ਮਹਿਲਾ ਹੋਮਗਾਰਡ ਨੇ ਘਰ ''ਚ ਲਾਇਆ ਫਾਹਾ, ਮੌਤ

Wednesday, Sep 27, 2017 - 10:01 AM (IST)

ਚੰਡੀਗੜ੍ਹ (ਸੁਸ਼ੀਲ) : ਪੀ. ਜੀ. ਆਈ. ਪੁਲਸ ਚੌਕੀ 'ਚ ਤਾਇਨਾਤ ਮਹਿਲਾ ਹੋਮਗਾਰਡ ਨੇ ਸੋਮਵਾਰ ਰਾਤ ਖੁੱਡਾ ਲਾਹੌਰਾ ਸਥਿਤ ਘਰ 'ਚ ਫਾਹਾ ਲਾ ਲਿਆ। ਗੁਆਂਢੀਆਂ ਨੇ ਉਸ ਨੂੰ ਵੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮਹਿਲਾ ਹੋਮਗਾਰਡ ਨੂੰ ਫਾਹੇ ਤੋਂ ਉਤਾਰ ਕੇ ਪੀ. ਜੀ. ਆਈ. ਦੀ ਐਮਰਜੈਂਸੀ 'ਚ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮਹਿਲਾ ਹੋਮਗਾਰਡ ਦੀ ਪਛਾਣ 45 ਸਾਲਾ ਲਕਸ਼ਮੀ ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਸੁਸਾਇਡ ਨੋਟ ਬਰਾਮਦ ਹੋਇਆ ਹੈ। ਜਿਸ 'ਚ ਉਨ੍ਹਾਂ ਆਪਣੀ ਮੌਤ ਦਾ ਖੁਦ ਨੂੰ ਜ਼ਿੰਮੇਵਾਰ ਦੱਸਿਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕਾ ਦੇ ਪਤੀ ਦਾ ਹਰਿਆਣਾ ਦੇ ਜ਼ਿਲਾ ਕੈਥਲ 'ਚ ਆਪਣਾ ਬਿਜ਼ਨੈੱਸ ਹੈ ਤੇ ਕਈ ਸਾਲਾਂ ਤੋਂ ਦੋਵੇਂ ਵੱਖ-ਵੱਖ ਰਹਿ ਰਹੇ ਸਨ। ਵਿਜੇ ਲਕਸ਼ਮੀ ਦਾ ਇਕ ਬੇਟਾ ਤੇ ਦੋ ਬੇਟੀਆਂ ਹਨ। ਸਾਰੰਗਪੁਰ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਖੁੱਡਾ ਲਾਹੌਰਾ ਵਾਸੀ ਹੋਮਗਾਰਡ ਮਹਿਲਾ ਵਿਜੇ ਲਕਸ਼ਮੀ ਦੇ ਘਰ ਦਾ ਦਰਵਾਜ਼ਾ ਸੋਮਵਾਰ ਰਾਤ ਨੂੰ ਖੁੱਲ੍ਹਾ ਪਿਆ ਸੀ। ਗੁਆਂਢੀ ਦਰਵਾਜ਼ਾ ਖੁੱਲਾ ਵੇਖ ਕੇ ਅੰਦਰ ਗਏ ਤਾਂ ਵੇਖਿਆ ਕਿ ਵਿਜੇ ਲਕਸ਼ਮੀ ਨੇ ਫਾਹਾ ਲਾਇਆ ਹੋਇਆ ਸੀ। ਗੁਆਂਢੀਆਂ ਨੇ ਸੂਚਨਾ ਉਸਦੇ ਬੇਟੇ ਅਤੁਲ ਨੂੰ ਫੋਨ 'ਤੇ ਦਿੱਤੀ। ਉਹ ਉਸ ਸਮੇਂ ਆਪਣੀ ਭੈਣ ਦੇ ਨਾਲ ਸੈਕਟਰ-15 'ਚ ਆਪਣੇ ਚਚੇਰੇ ਭਰਾ ਦੇ ਘਰ ਗਿਆ ਹੋਇਆ ਸੀ। ਪੀ. ਸੀ. ਆਰ. ਮੌਕੇ 'ਤੇ ਪਹੁੰਚ ਕੇ ਮਹਿਲਾ ਹੋਮਗਾਰਡ ਨੂੰ ਫਾਹੇ ਤੋਂ ਉਤਾਰ ਕੇ ਪੀ. ਜੀ. ਆਈ. ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਉਹ ਕਾਫੀ ਦਿਨਾਂ ਤੋਂ ਪਰੇਸ਼ਾਨ ਚੱਲ ਰਹੀ ਸੀ। ਉਥੇ ਹੀ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ।


Related News