ਬਾਈਪਾਸ ''ਤੇ ਫ਼ਲਾਈਓਵਰ ਤੋਂ ਹੇਠਾਂ ਡਿੱਗਿਆ ਖੰਡ ਨਾਲ ਭਰਿਆ ਟਰੱਕ

Saturday, Oct 10, 2026 - 12:45 PM (IST)

ਬਾਈਪਾਸ ''ਤੇ ਫ਼ਲਾਈਓਵਰ ਤੋਂ ਹੇਠਾਂ ਡਿੱਗਿਆ ਖੰਡ ਨਾਲ ਭਰਿਆ ਟਰੱਕ

ਸਮਰਾਲਾ (ਬਿਪਨ): ਸਮਰਾਲਾ-ਚੰਡੀਗੜ੍ਹ ਬਾਈਪਾਸ 'ਤੇ ਮਾਛੀਵਾੜਾ ਰੋਡ ਦੇ ਫਲਾਈਓਵਰ ’ਤੇ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰ ਗਿਆ, ਜਦੋਂ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾ ਰਿਹਾ ਚੀਨੀ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿਚ ਟਰੱਕ ਦੇ ਕੰਡਕਟਰ ਨੂੰ ਗੰਭੀਰ ਸੱਟਾਂ ਲੱਗੀਆਂ, ਜਦਕਿ ਚਾਲਕ ਦਾ ਬਚਾਅ ਹੋ ਗਿਆ। ਹਾਦਸੇ ਕਾਰਨ ਟਰੱਕ ਦਾ ਵੀ ਕਾਫ਼ੀ ਨੁਕਸਾਨ ਹੋਇਆ।

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਚਾਲਕ ਮੁਹੰਮਦ ਇਸਹਾਕ ਨੇ ਦੱਸਿਆ ਕਿ ਉਹ ਚੀਨੀ ਨਾਲ ਭਰਿਆ ਟਰੱਕ ਲੈ ਕੇ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਜਦੋਂ ਉਹ ਸਮਰਾਲਾ ਬਾਈਪਾਸ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੇ ਟਰੱਕ ਦੇ ਅੱਗੇ ਇੱਕ ਕਾਰ ਜਾ ਰਹੀ ਸੀ। ਚਾਲਕ ਅਨੁਸਾਰ ਕਾਰ ਚਾਲਕ ਵਾਰ-ਵਾਰ ਕਾਰ ਨੂੰ ਇਧਰ-ਉਧਰ ਕਰ ਰਿਹਾ ਸੀ। ਇਸ ਦੌਰਾਨ ਜਦੋਂ ਕਾਰ ਟਰੱਕ ਦੇ ਅੱਗੇ ਆ ਗਈ ਤਾਂ ਕਾਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਫਲਾਈਓਵਰ ਤੋਂ ਹੇਠਾਂ ਜਾ ਡਿੱਗਿਆ।

ਮੁਹੰਮਦ ਇਸਹਾਕ ਨੇ ਦੱਸਿਆ ਕਿ ਹਾਦਸੇ ਸਮੇਂ ਟਰੱਕ ਵਿੱਚ ਉਨ੍ਹਾਂ ਦੇ ਨਾਲ ਬੈਠੇ ਕੰਡਕਟਰ ਨੂੰ ਗੰਭੀਰ ਸੱਟਾਂ ਲੱਗੀਆਂ। ਇੱਕ ਕਾਰ ਸਵਾਰ ਦੀ ਮਦਦ ਨਾਲ ਜ਼ਖ਼ਮੀ ਕੰਡਕਟਰ ਨੂੰ ਸਮਰਾਲਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੇ ਸਿਰ ’ਤੇ ਟਾਂਕੇ ਲਗਾਏ ਗਏ। ਇਸ ਤੋਂ ਇਲਾਵਾ ਉਸ ਦੀ ਲੱਤ ਅਤੇ ਬਾਂਹ ’ਤੇ ਵੀ ਸੱਟਾਂ ਲੱਗੀਆਂ ਹਨ। ਚਾਲਕ ਅਨੁਸਾਰ ਇਸ ਹਾਦਸੇ ਵਿੱਚ ਉਸ ਦਾ ਬਚਾਅ ਹੋ ਗਿਆ, ਪਰ ਟਰੱਕ ਦੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ ਵਾਹਨ ਦਾ ਕਾਫ਼ੀ ਨੁਕਸਾਨ ਹੋ ਗਿਆ।


author

Anmol Tagra

Content Editor

Related News