ਲਾਰੈਂਸ-ਗੋਲਡੀ ਨੇ ਗੈਂਗਸਟਰ ਰਾਜੇਸ਼ ਬਵਾਨਾ ਨਾਲ ਮਿਲਾਇਆ ਹੱਥ; ਨੀਰਜ ਬਵਾਨਾ ਤੋਂ ਬਦਲਾ ਲੈਣ ਦੀ ਸਾਜ਼ਿਸ਼

Monday, Sep 26, 2022 - 08:38 PM (IST)

ਲਾਰੈਂਸ-ਗੋਲਡੀ ਨੇ ਗੈਂਗਸਟਰ ਰਾਜੇਸ਼ ਬਵਾਨਾ ਨਾਲ ਮਿਲਾਇਆ ਹੱਥ; ਨੀਰਜ ਬਵਾਨਾ ਤੋਂ ਬਦਲਾ ਲੈਣ ਦੀ ਸਾਜ਼ਿਸ਼

ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੰਬੀਹਾ ਤੇ ਲਾਰੈਂਸ ਗੈਂਗ ਵਿਚਾਲੇ ਗੈਂਗਵਾਰ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਇਹ ਆਵਾਜ਼ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਸੁਣਾਈ ਦੇ ਰਹੀ ਹੈ। ਦੋਵੇਂ ਵੱਡੀਆਂ ਗੈਂਗਾਂ ਦੇ ਸਿੰਡੀਕੇਟ ਆਪਣੇ ਵਿਰੋਧੀਆਂ ਨੂੰ ਠਿਕਾਣੇ ਲਗਾਉਣ ਲਈ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਹਨ। ਇਹ ਖੁਲਾਸਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਫੜੇ ਗਏ ਰਾਜੇਸ਼ ਬਵਾਨਾ ਗੈਂਗ ਦੇ ਸ਼ੂਟਰਾਂ ਦੀ ਗ੍ਰਿਫ਼ਤਾਰੀ ਮਗਰੋਂ ਹੋਇਆ ਹੈ। ਰਾਜੇਸ਼ ਬਵਾਨਾ ਅਤੇ ਦਿੱਲੀ ਦੇ ਸਭ ਤੋਂ ਵੱਡੇ ਡਾਨ ਕਹੇ ਜਾਣ ਵਾਲੇ ਨੀਰਜ ਬਵਾਨਾ ਵਿਚਾਲੇ ਖੂਨੀ ਗੈਂਗ ਵਾਰ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਇਸ ਵਾਰ ਚਰਚਾ ਇਸ ਲਈ ਜ਼ਿਆਦਾ ਹੋ ਰਹੀ ਹੈ ਕਿਉਂਕਿ ਰਾਜੇਸ਼ ਬਵਾਨਾ ਨੇ ਲਾਰੈਂਸ ਅਤੇ ਗੋਲਡੀ ਬਰਾੜ ਨਾਲ ਹੱਥ ਮਿਲਾਇਆ ਹੈ।

ਰਾਜੇਸ਼ ਬਵਾਨਾ ਦੇ ਸ਼ੂਟਰ ਨੀਰਜ ਬਵਾਨਾ ਗੈਂਗ ਨੂੰ ਨਿਸ਼ਾਨਾ ਬਣਾ ਰਹੇ ਸਨ। ਦੱਸ ਦੇਈਏ ਕਿ ਦਿੱਲੀ ਦੇ ਨਾਲ ਲੱਗਦੇ ਪਿੰਡ ਬਵਾਨਾ ਦੇ ਰਹਿਣ ਵਾਲੇ ਰਾਜੇਸ਼ ਬਵਾਨਾ 'ਤੇ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ 'ਚ 100 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਫਿਰੌਤੀ, ਜਬਰੀ ਵਸੂਲੀ ਵਰਗੇ ਗੰਭੀਰ ਮਾਮਲੇ ਦਰਜ ਹਨ। ਰਾਜੇਸ਼ ਬਵਾਨਾ ਨੇ ਸਾਲ 2005 ਵਿੱਚ ਅਪਰਾਧ ਦੀ ਦੁਨੀਆ 'ਚ ਪ੍ਰਵੇਸ਼ ਕੀਤਾ ਸੀ। ਕੁਝ ਸਮੇਂ 'ਚ ਉਸ ਨੇ ਅਪਰਾਧ ਜਗਤ 'ਚ ਅਜਿਹੀ ਸਨਸਨੀ ਮਚਾ ਦਿੱਤੀ ਕਿ ਕਿਸੇ ਸਮੇਂ ਦਿੱਲੀ ਦੀ ਸਭ ਤੋਂ ਵੱਡੀ ਗੈਂਗਸਟਰ ਨੀਤੂ ਡਬੋਡੀਆ ਉਸ ਨੂੰ ਆਪਣੇ ਗੈਂਗ 'ਚ ਸ਼ਾਮਲ ਕਰ ਲਿਆ। ਨੀਤੂ ਡਬੋਡੀਆ ਅਤੇ ਨੀਰਜ ਬਵਾਨਾ ਦੀ ਦੁਸ਼ਮਣੀ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਦੇਸ਼ ਦੀ ਰਾਜਧਾਨੀ ਅਤੇ ਬਾਹਰ ਦੋਵਾਂ ਗੈਂਗਸਟਰਾਂ ਵਿਚਾਲੇ ਕਈ ਵਾਪ ਗੈਂਗ ਵਾਰ ਹੋਈ, ਜਿਸ 'ਚ ਕਈ ਸ਼ੂਟਰ ਮਾਰੇ ਗਏ। ਇਸ ਤੋਂ ਬਾਅਦ ਦੋਵੇਂ ਗੈਂਗ ਦੇ ਬਦਮਾਸ਼ ਆਪਸ 'ਚ ਖੂਨ ਦੇ ਪਿਆਸੇ ਹੋ ਗਏ।

ਨੀਤੂ ਦੇ ਐਨਕਾਊਂਟਰ ਤੋਂ ਬਾਅਦ ਸੰਭਾਲੀ ਕਮਾਨ

ਦਰਅਸਲ, ਅਕਤੂਬਰ 2013 'ਚ ਦਿੱਲੀ ਦੀ ਸਭ ਤੋਂ ਖ਼ਤਰਨਾਰਕ ਗੈਂਗਸਟਰ ਨੀਤੂ ਡਬੋਡੀਆ ਨੂੰ ਦਿੱਲੀ ਪੁਲਸ ਨੇ ਇੱਕ ਮੁਕਾਬਲੇ 'ਚ ਮਾਰ ਦਿੱਤਾ ਸੀ। ਇਸ ਤੋਂ ਬਾਅਦ ਰਾਜੇਸ਼ ਬਵਾਨਾ ਨੇ ਉਸ ਦੀ ਗੈਂਗ ਦੀ ਕਮਾਨ ਸੰਭਾਲ ਲਈ। ਰਾਜੇਸ਼ ਦੀ ਆਪਣੇ ਪਿੰਡ ਦੇ ਨੀਰਜ ਬਵਾਨਾ ਨਾਲ ਪਹਿਲਾਂ ਤੋਂ ਹੀ ਦੁਸ਼ਮਣੀ ਸੀ। ਨੀਤੂ ਦੇ ਐਨਕਾਊਂਟਰ ਤੋਂ ਬਾਅਦ ਰਾਜੇਸ਼ ਬਵਾਨਾ ਨੇ ਨੀਰਜ ਬਵਾਨਾ ਤੋਂ ਬਦਲਾ ਲੈਣ ਲਈ ਉਸ ਦੀ ਗੈਂਗ ਦੇ ਕੁਝ ਸ਼ੂਟਰਾਂ ਨੂੰ ਗੋਲੀ ਮਾਰ ਦਿੱਤੀ।

ਇਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਨੀਰਜ ਬਵਾਨਾ ਦੇ ਗੈਂਗ ਨੇ ਉਸ ਦੇ ਕੁਝ ਸ਼ੂਟਰਾਂ ਨੂੰ ਵੀ ਮਾਰ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਦੋਵਾਂ ਗਿਰੋਹਾਂ ਵਿਚਾਲੇ ਹੋਈ ਖੂਨੀ ਝੜਪ 'ਚ ਹੁਣ ਤੱਕ 14 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਨੀਰਜ ਬਵਾਨਾ ਗੈਂਗ ਵੱਲੋਂ ਇਕ ਤੋਂ ਬਾਅਦ ਇਕ ਹਮਲੇ ਕੀਤੇ ਜਾਣ ਤੋਂ ਬਾਅਦ ਹੁਣ ਉਸ ਦੇ ਵਿਰੋਧੀ ਰਾਜੇਸ਼ ਬਵਾਨਾ ਨੇ ਲਾਰੈਂਸ ਅਤੇ ਗੋਲਡੀ ਬਰਾੜ ਨਾਲ ਹੱਥ ਮਿਲਾ ਕੇ ਨੀਰਜ ਤੋਂ ਬਦਲਾ ਲੈਣ ਦੀ ਯੋਜਨਾ ਤਿਆਰ ਕੀਤੀ ਹੈ।

2014 'ਚ ਦਿੱਲੀ ਪੁਲਿਸ ਨੇ ਫੜਿਆ, ਮਕੋਕਾ ਲਗਾਇਆ
ਅਪਰਾਧ ਦੀ ਦੁਨੀਆ 'ਚ ਲਗਾਤਾਰ ਸਨਸਨੀ ਪੈਦਾ ਕਰਨ ਵਾਲੇ ਰਾਜੇਸ਼ ਬਵਾਨਾ ਨੂੰ 2014 'ਚ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਕੁਝ ਮਹੀਨਿਆਂ ਬਾਅਦ ਉਹ ਜ਼ਮਾਨਤ 'ਤੇ ਬਾਹਰ ਆਇਆ ਅਤੇ ਫਿਰ ਦਿੱਲੀ ਤੇ ਐਨਸੀਆਰ 'ਚ ਲੁੱਟਮਾਰ, ਕਤਲ ਤੇ ਕਈ ਘਿਨਾਉਣੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਦਿੱਲੀ ਦੇ ਨਾਲ-ਨਾਲ ਉਸ ਨੇ ਹਰਿਆਣਾ 'ਚ ਵੀ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਦਿੱਲੀ ਅਤੇ ਹਰਿਆਣਾ 'ਚ ਉਸ ਦੀ ਗ੍ਰਿਫਤਾਰੀ 'ਤੇ 3 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਬਾਅਦ 'ਚ ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਸ 'ਤੇ ਮਕੋਕਾ ਲਗਾ ਦਿੱਤਾ ਗਿਆ। ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹੈ। ਰਾਜੇਸ਼ ਬਵਾਨਾ ਜੇਲ੍ਹ 'ਚ ਬੈਠ ਕੇ ਹੀ ਆਪਣੇ ਗੈਂਗ ਨੂੰ ਚਲਾ ਕੇ ਆਪਣੇ ਵਿਰੋਧੀ ਗਿਰੋਹ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਰਿਹਾ ਹੈ।
 


author

Mandeep Singh

Content Editor

Related News