ਚੋਣ ਕਮਿਸ਼ਨ ਦੇ ਵੋਟਿੰਗ ਫੀਸਦੀ ਅੰਕੜਿਆਂ ’ਤੇ ਬਵਾਲ, ਵਿਰੋਧੀ ਧਿਰ ਨੇ ਨਤੀਜਿਆਂ ’ਚ ਹੇਰਫੇਰ ਦਾ ਖਦਸ਼ਾ ਪ੍ਰਗਟਾਇਆ

Friday, May 03, 2024 - 02:00 PM (IST)

ਚੋਣ ਕਮਿਸ਼ਨ ਦੇ ਵੋਟਿੰਗ ਫੀਸਦੀ ਅੰਕੜਿਆਂ ’ਤੇ ਬਵਾਲ, ਵਿਰੋਧੀ ਧਿਰ ਨੇ ਨਤੀਜਿਆਂ ’ਚ ਹੇਰਫੇਰ ਦਾ ਖਦਸ਼ਾ ਪ੍ਰਗਟਾਇਆ

ਨਵੀਂ ਦਿੱਲੀ- ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਦੇ 11 ਦਿਨ ਅਤੇ ਦੂਜੇ ਪੜਾਅ ਦੀ ਵੋਟਿੰਗ ਦੇ 4 ਦਿਨ ਬਾਅਦ ਅਧਿਕਾਰਤ ਅੰਕੜੇ ਜਾਰੀ ਕਰਨ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਈ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਦੇ ਮੁਕਾਬਲੇ ਵੋਟਿੰਗ ਫੀਸਦੀ ਇੰਨੀ ਕਿਵੇਂ ਵਧ ਗਈ ਅਤੇ ਵੋਟਰਾਂ ਦੀ ਗਿਣਤੀ ਕਿਉਂ ਨਹੀਂ ਦਿੱਤੀ ਗਈ। ਸਿਆਸੀ ਪਾਰਟੀਆਂ ਨੇ ਵੀ ਚੋਣ ਨਤੀਜਿਆਂ ਵਿਚ ਹੇਰਫੇਰ ਦਾ ਖਦਸ਼ਾ ਪ੍ਰਗਟਾਇਆ ਹੈ। ਕਈ ਨੇਤਾਵਾਂ ਨੇ ਕਿਹਾ ਹੈ ਕਿ 2014 ਤੱਕ ਹਰ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਹਮੇਸ਼ਾ ਮੌਜੂਦ ਸੀ। ਕਮਿਸ਼ਨ ਨੂੰ ਪਾਰਦਰਸ਼ੀ ਹੋਣਾ ਚਾਹੀਦਾ ਹੈ ਅਤੇ ਇਸ ਡੇਟਾ ਨੂੰ ਅੱਗੇ ਰੱਖਣਾ ਚਾਹੀਦਾ ਹੈ।

ਕਾਂਗਰਸ ਨੇ ਕਿਹਾ-ਪਾਰਦਰਸ਼ਤਾ ਜ਼ਰੂਰੀ

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਲਈ ਚੋਣਾਂ ਸਬੰਧੀ ਸਾਰੇ ਅੰਕੜਿਆਂ ਬਾਰੇ ਸਮੇਂ ਸਿਰ ਅਤੇ ਪਾਰਦਰਸ਼ੀ ਹੋਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਜਨਤਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਐਕਸ ’ਤੇ ਇਕ ਪੋਸਟ ’ਚ ਪੁੱਛਿਆ ਕਿ ਪਹਿਲੇ ਪੜਾਅ ਦੀ ਵੋਟਿੰਗ ਤੋਂ 11 ਦਿਨ ਬਾਅਦ ਅਤੇ ਦੂਜੇ ਪੜਾਅ ਦੇ ਚਾਰ ਦਿਨ ਬਾਅਦ ਵੀ ਈ. ਸੀ. ਆਈ. ਵੱਲੋਂ ਅੰਤਿਮ ਵੋਟ ਫੀਸਦੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਪੁੱਛਿਆ ਕਿ ਇਸ ਦੇਰੀ ਦਾ ਕੀ ਕਾਰਨ ਹੈ?

ਮਮਤਾ ਨੇ ਲਗਾਏ ਮਸ਼ੀਨ ਬਦਲਣ ਦੇ ਦੋਸ਼

ਮਮਤਾ ਬੈਨਰਜੀ ਨੇ ਵੋਟਿੰਗ ਦੇ ਸੋਧੇ ਅੰਕੜਿਆਂ ’ਤੇ ਸਵਾਲ ਖੜ੍ਹੇ ਕਰਦਿਆਂ ਭਾਜਪਾ ’ਤੇ ਈ. ਵੀ. ਐੱਮ. ਮਸ਼ੀਨ ਨੂੰ ਬਦਲਣ ਦਾ ਦੋਸ਼ ਲਗਾਇਆ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਵੋਟਿੰਗ ਅੰਕੜਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਕਹਾਂਗੇ ਕਿ ਲੋਕਾਂ ਦੇ ਸ਼ੱਕ ਨੂੰ ਦੂਰ ਕੀਤਾ ਜਾਵੇ। ਭਾਜਪਾ ਕਮਿਸ਼ਨ ਬਣਨ ਦਾ ਕੋਈ ਮਤਲਬ ਨਹੀਂ ਹੈ। ਭਾਰਤ ਦੇ ਲੋਕ ਤੁਹਾਨੂੰ ਇਕ ਸੁਤੰਤਰ ਚੋਣ ਕਮਿਸ਼ਨ ਵਜੋਂ ਕੰਮ ਕਰਦੇ ਦੇਖਣਾ ਚਾਹੁੰਦੇ ਹਨ। ਮਮਤਾ ਨੇ ਦਾਅਵਾ ਕੀਤਾ ਕਿ ਕਮਿਸ਼ਨ , ਜੋ ਵੋਟਿੰਗ ਵਾਲੇ ਦਿਨ ਦੇਰ ਸ਼ਾਮ ਜਾਂ ਅਗਲੀ ਸਵੇਰ ਅੰਤਿਮ ਪੋਲਿੰਗ ਅੰਕੜੇ ਭੇਜਦਾ ਹੈ, ਉਨ੍ਹਾਂ ਨੇ ਕੱਲ ਸ਼ਾਮ ਅੰਕੜਿਆਂ ਦਾ ਸੋਧਿਆ ਸੈੱਟ ਭੇਜਿਆ ਹੈ। ਇਸ ’ਚ ਬੰਗਾਲ ’ਚ ਪਹਿਲੇ ਪੜਾਅ ਲਈ ਅੰਤਿਮ ਅੰਕੜਾ 81.91 ਫੀਸਦੀ ਅਤੇ ਦੂਜੇ ਪੜਾਅ ਲਈ 76.58 ਫੀਸਦੀ ਰਿਹਾ ਸੀ। ਇਹ ਵੋਟਾਂ ਵਾਲੇ ਦਿਨ ਦੇ ਅੰਕੜਿਆਂ ਤੋਂ ਵੱਧ ਹੈ। ਪਹਿਲੇ ਪੜਾਅ ਲਈ 19 ਅਪ੍ਰੈਲ ਨੂੰ ਕਵਰੇਜ 77.6 ਫੀਸਦੀ ਸੀ ਅਤੇ ਦੂਜੇ ਪੜਾਅ ਲਈ 26 ਅਪ੍ਰੈਲ ਨੂੰ ਇਹ 71.8 ਫੀਸਦੀ ਸੀ।

ਯੋਗੇਂਦਰ ਯਾਦਵ ਨੇ ਵੀ ਚਿੰਤਾ ਪ੍ਰਗਟਾਈ

ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਐਕਸ ’ਤੇ ਲਿਖਿਆ ਕਿ ਉਸ ਨੇ 35 ਸਾਲਾਂ ਤੋਂ ਭਾਰਤੀ ਚੋਣਾਂ ਨੂੰ ਦੇਖਿਆ ਅਤੇ ਅਧਿਐਨ ਕੀਤਾ ਹੈ। ਸ਼ੁਰੂਆਤੀ (ਪੋਲਿੰਗ ਦਿਨ ਸ਼ਾਮ) ਅਤੇ ਅੰਤਿਮ ਪੋਲਿੰਗ ਅੰਕੜਿਆਂ ’ਚ 3 ਤੋਂ 5 ਫੀਸਦੀ ਅੰਕਾਂ ਦਾ ਅੰਤਰ ਅਸਧਾਰਨ ਨਹੀਂ ਸੀ, ਸਾਨੂੰ 24 ਘੰਟਿਆਂ ਦੇ ਅੰਦਰ ਅੰਤਿਮ ਅੰਕੜੇ ਮਿਲ ਜਾਂਦੇ ਹਨ। ਇਸ ਵਾਰ ਅਸਾਧਾਰਨ ਅਤੇ ਚਿੰਤਾਜਨਕ ਇਹ ਹੈ ਕਿ ਪਹਿਲੇ ਅਤੇ ਅੰਤਿਮ ਅੰਕੜੇ ਜਾਰੀ ਕਰਨ ਵਿਚ 11 ਦਿਨਾਂ ਦੀ ਦੇਰੀ ਹੋਈ ਹੈ। ਦੂਜਾ, ਹਰੇਕ ਹਲਕੇ ਅਤੇ ਇਸ ਦੇ ਹਿੱਸੇ ਲਈ ਵੋਟਰਾਂ ਦੀ ਅਸਲ ਗਿਣਤੀ ਅਤੇ ਵੋਟਾਂ ਦਾ ਖੁਲਾਸਾ ਨਾ ਹੋਣਾ ਵੀ ਚਿੰਤਾਜਨਕ ਹੈ। ਕਮਿਸ਼ਨ ਨੂੰ ਇਸ ਬੇਲੋੜੀ ਦੇਰੀ ਅਤੇ ਰਿਪੋਰਟਿੰਗ ਫਾਰਮੈਟ ਵਿਚ ਅਚਾਨਕ ਤਬਦੀਲੀ ਦੀ ਵੀ ਵਿਆਖਿਆ ਕਰਨੀ ਚਾਹੀਦੀ ਹੈ।

ਯੇਚੁਰੀ ਦੇ ਵੋਟਰਾਂ ਦੀ ਪੂਰੀ ਗਿਣਤੀ ਕਿਉਂ ਨਹੀਂ?

ਚੋਣ ਕਮਿਸ਼ਨ ਦੇ ਇਨ੍ਹਾਂ ਅੰਕੜਿਆਂ ਨੂੰ ਲੈ ਕੇ ਸੀਤਾਰਾਮ ਯੇਚੁਰੀ ਨੇ ‘ਐਕਸ’ ’ਤੇ ਲਿਖਿਆ ਕਿ ਆਖ਼ਿਰਕਾਰ ਚੋਣ ਕਮਿਸ਼ਨ ਨੇ ਪਹਿਲੇ ਦੋ ਪੜਾਵਾਂ ਲਈ ਵੋਟਾਂ ਦੇ ਅੰਤਿਮ ਅੰਕੜੇ ਪੇਸ਼ ਕਰ ਦਿੱਤੇ ਹਨ, ਜੋ ਆਮ ਵਾਂਗ ਮਾਮੂਲੀ ਨਹੀਂ ਹਨ ਪਰ ਸ਼ੁਰੂਆਤੀ ਅੰਕੜਿਆਂ ਤੋਂ ਵੱਧ ਹਨ। ਹਰੇਕ ਸੰਸਦੀ ਹਲਕੇ ਵਿਚ ਵੋਟਰਾਂ ਦੀ ਪੂਰੀ ਗਿਣਤੀ ਕਿਉਂ ਨਹੀਂ ਦੱਸੀ ਜਾਂਦੀ? ਇਕ ਹੋਰ ਪੋਸਟ ’ਚ ਯੇਚੁਰੀ ਨੇ ਲਿਖਿਆ, ‘ਮੈਂ ਹਰ ਹਲਕੇ ’ਚ ਰਜਿਸਟਰਡ ਵੋਟਰਾਂ ਦੀ ਸੰਪੂਰਨ ਗਿਣਤੀ ਦੀ ਗੱਲ ਕਰ ਰਿਹਾ ਹਾਂ, ਪੋਲ ਹੋਈਆਂ ਵੋਟਾਂ ਦੀ ਗਿਣਤੀ ਦੀ ਨਹੀਂ, ਜੋ ਪੋਸਟਲ ਬੈਲੇਟ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ। ਹਰ ਚੋਣ ਹਲਕੇ ’ਚ ਵੋਟਰਾਂ ਦੀ ਕੁਝ ਗਿਣਤੀ ਕਿਉਂ ਨਹੀਂ ਦੱਸੀ ਜਾ ਰਹੀ ਹੈ ? ਚੋਣ ਕਮਿਸ਼ਨ ਨੂੰ ਜਵਾਬ ਦੇਣਾ ਹੋਵੇਗਾ।


author

Rakesh

Content Editor

Related News