ਖੰਨਾ 'ਚ SSP ਦਫ਼ਤਰ ਮੂਹਰੇ ਵੱਡਾ ਹਾਦਸਾ! ਟਰੱਕ ਡਰਾਇਵਰ ਨੂੰ ਨੀਂਦ ਦਾ ਝੋਂਕਾ ਆਉਣ ਮਗਰੋਂ...
Thursday, Oct 08, 2026 - 12:51 PM (IST)
ਖੰਨਾ (ਬਿਪਨ): ਖੰਨਾ ਜੀ.ਟੀ. ਰੋਡ 'ਤੇ ਐੱਸ.ਐੱਸ.ਪੀ. ਦਫ਼ਤਰ ਦੇ ਸਾਹਮਣੇ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸੜਕ 'ਤੇ ਖਰਾਬ ਖੜ੍ਹੇ ਟਰੱਕ ਦੇ ਪਿੱਛੇ ਖੜ੍ਹੀ ਕਾਰ ਨੂੰ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਅੱਗੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸੇ ਦੌਰਾਨ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਮਾਮਲਾ ਖੰਨਾ ਜੀ.ਟੀ. ਰੋਡ 'ਤੇ ਐੱਸ.ਐੱਸ.ਪੀ. ਦਫ਼ਤਰ ਦੇ ਸਾਹਮਣੇ ਦਾ ਹੈ, ਜਿੱਥੇ ਲੋਹੇ ਨਾਲ ਭਰਿਆ ਇਕ ਟਰੱਕ ਖਰਾਬ ਹੋ ਗਿਆ ਸੀ। ਟਰੱਕ ਨੂੰ ਠੀਕ ਕਰਨ ਲਈ ਉਸ ਦਾ ਮਾਲਕ ਮੌਕੇ 'ਤੇ ਪਹੁੰਚਿਆ ਅਤੇ ਆਪਣੀ ਕਾਰ ਖਰਾਬ ਟਰੱਕ ਦੇ ਪਿੱਛੇ ਖੜ੍ਹੀ ਕਰ ਦਿੱਤੀ। ਇਸੇ ਦੌਰਾਨ ਦਿੱਲੀ ਤੋਂ ਲੁਧਿਆਣਾ ਵੱਲ ਜਾ ਰਹੇ ਇਕ ਹੋਰ ਟਰੱਕ ਦੇ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ। ਇਸ ਕਾਰਨ ਟਰੱਕ ਬੇਕਾਬੂ ਹੋ ਕੇ ਪਹਿਲਾਂ ਪਿੱਛੇ ਖੜ੍ਹੀ ਕਾਰ ਨਾਲ ਟਕਰਾਇਆ ਅਤੇ ਫਿਰ ਕਾਰ ਨੂੰ ਅੱਗੇ ਖੜ੍ਹੇ ਖਰਾਬ ਟਰੱਕ ਵਿਚ ਜਾ ਵੱਜਿਆ।
ਹਾਦਸੇ ਤੋਂ ਬਾਅਦ ਐੱਸ.ਐੱਸ.ਐੱਫ. ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਐੱਸ.ਐੱਸ.ਐੱਫ. ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਹਾਈਵੇਅ 'ਤੇ ਕੋਈ ਵਾਹਨ ਖਰਾਬ ਹੋ ਜਾਂਦਾ ਹੈ ਤਾਂ ਤੁਰੰਤ 112 'ਤੇ ਸੂਚਨਾ ਦਿੱਤੀ ਜਾਵੇ, ਤਾਂ ਜੋ ਮੌਕੇ 'ਤੇ ਰਿਫਲੈਕਟਰ ਜਾਂ ਡਿਵਾਈਡਰ ਲਗਾ ਕੇ ਪਿੱਛੋਂ ਆਉਣ ਵਾਲੇ ਵਾਹਨਾਂ ਨੂੰ ਸਾਵਧਾਨ ਕੀਤਾ ਜਾ ਸਕੇ ਅਤੇ ਅਜਿਹੇ ਹਾਦਸਿਆਂ ਤੋਂ ਬਚਾਅ ਹੋ ਸਕੇ।
