ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

Tuesday, Dec 05, 2017 - 01:41 AM (IST)

ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

ਕੋਟ ਈਸੇ ਖਾਂ,  (ਗਰੋਵਰ/ਸੰਜੀਵ)-  ਕਸਬੇ ਦੇ ਪਲਤਾ ਮੁਹੱਲੇ 'ਚ ਬੀਤੀ ਦੇਰ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਰਾਜ ਪਲਤਾ ਦੇ ਘਰ ਦੇ ਉਪਰਲੇ ਇਕ ਕਮਰੇ 'ਚ ਮੰਦਰ ਬਣਿਆ ਹੋਇਆ ਸੀ, ਜਿੱਥੇ ਜੋਤ ਜਗ ਰਹੀ ਸੀ। ਰਾਤ ਕਰੀਬ 8 ਵਜੇ ਰਾਕੇਸ਼ ਪਲਤਾ ਦੇ ਗੁਆਂਢ 'ਚ ਰਹਿੰਦੇ ਗੁਰਦੇਵ ਚਾਵਲਾ ਨੇ ਦੇਖਿਆ ਕਿ ਪਲਤਾ ਦੇ ਘਰ ਦੇ ਇਕ ਕਮਰੇ 'ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਘਰੋਂ ਬਾਹਰ ਬੁਲਾਇਆ ਅਤੇ ਰੌਲਾ ਪਾ ਕੇ ਆਂਢ-ਗੁਆਂਢ ਦੇ ਲੋਕਾਂ ਅਤੇ ਗਊਸ਼ਾਲਾ 'ਚ ਸੇਵਾ ਕਰਦੇ ਸੇਵਕਾਂ ਨੂੰ ਸੱਦਿਆ, ਜਿਸ 'ਤੇ ਗਊਸ਼ਾਲਾ ਦੇ ਸੇਵਕਾਂ, ਆਂਢ-ਗੁਆਂਢ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਲਈ ਪਾਣੀ ਦੀਆਂ ਬਾਲਟੀਆਂ ਆਦਿ ਪਾਉਣੀਆਂ ਸ਼ੁਰੂ ਕਰ ਦਿੱਤੀਆਂ।  ਅੱਗ ਦੀ ਸੂਚਨਾ ਮਿਲਦਿਆਂ ਹੀ ਨਗਰ ਪੰਚਾਇਤ ਅਤੇ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਬਹੁਤ ਜ਼ਿਆਦਾ ਹੋਣ ਕਾਰਨ ਗਊਸ਼ਾਲਾ ਦੇ ਸੇਵਕਾਂ ਅਤੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਅੱਗ 'ਤੇ ਕਾਬੂ ਪਾ ਲਿਆ ਸੀ ਪਰ ਉਦੋਂ ਤੱਕ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ। ਇਸ ਦੌਰਾਨ ਮੰਦਰ, ਬਾਥਰੂਮ, ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ ਅਤੇ ਘਰ ਦਾ ਹੋਰ ਕਈ ਸਾਮਾਨ ਸੜ ਗਿਆ। 


Related News