲੋਂ 2.4 ਡਿਗਰੀ ਸੈਲਸੀਅਸ ਜ਼ਿਆਦਾ ਠੰਡੀਆਂ ਮਹਿਸੂਸ ਕੀਤੀਆਂ ਜਾ ਰਹੀਆਂ ਹਨ ਪਟਿਆਲਾ 'ਚ ਵੀ ਤਾਪਮਾਨ 33 ਅਤੇ ਫ਼ਰੀਦਕੋਟ 'ਚ 32.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਦੇ ਉਲਟ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ 'ਚ ਦਰਜ ਕੀਤਾ ਗਿਆ, ਜਿੱਥੇ ਪਾਰਾ ਡਿੱਗ ਕੇ 13 ਡਿਗਰੀ ਸੈਲਸੀਅਸ ਤੱਕ ਰਹਿ ਗਿਆ, ਜੋ ਕਿ ਪੂਰੇ ਸੂਬੇ 'ਚ ਸਭ ਤੋਂ ਘੱਟ ਰਿਹਾ। ਪੰਜਾਬ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ 'ਚ ਵੀ ਗਰਮੀ ਦਾ ਅਸਰ ਵੱਧ ਰਿਹਾ ਹੈ। ਫ਼ਿਰੋਜ਼ਪੁਰ 'ਚ ਪਾਰਾ 31. 8 ਡਿਗਰੀ ਸੈਲਸੀਅਸ, ਲੁਧਿਆਣਾ 'ਚ 31.6 ਡਿਗਰੀ ਸੈਲਸੀਅਸ ਅਤੇ ਰੂਪਨਗਰ (ਸ੍ਰੀ ਅਨੰਦਪੁਰ ਸਾਹਿਬ) 'ਚ 31.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਟ੍ਰਾਈਸਿਟੀ ਖੇਤਰ 'ਚ ਚੰਡੀਗੜ੍ਹ ਅਤੇ ਮੋਹਾਲੀ 'ਚ ਤਾਪਮਾਨ ਕ੍ਰਮਵਾਰ 31.9 ਡਿਗਰੀ ਸੈਲਸੀਅਸ ਅਤੇ 31.1 ਡਿਗਰੀ ਸੈਲਸੀਅਸ ਰਿਹਾ। ਉੱਤਰੀ ਜ਼ਿਲ੍ਹਿਆਂ ਜਿਵੇਂ ਪਠਾਨਕੋਟ ਵਿੱਚ ਤਾਪਮਾਨ 30.3 ਡਿਗਰੀ ਸੈਲਸੀਅਸ, ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ) ਵਿੱਚ 31.2 ਡਿਗਰੀ ਸੈਲਸੀਅਸ, ਅਤੇ ਗੁਰਦਾਸਪੁਰ ਵਿੱਚ 30.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ।
ਕਿਸਾਨਾਂ ਲਈ ਸੁਝਾਅ
ਤਾਪਮਾਨ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੱਕ ਰਹੀ ਕਣਕ ਦੀ ਫ਼ਸਲ ਲਈ ਇਹ ਮੌਸਮ ਅਹਿਮ ਹੈ। ਬਾਰਸ਼ ਦੀ ਸੰਭਾਵਨਾ ਘੱਟ ਹੋਣ ਕਾਰਨ ਕਿਸਾਨ ਆਪਣੀ ਵਾਢੀ ਦੀ ਯੋਜਨਾ ਬਣਾ ਸਕਦੇ ਹਨ ਪਰ 16 ਅਪ੍ਰੈਲ ਦੇ ਨੇੜੇ ਮੌਸਮ 'ਤੇ ਨਜ਼ਰ ਰੱਖਣਾ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
