7 ਦਿਨਾਂ ਦੀ ਚੈਕਿੰਗ ਦੌਰਾਨ 383 ਘਰਾਂ ’ਚੋਂ ਮਿਲਿਆ ਲਾਰਵਾ, ਕੀਤੇ ਚਾਲਾਨ

Wednesday, Aug 07, 2024 - 02:51 PM (IST)

ਮੋਹਾਲੀ (ਸੰਦੀਪ) : ਜ਼ਿਲ੍ਹੇ 'ਚ ਡੇਂਗੂ ਦੀ ਰੋਕਥਾਮ 'ਚ ਸਿਹਤ ਵਿਭਾਗ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦਾ, ਇਸੇ ਕਰਕੇ ਡੇਂਗੂ ਮੱਛਰ ਦੇ ਲਾਰਵੇ ਨੂੰ ਨਸ਼ਟ ਕਰਨ 'ਚ ਲਾਪਰਵਾਹੀ ਵਰਤਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ 7 ਦਿਨਾਂ 'ਚ ਮੋਹਾਲੀ ਜ਼ਿਲ੍ਹੇ 'ਚ 383 ਘਰਾਂ 'ਚ ਮੱਛਰਾਂ ਦਾ ਲਾਰਵਾ ਮਿਲਿਆ ਹੈ, ਜਿਨ੍ਹਾਂ ਦੇ ਚਲਾਨ ਕੀਤੇ ਗਏ ਹਨ। ਸਿਵਲ ਸਰਜਨ ਦਵਿੰਦਰ ਕੁਮਾਰ ਪੁਰੀ ਅਨੁਸਾਰ ਜ਼ਿਲ੍ਹੇ ਵਿਚ ਐਂਟੀ ਡੇਂਗੂ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕਰ ਰਹੀਆਂ ਹਨ।

ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਕੁੱਲ 21 ਲੋਕਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ। ਪਿਛਲੇ ਮਹੀਨੇ ਮੋਹਾਲੀ ਜ਼ਿਲ੍ਹੇ 'ਚ ਕੁੱਲ 5 ਡੇਂਗੂ ਪਾਜ਼ੇਟਿਵ ਮਰੀਜ਼ ਪਾਏ ਗਏ ਸਨ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਵਿਭਾਗ ਵੱਲੋਂ ਲਗਾਤਾਰ ਬਚਾਅ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਜ਼ਿਲ੍ਹੇ ’ਚ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਜ਼ਿਲ੍ਹਾ ਐਪੇਡੇਮਿਓਲੋਜਿਸਟ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਅਗਸਤ ਮਹੀਨੇ ਵਿਚ ਹੁਣ ਤੱਕ ਡੇਂਗੂ ਦਾ 1 ਮਰੀਜ਼ ਸਾਹਮਣੇ ਆਇਆ ਹੈ। ਮਈ ਮਹੀਨੇ ਵਿਚ ਵੀ ਜ਼ਿਲ੍ਹੇ ਵਿਚ 6 ਵਿਅਕਤੀਆਂ ਨੂੰ ਡੇਂਗੂ ਹੋਇਆ ਸੀ। ਡੇਂਗੂ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


Babita

Content Editor

Related News