ਹੁਣ ਫਰੀਦਕੋਟ ਦੇ ਪਿੰਡ ਚੰਦਬਾਜਾ ਨੇ ਵਧਾਈ ਲੀਡਰਾਂ ਦੀ ਚਿੰਤਾ, ਸੱਥ ’ਚ ਬੋਰਡ ਲਗਾ ਦਿੱਤੀ ਚਿਤਾਵਨੀ
Wednesday, Jul 07, 2021 - 06:25 PM (IST)
ਫਰੀਦਕੋਟ (ਜਗਤਾਰ) : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨ ਹੁਣ ਪਿੰਡ ਪੱਧਰ ’ਤੇ ਵੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲੱਗੇ ਹਨ। ਇਸ ਦੇ ਚੱਲਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਬਾਜਾ ਵਿਚ ਪਿੰਡ ਦੇ ਲੋਕਾਂ ਅਤੇ ਪੰਚਾਇਤ ਨੇ ਮਿਲ ਕੇ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ । ਪਿੰਡ ਦੀ ਪੰਚਾਇਤ ਨੇ ਪਿੰਡ ਦੀ ਸੱਥ ਅਤੇ ਹੋਰ ਜਨਤਕ ਥਾਵਾਂ ’ਤੇ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਬੋਰਡ ਲਗਾ ਕੇ ਇਹ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤਕ ਕੋਈ ਵੀ ਰਾਜਨੀਤਕ ਪਾਰਟੀ ਉਨ੍ਹਾਂ ਦੇ ਪਿੰਡ ਵਿਚ ਨਾ ਆਵੇ।
ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਜਗਦੀਪ ਢਿੱਲੋਂ ਦੇ ਨੌਜਵਾਨ ਪੁੱਤਰ ਦੀ ਕੈਨੇਡਾ ’ਚ ਮੌਤ
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਨੇ ਕਿਹਾ ਕਿ ਪੂਰੇ ਪਿੰਡ ਨੇ ਇਕੱਠੇ ਹੋ ਕੇ ਕਿਸਾਨ ਅੰਦੋਲਨ ਦੇ ਚੱਲਦਿਆਂ ਇਹ ਫ਼ੈਸਲਾ ਲਿਆ ਹੈ ਕਿ ਜਦ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਕਿਸੇ ਵੀ ਰਾਜਨੀਤਕ ਲੀਡਰ ਨੂੰ ਪਿੰਡ ਵਿਚ ਕੋਈ ਸਭਾ ਨਹੀਂ ਕਰਨ ਦੇਣਗੇ। ਦੱਸਣਯੋਗ ਹੈ ਕਿ ਫਰੀਦਕੋਟ ਦਾ ਪਿੰਡ ਚੰਦਬਾਜਾ ਕੋਈ ਪਹਿਲਾ ਪਿੰਡ ਨਹੀਂ ਹੈ ਜਿਥੇ ਚੋਣਾਂ ਤੋਂ ਪਹਿਲਾਂ ਸਿਆਸੀ ਲੀਡਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੋਵੇ, ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਪਿੰਡਾਂ ਵਿਚ ਪੰਚਾਇਤਾਂ ਵਲੋਂ ਮਤੇ ਪਾ ਕੇ ਅਜਿਹੇ ਐਲਾਨ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਫਿਰ ਆਹਮੋ-ਸਾਹਮਣੇ, ਹੁਣ ਇਸ ਮਸਲੇ ’ਤੇ ਵਧਿਆ ਵਿਵਾਦ
ਹੁਣ ਜਦੋਂ ਵਿਧਾਨ ਸਭਾ ਚੋਣਾਂ ਵਿਚ ਵੀ ਕੁਝ ਕੁ ਮਹੀਨਿਆਂ ਦਾ ਸਮਾਂ ਬਚਿਆ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਵੀ ਚੋਣ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਤਾਂ ਅਜਿਹੇ ਵਿਚ ਪਿੰਡ ਦੀਆਂ ਪੰਚਾਇਤਾਂ ਵਲੋਂ ਅਜਿਹੇ ਫ਼ੈਸਲੇ ਲਏ ਜਾਣ ਨਾਲ ਸਿਆਸੀ ਪਾਰਟੀਆਂ ਦੀਆਂ ਮੁਸ਼ਕਲਾਂ ਵਧਣੀਆਂ ਸੁਭਾਵਕ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਲੋਂ ਬਿਜਲੀ ਸਮਝੌਤਿਆਂ ਦੀ ਵਕਾਲਤ ਤੋਂ ਬਾਅਦ ਨਵਜੋਤ ਸਿੱਧੂ ਦਾ ਵੱਡਾ ਧਮਾਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?