ਲੱਖਾ ਸਿਧਾਣਾ ਲੜ ਸਕਦੇ ਨੇ ਹਲਕਾ ਮੌੜ ਤੋਂ ਚੋਣ!

Friday, May 14, 2021 - 10:05 AM (IST)

ਬਾਲਿਆਂਵਾਲੀ (ਸ਼ੇਖਰ): ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਅਤੇ ਨੌਜਵਾਨਾਂ ਦੇ ਦਿਲ ਦੀ ਧੜਕਣ ਬਣ ਚੁੱਕੇ ਸਾਬਕਾ ਗੈਂਗਸਟਰ ਤੇ ਮੌਜੂਦਾ ਸਮਾਜ ਸੇਵੀ ਲਖਵੀਰ ਸਿੰਘ ਲੱਖਾ ਸਿਧਾਣਾ ਦੇ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਮੌੜ ਤੋਂ ਚੋਣ ਲੜਣ ਦੀਆਂ ਕਿਆਸ-ਅਰਾਈਆਂ ਜ਼ੋਰਾਂ ’ਤੇ ਹਨ।ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹਲਕਾ ਮੌੜ ਦੇ ਪਿੰਡਾਂ ’ਚ ਲੱਖਾ ਵੱਲੋਂ ਸਰਗਰਮੀਆਂ ਵਿਖਾਉਣਾ ਅਤੇ ਹੁਣ ਚੱਲਦੇ ਮੋਰਚੇ ਦੌਰਾਨ ਉਨ੍ਹਾਂ ਦੇ ਕੁਝ ਨਜ਼ਦੀਕੀ ਸਾਥੀਆਂ ਵੱਲੋਂ ਮੌੜ ਹਲਕੇ ਦੇ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨਾਲ ਇਨ੍ਹਾਂ ਗੱਲਾਂ ਨੂੰ ਹੋਰ ਵੀ ਬਲ ਮਿਲਿਆ ਹੈ। ਮਹੀਨਾ ਕੁ ਪਹਿਲਾਂ ਲੱਖਾ ਸਿਧਾਣਾ ਵੱਲੋਂ ਹਲਕੇ ਦੇ ਪਿੰਡਾਂ ’ਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢਣਾ ਤੇ 15 ਮਈ ਨੂੰ ਉਨ੍ਹਾਂ ਦੇ ਨੇੜਲੇ ਸਾਥੀ ਜਗਦੀਪ ਰੰਧਾਵਾ ਤੇ ਕਨਵਰ ਗਰੇਵਾਲ ਦਾ ਹਲਕੇ ਦੇ ਵੱਡੇ ਪਿੰਡ ਚਾਉਕੇ ਵਿਚ ਆਉਣਾ ਵੀ ਇਸੇ ਕੜੀ ਤਹਿਤ ਵੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੋਟਕਪੁਰਾ ਗੋਲ਼ੀਕਾਂਡ ਮਾਮਲੇ ’ਚ ਨਵੀਂ ਬਣੀ ਸਿੱਟ ਨੇ ਸ਼ੁਰੂ ਕੀਤੀ ਜਾਂਚ

ਭਾਵੇਂ ਇਹ ਤੈਅ ਨਹੀਂ ਹੈ ਕਿ ਲੱਖਾ ਕਿਸ ਪਾਰਟੀ ਵੱਲੋਂ ਉਮੀਦਵਾਰ ਹੋਵੇਗਾ ਪਰ ਇਹ ਯਕੀਨਨ ਹੈ ਕਿ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਉਹ ਕਿਸੇ ਵੀ ਤੀਜੇ ਦਲ ਵੱਲੋਂ ਜਾਂ ਆਜ਼ਾਦ ਤੌਰ ’ਤੇ ਚੋਣ ਲੜ ਸਕਦੇ ਹਨ।ਹਲਕਾ ਮੌੜ ਦੇ ਕੁਝ ਨੌਜਵਾਨ ‘ਆਪ’ ਆਗੂਆਂ ਨੇ ਤਾਂ ਇੱਥੋਂ ਤਕ ਕਿਹਾ ਹੈ ਕਿ ਲੱਖਾ ਦੀ ਭਗਵੰਤ ਮਾਨ ਨਾਲ ਇਕ ਮੀਟਿੰਗ ਵੀ ਹੋਈ ਸੀ ਪਰ ਹਾਲੇ ਕੋਈ ਗੱਲ ਸਿਰੇ ਨਹੀਂ ਲੱਗੀ। ‘ਆਪ’ ਦੇ ਇਨ੍ਹਾਂ ਆਗੂਆਂ ਦੀ ਤਮੰਨਾ ਹੈ ਕਿ ਲੱਖਾ ਸਿਧਾਣਾ ‘ਆਪ’ ਵੱਲੋਂ ਹਲਕਾ ਮੌੜ ਦਾ ਉਮੀਦਵਾਰ ਹੋਵੇ ਜਾਂ ਖੁਦ ਭਗਵੰਤ ਮਾਨ ਇੱਥੋਂ ਚੋਣ ਲੜਣ ਕਿਉਂਕਿ ਮੌਜੂਦਾ ਵਿਧਾਇਕ ਜਗਦੇਵ ਕਮਾਲੂ ਦੇ ਖਹਿਰਾ ਧੜੇ ’ਚ ਜਾਣ ਤੋਂ ਬਾਅਦ ਹੁਣ ਹਲਕੇ ’ਚ ਕੋਈ ਵੱਡੇ ਆਧਾਰ ਵਾਲਾ ਆਗੂ ਵੀ ਨਹੀਂ ਹੈ।

ਇਹ ਵੀ ਪੜ੍ਹੋ: ਕੈਨੇਡਾ ਭੇਜੀ ਪਤਨੀ ਦੀ ਬੇਵਫ਼ਾਈ ਨੇ ਤੋੜਿਆ ਪਤੀ ਦਾ ਦਿਲ, ਖ਼ੁਦਕੁਸ਼ੀ ਨੋਟ ਲਿਖ ਚੁੱਕਿਆ ਖ਼ੌਫਨਾਕ ਕਦਮ

ਲੱਖਾ ਸਿਧਾਣਾ ਪਹਿਲਾਂ ਵੀ ਦੇ ਚੁੱਕੇ ਕੈਬਨਿਟ ਮੰਤਰੀ ਨੂੰ ਟੱਕਰ
ਦੂਜੇ ਪਾਸੇ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਹਲਕਾ ਮੌੜ ਤੋਂ ਚੋਣ ਲੜਨਾ ਲਗਭਗ ਤੈਅ ਹੈ ਅਤੇ ਮਲੂਕਾ ਨਾਲ ਲੱਖਾ ਦੀ ਵਿਰੋਧਤਾ ਕਿਸੇ ਤੋਂ ਛੁਪੀ ਨਹੀਂ ਹੈ। ਮਲੂਕਾ ਦੇ ਇੱਥੋਂ ਚੋਣ ਲੜਨ ਦੀ ਗੱਲ ਨਾਲ ਵੀ ਲੱਖੇ ਦੇ ਮੌੜ ਤੋਂ ਚੋਣ ਲੜਣ ਦੀ ਗੱਲ ਨੂੰ ਬਲ ਮਿਲਦਾ ਹੈ। ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ 2012 ’ਚ ਵੀ ਹਲਕਾ ਰਾਮਪੁਰਾ ਫੂਲ ਤੋਂ ਪੀ. ਪੀ. ਪੀ. ਦੀ ਟਿਕਟ ’ਤੇ ਸਿਕੰਦਰ ਮਲੂਕਾ ਵਿਰੁੱਧ ਚੋਣ ਲੜ ਚੁੱਕੇ ਹਨ ਭਾਵੇਂ ਉਸ ਸਮੇਂ ਮਲੂਕਾ ਜਿੱਤ ਕੇ ਕੈਬਨਿਟ ਮੰਤਰੀ ਬਣੇ ਸਨ ਅਤੇ ਲੱਖੇ ਨੂੰ ਸਿਰਫ 10 ਹਜ਼ਾਰ ਵੋਟ ਪ੍ਰਾਪਤ ਹੋਈ ਸੀ ਪਰ ਅੱਜ ਹਾਲਾਤ ਬਦਲ ਚੁੱਕੇ ਹਨ ਤੇ ਜਿੱਥੇ ਲੱਖਾ ਪੰਜਾਬ ਦੇ ਨੌਜਵਾਨਾਂ ’ਚ ਹਰਮਨ ਪਿਆਰਾ ਚਿਹਰਾ ਬਣ ਗਿਆ ਹੈ, ਉਥੇ ਅਕਾਲੀ ਦਲ ਨੂੰ ਲੋਕ ਬੇਅਦਬੀ ਮਾਮਲੇ ’ਚ ਹਾਲੇ ਤਕ ਦੋਸ਼ੀ ਮੰਨਦੇ ਹਨ। ਭਾਵੇਂ ਹਾਲੇ ਤਕ ਸਿਰਫ ਕਿਆਸ ਅਰਾਈਆਂ ਹੀ ਹਨ ਤੇ ਪੱਕੇ ਤੌਰ ’ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਹਾਲਾਤ ਲੱਖਾ ਦੇ ਮੌੜ ਤੋਂ ਚੋਣ ਲੜਣ ਵੱਲ ਇਸ਼ਾਰਾ ਜ਼ਰੂਰ ਕਰ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ‘ਸੰਜੀਵਨੀ’ ਵਜੋਂ ਉਭਰਿਆ ਭਾਰਤੀ ਰੇਲਵੇ, ਸਪਲਾਈ ਕੀਤੀ 6260 ਮੀਟ੍ਰਿਕ ਟਨ ਮੈਡੀਕਲ ਆਕਸੀਜਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


Shyna

Content Editor

Related News