ਜ਼ਮੀਨੀ ਵਿਵਾਦ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ
Saturday, Nov 11, 2023 - 05:46 PM (IST)
![ਜ਼ਮੀਨੀ ਵਿਵਾਦ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ](https://static.jagbani.com/multimedia/2023_8image_17_15_286184124suicide.jpg)
ਗੁਰੂਹਰਸਹਾਏ (ਸੁਨੀਲ ਵਿੱਕੀ, ਮਨਜੀਤ) : ਪਿੰਡ ਦਿਲਾਰਾਮ ਵਿਖੇ ਇਕ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਉਸਦੇ ਪਿਤਾ ਦੇ ਬਿਆਨਾਂ ’ਤੇ 7 ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਜੇਬ ’ਚੋਂ ਸੁਸਾਈਡ ਨੋਟ ਮਿਲਣ ਤੋਂ ਬਾਅਦ ਪੁਲਸ ਵਲੋਂ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਇੰਸਪੈਕਟਰ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਮੱਖਣ ਰਾਮ ਪੁੱਤਰ ਗੋਬਿੰਦਾ ਰਾਮ ਵਾਸੀ ਪਿੰਡ ਦਿਲਾ ਰਾਮ ਨੇ ਦੱਸਿਆ ਕਿ ਉਸ ਨੇ ਸਾਲ 2022 ’ਚ ਸਵਾ 5 ਕਿਲੇ ਜ਼ਮੀਨ ਪਿੰਡ ਚੇਤ ਸਿੰਘ ਵਾਲਾ ਵਿਚ ਖਰੀਦ ਕੀਤੀ ਸੀ, ਜਿਸ ’ਚੋਂ ਡੇਢ ਕਿਲਾ ਜ਼ਮੀਨ ਸੰਦੀਪ ਕੌਰ ਪਤਨੀ ਰਣਜੀਤ ਸਿੰਘ ਤੇ ਰਸ਼ਪਾਲ ਕੌਰ ਪਤਨੀ ਸ਼ਮਸ਼ੇਰ ਸਿੰਘ ਵਾਸੀ ਚੇਤ ਸਿੰਘ ਵਾਲਾ ਤੋਂ ਖਰੀਦ ਕੀਤੀ ਸੀ।
ਮੁੱਦਈ ਅਨੁਸਾਰ ਰਣਜੀਤ ਕੌਰ ਅਤੇ ਰਸ਼ਪਾਲ ਕੌਰ ਦੀ ਡੇਢ ਕਿੱਲੇ ਜ਼ਮੀਨ ਦੀ ਰਜਿਸਟਰੀ ਉਸਦੇ ਲੜਕੇ ਤੇਜਿੰਦਰ ਸਿੰਘ ਦੇ ਨਾਂ ’ਤੇ ਕੀਤੀ ਸੀ ਅਤੇ ਬਾਕੀ 4 ਕਿਲੇ ਜ਼ਮੀਨ ਦਵਿੰਦਰ ਸਿੰਘ ਅਤੇ ਨਿਰਮਲ ਸਿੰਘ ਨੇ ਉਸਦੇ ਲੜਕੇ ਅਤੇ ਨੂੰਹ ਰਾਜਬੀਰ ਕੌਰ ਦੇ ਨਾਮ ਕਰਵਾਈ ਸੀ। ਮੁੱਦਈ ਨੇ ਦੱਸਿਆ ਕਿ ਸਾਲ 2022 ’ਚ ਉਸ ਨੇ ਜ਼ਮੀਨ ਦਾ ਕਬਜ਼ਾ ਲੈ ਕੇ ਕਣਕ ਦੀ ਫਸਲ ਬੀਜੀ ਸੀ ਅਤੇ ਫਸਲ ਦੀ ਕਟਾਈ ਤੋਂ ਬਾਅਦ 1 ਕਿਲੇ ਦੀ ਗਿਰਦਾਵਰੀ ਹਰਪ੍ਰੀਤ ਸਿੰਘ ਪਟਵਾਰੀ ਦੀ ਮਿਲੀਭੁਗਤ ਨਾਲ ਮੁਲਜ਼ਮਾਂ ਨੇ ਕਿਸੇ ਹੋਰ ਦੇ ਨਾਂ ’ਤੇ ਕਰਵਾ ਲਈ ਸੀ। ਜਦ ਉਸ ਦਾ ਲੜਕਾ ਤੇਜਿੰਦਰ ਸਿੰਘ ਪਿੰਡ ਚੇਤ ਸਿੰਘ ਵਾਲਾ ਦੇ ਖੇਤਾਂ ਵਿਚ ਗੇੜਾ ਮਾਰਨ ਗਿਆ ਤਾਂ ਉੱਥੇ ਮੌਜੂਦ ਮੁਲਜ਼ਮਾਂ ਨੇ ਉਸਨੂੰ ਜ਼ਮੀਨ ਵਿਚ ਜਾਣ ਨਹੀਂ ਦਿੱਤਾ, ਜਿਸ ਤੋਂ ਬਾਅਦ ਮੁੱਦਈ ਤੇ ਉਸ ਦਾ ਲੜਕਾ ਘਰ ਆ ਗਏ ਅਤੇ ਤੇਜਿੰਦਰ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਅਤੇ ਉਸ ਦੀ ਜੇਬ ’ਚੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ’ਚ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਰਣਜੀਤ ਸਿੰਘ, ਸ਼ਮਸ਼ੇਰ ਸਿੰਘ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਉਤਾਰ ਸਿੰਘ, ਸੰਦੀਪ ਕੌਰ ਪਤਨੀ ਰਣਜੀਤ ਸਿੰਘ, ਵੀਰਪਾਲ ਕੌਰ ਪਤਨੀ ਬਿਕਰਮਜੀਤ ਸਿੰਘ ਵਾਸੀ ਚੇਤ ਸਿੰਘ ਵਾਲਾ ਅਤੇ ਹਰਪ੍ਰੀਤ ਸਿੰਘ ਪਟਵਾਰੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।