ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ ਲੱਖਾਂ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ’ਚ 3 ਵਿਰੁੱਧ ਮਾਮਲਾ ਦਰਜ
Saturday, Dec 03, 2022 - 04:44 PM (IST)
ਭਵਾਨੀਗੜ੍ਹ (ਕਾਂਸਲ) : ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਪੁਲਸ ਵੱਲੋਂ ਇਕ ਔਰਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ ਲੱਖਾਂ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ’ਚ ਪਤੀ-ਪਤਨੀ ਅਤੇ ਪੁੱਤਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਗਿਆਨ ਸਿੰਘ ਵਾਸੀ ਕੁਲਾਰਾ ਥਾਣਾ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੇ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਆਦਰ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਬਾਸੀਅਰਖ ਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਜ਼ਮੀਨ 13 ਵਿੱਘੇ ਦੇ 17 ਲੱਖ 60 ਹਜ਼ਾਰ ਰੁਪਏ ਅਤੇ ਸਾਈ ਵਜੋਂ 4 ਲੱਖ ਰੁਪਏ ਤੇ 70,400 ਰੁਪਏ ਦੇ ਅਸ਼ਟਾਮ ਲੈ ਕੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਉਸ ਨਾਲ ਕਥਿਤ ਠੱਗੀ ਮਾਰੀ ਹੈ।
ਪੁਲਸ ਨੇ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਆਦਰ ਸਿੰਘ, ਸੁਖਵਿੰਦਰ ਕੌਰ ਤੇ ਹੀਰਾ ਸਿੰਘ ਸਾਰੇ ਵਾਸੀ ਬਾਸੀਅਰਖ ਵਿਰੁੱਧ ਠੱਗੀ ਦਾ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।