3 ਦਿਨਾਂ ਤੋਂ ਪੱਖੇ ਨਾਲ ਲਟਕੀ ਸੀ ਮਾਂ ਦੀ ਲਾਸ਼, ਬਦਬੂ ਆਉਣ ''ਤੇ ਲੱਗਾ ਪਤਾ

04/21/2018 7:41:38 AM

ਮੋਹਾਲੀ (ਕੁਲਦੀਪ ਸਿੰਘ)  - ਫੇਜ਼-7 ਦੇ ਮਕਾਨ ਨੰਬਰ 537 ਵਿਚ ਰਹਿ ਰਹੀ ਇਕ ਔਰਤ ਨੇ ਘਰ ਵਿਚ ਪੱਖੇ ਨਾਲ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕਾ ਦਾ ਨਾਂ ਜਸਪਿੰਦਰ ਕੌਰ ਹੈ ਅਤੇ ਮਾਸੂਮੀਅਤ ਹੀ ਹੱਦ ਵੇਖੀਏ ਤਾਂ ਇਸ ਗੱਲ ਤੋਂ ਬੇਖਬਰ ਉਸਦਾ 7 ਸਾਲਾ ਬੇਟਾ ਖੇਡਣ ਤੋਂ ਬਾਅਦ ਰੋਜ਼ ਉਸੇ ਕਮਰੇ ਵਿਚ ਆ ਕੇ ਸੌਂ ਜਾਂਦਾ ਸੀ। ਘਟਨਾ ਦਾ ਪਤਾ ਗੁਆਂਢੀਆਂ ਨੂੰ ਉਸ ਸਮੇਂ ਲੱਗਾ, ਜਦੋਂ ਕਮਰੇ ਵਿਚੋਂ ਬਦਬੂ ਆਉਣ ਲੱਗੀ। ਮਹਿਲਾ ਦੀ ਸਹੇਲੀ ਰਤਨਬੀਰ ਕੌਰ ਮੌਕੇ 'ਤੇ ਪਹੁੰਚੀ, ਜਿਸ ਨੇ ਪੁਲਸ ਨੂੰ ਸੂਚਿਤ ਕੀਤਾ। ਡੀ. ਐੱਸ. ਪੀ. ਵਿਜੇ ਆਲਮ ਸਿੰਘ ਅਤੇ ਐੱਸ. ਐੱਚ. ਓ. ਮਟੌਰ ਰਾਜੀਵ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਥੱਲੇ ਲਾਹ ਕੇ ਲਾਸ਼ ਨੂੰ ਫੇਜ਼-6 ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ।
ਪਤੀ ਤੋਂ ਰਹਿੰਦੀ ਸੀ ਅਲੱਗ
ਜਾਣਕਾਰੀ ਅਨੁਸਾਰ ਮ੍ਰਿਤਕਾ ਜਸਪਿੰਦਰ ਕੌਰ ਆਪਣੇ 7 ਸਾਲਾ ਬੇਟੇ ਅਰਮਾਨ ਨਾਲ ਫੇਜ਼-7 ਦੇ ਮਕਾਨ ਨੰਬਰ 537 ਦੀ ਪਹਿਲੀ ਮੰਜ਼ਿਲ ਵਿਚ ਆਪਣੇ ਪਤੀ ਨਾਲ ਝਗੜਾ ਹੋਣ ਕਾਰਨ ਅਲੱਗ ਰਹਿੰਦੀ ਸੀ। ਮ੍ਰਿਤਕਾ ਦੀ ਸਹੇਲੀ ਰਤਨਬੀਰ ਨੇ ਦੱਸਿਆ ਕਿ ਜਸਪਿੰਦਰ ਕਾਫੀ ਪ੍ਰੇਸ਼ਾਨ ਰਹਿੰਦੀ ਸੀ।  ਉਸਦਾ ਪਤੀ ਆਰਮੀ ਵਿਚ ਹੈ। ਬੇਟਾ ਅਰਮਾਨ ਪਹਿਲਾਂ ਸੋਲਨ ਦੇ   ਡਗਸ਼ਾਈ ਸਕੂਲ ਵਿਚ ਪੜ੍ਹਦਾ ਸੀ ਪਰ ਇਸ ਵਾਰ ਉਸਦਾ ਦਾਖਲਾ ਕਿਸੇ ਵੀ ਸਕੂਲ ਵਿਚ ਨਾ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ।  ਮ੍ਰਿਤਕਾ ਦੇ ਬੇਟੇ ਨੇ ਦੱਸਿਆ ਕਿ ਉਸਦੀ ਮਾਂ ਤਿੰਨ ਦਿਨਾਂ ਤੋਂ ਪੱਖੇ ਨਾਲ ਲਟਕ ਰਹੀ ਸੀ। ਉਹ ਬਾਹਰ ਖੇਡ ਕੇ ਫਿਰ ਆਪਣੀ ਮਾਂ ਦੇ ਕੋਲ ਆ ਕੇ ਕਮਰੇ ਵਿਚ ਸੌਂ ਜਾਂਦਾ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਇਸ ਸਮੇਂ ਫਰੀਦਕੋਟ ਵਿਚ ਤਾਇਨਾਤ ਹੈ, ਉਸਨੂੰ ਸੂਚਿਤ ਕਰਕੇ ਥਾਣੇ ਬੁਲਾਇਆ ਗਿਆ ਹੈ। ਉਸਦੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।


Related News