ਵਿਧਾਨ ਸਭਾ ''ਚ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਅੱਜ

07/20/2017 2:34:59 AM

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਲਈ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਵਿਚ ਪਾਰਟੀ ਦੀ ਪੰਜਾਬ ਇਕਾਈ ਦੇ ਵਿਧਾਇਕ ਦਲ ਦੀ ਮਹੱਤਵਪੂਰਨ ਬੈਠਕ ਨਵੀਂ ਦਿੱਲੀ ਵਿਚ ਆਯੋਜਿਤ ਹੋਵੇਗੀ। ਹਾਲਾਂਕਿ ਇਸ ਅਹੁਦੇ ਲਈ ਪਾਰਟੀ ਵਿਧਾਇਕਾਂ ਵਿਚ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਅਮਨ ਅਰੋੜਾ, ਪਾਰਟੀ ਦੀ ਪੰਜਾਬ ਇਕਾਈ ਦੀ ਸਾਬਕਾ ਪ੍ਰਧਾਨ ਪ੍ਰੋ. ਬਲਜਿੰਦਰ ਕੌਰ, ਵਿਧਾਨ ਸਭਾ ਮੈਨੀਫੈਸਟੋ ਲਈ ਗਠਿਤ ਕਮੇਟੀ ਦੇ ਚੇਅਰਮੈਨ ਰਹੇ ਤੇ ਪੱਤਰਕਾਰੀ ਤੋਂ ਰਾਜਨੀਤੀ ਵਿਚ ਪ੍ਰਵੇਸ਼ ਕਰਨ ਵਾਲੇ ਕੰਵਰ ਸੰਧੂ ਅਤੇ ਪਾਰਟੀ ਦੇ ਮੁੱਖ ਬੁਲਾਰੇ ਤੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਂ ਚਰਚਾ ਦਾ ਵਿਸ਼ਾ ਰਹੇ ਹਨ ਪਰ ਪਾਰਟੀ ਨਾਲ ਜੁੜੇ ਸੂਤਰਾਂ ਅਨੁਸਾਰ ਖਹਿਰਾ ਇਸ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਦਿਖਾਈ ਦੇ ਰਹੇ ਹਨ। 
'ਜਗ ਬਾਣੀ' ਵੱਲੋਂ ਪਾਰਟੀ ਦੇ 12 ਵਿਧਾਇਕਾਂ ਨਾਲ ਇਸ ਮਾਮਲੇ ਨੂੰ ਲੈ ਕੇ ਕੀਤੀ ਗਈ ਗੱਲ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਇਸ ਅਹੁਦੇ ਲਈ ਖਹਿਰਾ ਨੂੰ ਯੋਗ ਉਮੀਦਵਾਰ ਮੰਨਦੇ ਹਨ। ਨਾਂ ਨਾ ਛਾਪਣ ਦੀ ਸ਼ਰਤ 'ਤੇ ਇਨ੍ਹਾਂ ਸਾਰੇ ਵਿਧਾਇਕਾਂ ਦਾ ਕਹਿਣਾ ਸੀ ਕਿ ਜੇਕਰ ਵਿਧਾਇਕਾਂ ਦੀ ਰਾਇ 'ਤੇ ਹਾਈਕਮਾਂਡ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਤੈਅ ਕਰਦਾ ਹੈ ਤਾਂ ਫਿਰ ਖਹਿਰਾ ਦਾ ਚੁਣਿਆ ਜਾਣਾ ਤੈਅ ਹੈ ਤੇ ਜੇਕਰ ਹਾਈਕਮਾਂਡ ਹੋਰ ਫੈਸਲਾ ਸੁਣਾਉਂਦੀ ਹੈ ਤਾਂ ਪਾਰਟੀ ਵਿਧਾਇਕ ਗੁਪਤ ਵੋਟਾਂ 'ਤੇ ਜ਼ੋਰ ਪਾਉਣਗੇ। ਇਨ੍ਹਾਂ ਵਿਧਾਇਕਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੀ ਬਾਦਲ ਸਰਕਾਰ ਤੇ ਮੌਜੂਦਾ ਕਾਂਗਰਸ ਸਰਕਾਰ ਦੌਰਾਨ ਬੇਨਿਯਮੀਆਂ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਜਗ ਜ਼ਾਹਿਰ ਕਰਨ ਲਈ 'ਵਨ ਮੈਨ ਆਰਮੀ' ਦੇ ਰੂਪ ਵਿਚ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਮੈਦਾਨ ਵਿਚ ਉਤਰਦੇ ਹਨ, ਉਸ ਨਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿਚ ਉਨ੍ਹਾਂ ਦੀ ਨਿਯੁਕਤੀ ਪਾਰਟੀ ਦੇ ਰਾਜ ਵਿਚ ਡਿੱਗਦੇ ਗ੍ਰਾਫ਼ ਨੂੰ ਰੋਕਣ ਤੇ ਵਿਰੋਧੀ ਧਿਰ ਦੀ ਕਾਰਗਰ ਭੂਮਿਕਾ ਲਈ ਵੀ ਮਹੱਤਵਪੂਰਨ ਸਾਬਿਤ ਹੋਵੇਗੀ। ਸੂਤਰਾਂ ਅਨੁਸਾਰ ਪੰਜਾਬ ਵਿਧਾਨ ਸਭਾ ਨਤੀਜਿਆਂ ਤੋਂ ਨਿਰਾਸ਼ ਯੂਰਪੀਅਨ ਦੇਸ਼ਾਂ ਦੇ ਪਾਰਟੀ ਕਨਵੀਨਰਾਂ ਨੇ ਵੀ ਸੁਖਪਾਲ ਸਿੰਘ ਖਹਿਰਾ ਦੇ ਨਾਂ ਦੇ ਪੱਤਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਭੇਜ ਦਿੱਤੇ ਹਨ। 
ਪਾਰਟੀ ਦੇ ਇਕ ਸੀਨੀਅਰ ਲੀਡਰ ਨੇ ਨਿੱਜੀ ਤੌਰ 'ਤੇ ਮੰਨਿਆ ਕਿ ਬੇਸ਼ੱਕ ਅੰਤਿਮ ਫੈਸਲਾ ਪਾਰਟੀ ਵਿਧਾਇਕਾਂ ਦੀ ਰਾਇ 'ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਰਨਾ ਹੈ ਪਰ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਅਮਨ ਅਰੋੜਾ ਤੋਂ ਮੌਜੂਦਾ ਜ਼ਿੰਮੇਵਾਰੀਆਂ ਵਾਪਸ ਲੈਣਾ ਪਾਰਟੀ ਦੇ ਹਿੱਤ ਲਈ ਠੀਕ ਨਹੀਂ ਹੋਵੇਗਾ। ਉਥੇ ਹੀ ਦੂਸਰੇ ਪਾਸੇ ਬੇਸ਼ੱਕ ਇਸ ਅਹੁਦੇ 'ਤੇ ਪ੍ਰੋ. ਬਲਜਿੰਦਰ ਕੌਰ ਦੀ ਦਾਅਵੇਦਾਰੀ ਦੀ ਮੀਡੀਆ ਵਿਚ ਚਰਚਾ ਰਹੀ ਹੈ ਪਰ ਪਾਰਟੀ ਦੇ ਜ਼ਿਆਦਾਤਰ ਵਿਧਾਇਕਾਂ ਦਾ ਮੰਨਣਾ ਹੈ ਕਿ ਪਾਰਟੀ ਜਿਸ ਮੁੱਖ ਕਾਰਨ ਦੇ ਸੱਤਾ ਤੋਂ ਵਾਂਝੀ ਰਹੀ ਉਸ ਵਿਚਾਰਧਾਰਾ ਨਾਲ ਕੌਰ ਦਾ ਦਿਲਾਸਾ ਉਨ੍ਹਾਂ ਨੂੰ ਇਸ ਦੌੜ ਵਿਚ ਪਿੱਛੇ ਕਰ ਰਿਹਾ ਹੈ।


Related News