ਵਟਸਐਪ ਕਾਲ ਕਰ ਕੇ ਲਾਰੈਂਸ ਬਿਸ਼ਨੋਈ ਦੇ ਨਾਂ ''ਤੇ ਮੰਗੀ 10 ਲੱਖ ਦੀ ਫਿਰੌਤੀ

02/20/2018 5:42:36 AM

ਜਲੰਧਰ, (ਮ੍ਰਿਦੁਲ ਸ਼ਰਮਾ)— ਮਾਡਲ ਟਾਊਨ ਨਿਵਾਸੀ ਬਾਹਰੀ ਮੋਬਾਇਲ ਇਲੈਕਟ੍ਰਾਨਿਕ ਦੇ ਮਾਲਕ ਰਾਜੇਸ਼ ਬਾਹਰੀ ਨੂੰ ਰਾਜਸਥਾਨ ਤੇ ਪੰਜਾਬ ਦੇ ਨਾਮੀ ਗੈਂਗਸਟਰਾਂ ਵਿਚੋਂ ਇਕ ਲਾਰੈਂਸ ਬਿਸ਼ਨੋਈ ਨੇ ਵਟਸਐਪ 'ਤੇ ਕਾਲ ਕਰ ਕੇ 10 ਲੱਖ ਦੀ ਫਿਰੌਤੀ ਮੰਗੀ ਹੈ। ਹਾਲਾਂਕਿ ਪੁਲਸ ਜਾਂਚ ਵਿਚ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ। ਮਾਮਲੇ ਸਬੰਧੀ ਥਾਣਾ 6 ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਥਿਤ ਲਾਰੈਂਸ ਬਿਸ਼ਨੋਈ ਤੇ ਬਾਹਰੀ ਇਲੈਕਟ੍ਰਾਨਿਕ ਦੇ ਮਾਲਕ ਰਾਜੇਸ਼ ਬਾਹਰੀ ਦਰਮਿਆਨ 30 ਸਕਿੰਡ ਤੋਂ ਲੈ ਕੇ ਇਕ ਮਿੰਟ ਤੱਕ ਗੱਲ ਹੋਈ ਹੈ। ਏ. ਸੀ. ਪੀ. ਸਮੀਰ ਵਰਮਾ ਮੁਤਾਬਕ ਕੇਸ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।  ਮੋਬਾਇਲ ਵਪਾਰੀ ਰਾਜੇਸ਼ ਬਾਹਰੀ ਨੇ ਪੁਲਸ ਨੂੰ ਦੱਸਿਆ ਕਿ ਉਸਨੂੰ 16 ਫਰਵਰੀ ਨੂੰ ਇਕ ਕਾਲ ਆਈ  ਸੀ, ਜਿਸ 'ਚ ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਜੋਧਪੁਰ ਜੇਲ ਤੋਂ ਲਾਰੈਂਸ ਬਿਸ਼ਨੋਈ ਬੋਲ ਰਿਹਾ ਹੈ।  ਜੇਕਰ ਬਚਣਾ ਚਾਹੁੰਦਾ ਹੈ ਤਾਂ ਉਸਨੂੰ 10 ਲੱਖ ਰੁਪਏ ਇਸ ਅਕਾਊਂਟ ਨੰਬਰ 'ਤੇ ਭੇਜ ਦਿਓ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਸੀ. ਪੀ. ਨੇ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਾਜੇਸ਼ ਬਾਹਰੀ ਨੂੰ ਪਹਿਲੀ ਕਾਲ 16 ਫਰਵਰੀ ਨੂੰ ਵਟਸਐਪ 'ਤੇ ਅਣਪਛਾਤੇ ਨੰਬਰ ਤੋਂ ਆਈ ਸੀ। ਪਹਿਲੀ ਕਾਲ ਮਿਸ ਕਰਨ ਤੋਂ ਬਾਅਦ ਦੁਬਾਰਾ ਕਾਲ ਆਈ ਤਾਂ ਰਾਜੇਸ਼ ਬਾਹਰੀ ਨੇ ਚੁੱਕੀ। 
ਫੋਨ 'ਤੇ ਇਹ ਹੋਈ ਗੱਲਬਾਤ
ਮੈਂ ਲਾਰੈਂਸ ਬਿਸ਼ਨੋਈ ਜੋਧਪੁਰ ਜੇਲ ਤੋਂ ਬੋਲ ਰਿਹਾ ਹਾਂ। ਕੀ ਰਾਜੇਸ਼ ਬਾਹਰੀ ਬੋਲ ਰਹੇ ਹੋ? 
-ਹਾਂ, ਬੋਲ ਰਿਹਾ ਹਾਂ। ਜੇਕਰ ਆਪਣੀ ਸਲਾਮੀ ਚਾਹੁੰਦੇ ਹੋ ਤਾਂ ਮੈਨੂੰ 10 ਲੱਖ ਰੁਪਏ ਵੈਸਟਰਨ ਯੂਨੀਅਨ ਰਾਹੀਂ ਭੇਜ ਦਿਓ।
ਮੇਰੇ ਕੋਲ ਇੰਨੇ ਪੈਸੇ ਨਹੀਂ ਹਨ। ਪਹਿਲਾਂ ਮੈਂ ਅਮੀਰ ਹੁੰਦਾ ਸੀ ਪਰ ਹੁਣ ਨਹੀਂ ਹੈ। ਬੇਨਤੀ ਹੈ ਕਿ ਮੈਨੂੰ ਸਮਾਂ ਦਿੱਤਾ ਜਾਵੇ, ਇਸ ਲਈ ਮੈਨੂੰ ਬਖਸ਼ ਦਿੱਤਾ ਜਾਵੇ। ਉਸ ਤੋਂ ਬਾਅਦ ਫੋਨ ਕੱਟ ਕਰ ਦਿੱਤਾ ਗਿਆ। 
17 ਫਰਵਰੀ ਨੂੰ ਵਟਸਐਪ ਮੈਸੇਜ ਆਇਆ ਕਿ ਜੇਕਰ ਆਪਣੀ ਖੈਰ ਚਾਹੁੰਦਾ ਹੈ ਤਾਂ ਉਸਨੂੰ ਪੈਸੇ ਟਰਾਂਸਫਰ ਕਰ ਦੇ, ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਉਸਨੂੰ ਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।
ਪੁਲਸ ਨੂੰ ਰਾਜੇਸ਼ ਬਾਹਰੀ ਦੇ ਜਾਣਕਾਰਾਂ 'ਤੇ ਹੈ ਸ਼ੱਕ
ਕੇਸ ਨੂੰ ਡੀਲ ਕਰ ਰਹੇ ਇੰਸਪੈਕਟਰ ਬਿਮਲ ਕਾਂਤ ਨੇ ਦੱਸਿਆ ਕਿ ਸ਼ਾਇਦ ਰਾਜੇਸ਼ ਬਾਹਰੀ ਦੇ ਕਿਸੇ ਜਾਣਕਾਰ ਨੇ ਹੀ ਇਹ ਸਾਜ਼ਿਸ਼ ਰਚੀ ਹੋ ਸਕਦੀ ਹੈ ਕਿਉਂਕਿ ਆਵਾਜ਼ ਲਾਰੈਂਸ ਬਿਸ਼ਨੋਈ ਦੀ ਨਾ ਹੋਣ ਕਾਰਨ ਉਨ੍ਹਾਂ ਦੇ ਜਾਣਕਾਰਾਂ ਤੇ ਸ਼ਹਿਰ ਦੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਪੰਜਾਬ ਦਾ ਹੋ ਸਕਦੈ ਫੋਨ ਨੰਬਰ, ਚੈੱਕ ਕਰਵਾ ਰਹੀ ਹੈ ਪੁਲਸ
ਪੁਲਸ ਮੁਤਾਬਕ ਫੋਨ ਨੰਬਰ ਰਾਜਸਥਾਨ ਦਾ ਨਹੀਂ ਹੈ। ਇਸ ਗੱਲ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ ਕਿ ਫੋਨ ਨੰਬਰ ਕਿਸ ਸੂਬੇ ਦਾ ਹੈ ਤੇ ਕਿਥੋਂ ਚਲ ਰਿਹਾ ਹੈ। ਇੰਟਰਨੈੱਟ ਕਾਲ ਹੋਣ ਕਾਰਨ ਆਈ. ਪੀ. ਐਡਰੈੱਸ ਵੀ ਟ੍ਰੇਸ ਕੀਤਾ ਜਾ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਦੋਂ ਅਸੀਂ ਚੈਟ ਪੜ੍ਹੀ ਤਾਂ ਰਾਜੇਸ਼ ਬਾਹਰੀ ਨੇ ਚੈਟ ਵਿਚ ਕਿਹਾ ਕਿ ਉਸ ਕੋਲੋਂ 10 ਹਜ਼ਾਰ ਰੁਪਏ ਹਰ ਮਹੀਨੇ ਲੈ ਲਵੋ ਤਾਂ ਜਵਾਬ ਵਿਚ ਚੈਟ ਵਿਚ ਗਾਲ੍ਹਾਂ ਵੀ ਕੱਢੀਆਂ ਗਈਆਂ, ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ।
ਪੁਲਸ ਜਾਂਚ ਵਿਚ ਆਵਾਜ਼ ਸ਼ੱਕੀ, ਰਾਜਸਥਾਨ ਪੁਲਸ ਨੂੰ ਸੌਂਪੇ ਨੰਬਰ ਤੇ ਰਿਕਾਰਡਿੰਗ
ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਜਾਂਚ ਵਿਚ ਮਾਮਲਾ ਸ਼ੱਕੀ ਲੱਗਦਾ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਦੀ ਆਵਾਜ਼ ਦੇ ਨਾਲ ਇਹ ਆਵਾਜ਼ ਮੇਲ ਨਹੀਂ ਕਰ ਰਹੀ। ਦੂਜੇ ਪਾਸੇ ਰਾਜਸਥਾਨ ਪੁਲਸ ਨਾਲ ਵੀ ਟਾਈਅਪ ਕੀਤਾ ਗਿਆ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਇਸ ਸਮੇਂ ਜੋਧਪੁਰ ਦੀ ਜੇਲ ਵਿਚ ਬੰਦ ਹੈ ਤੇ ਉਸ 'ਤੇ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਲੁੱਟ ਜਿਹੇ ਸੰਗੀਨ ਜੁਰਮ ਦਰਜ ਹਨ। ਲਾਰੈਂਸ ਬਿਸ਼ਨੋਈ ਗੈਂਗ ਦੀ ਜਾਂਚ ਰਾਜਸਥਾਨ ਪੁਲਸ ਦੇ 10 ਅਫਸਰ ਕਰ ਰਹੇ ਹਨ। ਉਨ੍ਹਾਂ ਨੇ ਵੀ ਪੁਸ਼ਟੀ ਕੀਤੀ ਕਿ ਆਵਾਜ਼ ਨਾ ਹੀ ਉਸਦੀ ਤੇ ਨਾ ਹੀ ਉਸਦੇ ਕਿਸੇ ਗੈਂਗ ਮੈਂਬਰ ਦੀ ਹੈ


Related News