ਖੰਨਾ ''ਚ ਇਮਾਰਤ ਢਾਹੁਣ ਵੇਲੇ ਡਿੱਗਿਆ ਲੈਂਟਰ, ਮਲਬੇ ਹੇਠ ਦੱਬਿਆ ਮਜ਼ਦੂਰ
Friday, Apr 10, 2026 - 05:32 PM (IST)
ਖੰਨਾ (ਵਿਪਨ) : ਖੰਨਾ ਦੇ ਅਮਲੋਹ ਰੋਡ ‘ਤੇ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਇਕ ਪੁਰਾਣੀ ਇਮਾਰਤ ਨੂੰ ਢਾਹੁਣ ਸਮੇਂ ਅਚਾਨਕ ਉਸਦਾ ਲੈਂਟਰ ਡਿੱਗ ਪਿਆ। ਇਸ ਹਾਦਸੇ 'ਚ ਇਕ ਮਜ਼ਦੂਰ ਮਲਬੇ ਹੇਠਾਂ ਦੱਬ ਗਿਆ, ਜਿਸ ਨੂੰ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਭਰੀ ਰੈਸਕਿਊ ਕਾਰਵਾਈ ਤੋਂ ਬਾਅਦ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਗਈ। ਮਿਲੀ ਜਾਣਕਾਰੀ ਮੁਤਾਬਕ ਅਮਲੋਹ ਰੋਡ ‘ਤੇ ਪੈਟਰੋਲ ਪੰਪ ਦੇ ਨੇੜੇ ਕਰੀਬ 25-30 ਸਾਲ ਪੁਰਾਣੀ ਇਮਾਰਤ ਨੂੰ ਢਾਹਿਆ ਜਾ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੌਕੇ ‘ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਮਜ਼ਦੂਰਾਂ ਵੱਲੋਂ ਬਿਲਡਿੰਗ ਦਾ ਬੀਮ ਤੋੜਿਆ ਗਿਆ ਤਾਂ ਅਚਾਨਕ ਲੈਂਟਰ ਡਿੱਗ ਗਿਆ ਅਤੇ ਇੱਕ ਮਜ਼ਦੂਰ ਮਲਬੇ ਹੇਠਾਂ ਦੱਬ ਗਿਆ। ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸਥਾਨਕ ਲੋਕ ਤੁਰੰਤ ਮਦਦ ਲਈ ਅੱਗੇ ਆਏ ਅਤੇ ਦੋ ਜੇ. ਸੀ. ਬੀ. ਮਸ਼ੀਨਾਂ ਮੰਗਵਾ ਕੇ ਰੈਸਕਿਊ ਕਾਰਵਾਈ ਸ਼ੁਰੂ ਕੀਤੀ ਗਈ। ਕਰੀਬ ਅੱਧੇ ਘੰਟੇ ਦੀ ਜੱਦੋ-ਜ਼ਹਿਦ ਤੋਂ ਬਾਅਦ ਮਜ਼ਦੂਰ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ। ਬਾਅਦ 'ਚ ਉਸਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਦੂਜੇ ਮਜ਼ਦੂਰ ਨੇ ਦੱਸਿਆ ਕਿ ਉਹ ਦੋਵੇਂ ਮਿਲ ਕੇ ਇਮਾਰਤ ਨੂੰ ਢਾਹ ਰਹੇ ਸਨ। ਜਿਵੇਂ ਹੀ ਬੀਮ ਨੂੰ ਤੋੜਿਆ ਗਿਆ, ਲੈਂਟਰ ਅਚਾਨਕ ਡਿੱਗ ਪਿਆ। ਉਸਨੇ ਕਿਹਾ ਕਿ ਉਹ ਤੁਰੰਤ ਉੱਥੋਂ ਭੱਜ ਕੇ ਆਪਣੀ ਜਾਨ ਬਚਾ ਗਿਆ ਪਰ ਉਸਦਾ ਸਾਥੀ ਉੱਥੇ ਹੀ ਥੱਲੇ ਬੈਠ ਗਿਆ ਸੀ, ਜਿਸ ਕਰਕੇ ਉਹ ਮਲਬੇ ਹੇਠਾਂ ਦੱਬ ਗਿਆ। ਮੌਕੇ ‘ਤੇ ਮੌਜੂਦ ਇਮਾਰਤ ਮਾਲਕ ਰਮੇਸ਼ ਸੂਦ ਨੇ ਕਿਹਾ ਕਿ ਉਹ ਖ਼ੁਦ ਮੌਕੇ ‘ਤੇ ਬੈਠ ਕੇ ਕੰਮ ਕਰਵਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਮਜ਼ਦੂਰ ਸਾਵਧਾਨੀ ਨਾਲ ਕੰਮ ਕਰ ਰਹੇ ਸਨ, ਪਰ ਇਹ ਹਾਦਸਾ ਅਚਾਨਕ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀ. ਐੱਸ. ਪੀ. ਵਿਨੋਦ ਕੁਮਾਰ ਨੇ ਕਿਹਾ ਕਿ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਤਾਂ ਨਹੀਂ ਹੋਈ। ਇਸ ਹਾਦਸੇ ਨੇ ਇੱਕ ਵਾਰ ਫਿਰ ਨਿਰਮਾਣ ਅਤੇ ਢਾਹੁੰਦੇ ਕੰਮਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਕਮੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਕੰਮਾਂ ਦੌਰਾਨ ਸਖ਼ਤ ਸੁਰੱਖਿਆ ਨਿਯਮ ਲਾਗੂ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
