ਇਸਤਰੀ ਅਕਾਲੀ ਦਲ ਔਰਤਾਂ ਦੇ ਯੋਗਦਾਨ ਸਬੰਧੀ ਸੈਮੀਨਾਰ ਕਰਵਾਏਗਾ

Saturday, Feb 03, 2018 - 06:56 AM (IST)

ਇਸਤਰੀ ਅਕਾਲੀ ਦਲ ਔਰਤਾਂ ਦੇ ਯੋਗਦਾਨ ਸਬੰਧੀ ਸੈਮੀਨਾਰ ਕਰਵਾਏਗਾ

ਚੰਡੀਗੜ੍ਹ  (ਪਰਾਸ਼ਰ) - ਇਸਤਰੀ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਸਮੁੱਚੇ ਜਥੇਬੰਦਕ ਢਾਂਚੇ ਦੀ ਇਕ ਅਹਿਮ ਮੀਟਿੰਗ ਅੱਜ ਪਾਰਟੀ ਦੇ ਮੁੱਖ ਦਫਤਰ 'ਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਉਚੇਚੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ। ਆਪਣੇ ਭਾਸ਼ਣ 'ਚ ਬਾਦਲ ਨੇ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸਤਰੀ ਅਕਾਲੀ ਦਲ ਨੂੰ ਰਾਜਨੀਤਕ ਕੰਮਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿਚ ਵੀ ਵੱਧ ਤੋਂ ਵੱਧ ਰੁਚੀ ਦਿਖਾਉਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਅੱਜਕਲ ਵਿਆਹਾਂ ਆਦਿ ਉਪਰ ਹੋ ਰਹੇ ਬੇਹਿਸਾਬੇ ਖਰਚੇ ਚਿੰਤਾਜਨਕ ਹਨ, ਇਸ ਲਈ ਇਸਤਰੀ ਅਕਾਲੀ ਦਲ ਨੂੰ ਗਰੀਬ ਲੜਕੀਆਂ ਦੇ ਵਿਆਹ ਕਰਵਾਉਣ ਦਾ ਉੱਦਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀਬੀਆਂ ਨੂੰ ਲੰਗਰ ਸੇਵਾ ਵੀ ਦੁਬਾਰਾ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਇਸ ਕੰਮ 'ਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮਾਰਚ ਦੇ ਪਹਿਲੇ ਹਫਤੇ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਔਰਤਾਂ ਦੀ ਧਾਰਮਿਕ, ਸਮਾਜਿਕ ਅਤੇ ਆਰਥਿਕ ਖੇਤਰ 'ਚ ਦੇਣ ਸਬੰਧੀ ਸੈਮੀਨਾਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਔਰਤ ਹਰ ਖੇਤਰ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ। ਹਰ ਹਲਕੇ ਵਿਚ ਇਸਤਰੀ ਅਕਾਲੀ ਦਲ ਵਲੋਂ ਕੀਰਤਨ ਦਰਬਾਰ ਵੀ ਕਰਵਾਏ ਜਾਣਗੇ। ਸਵ. ਸੁਰਿੰਦਰ ਕੌਰ ਬਾਦਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸ਼ੁਰੂ ਕੀਤੀ ਲੰਗਰ ਪ੍ਰਥਾ ਪ੍ਰਸ਼ੰਸਾਯੋਗ ਸੀ, ਉਸ ਨੂੰ ਅੱਗੇ ਤੋਰਿਆ ਜਾਵੇਗਾ ਅਤੇ ਹਰ ਹਲਕੇ 'ਚੋਂ ਬੀਬੀਆਂ ਵੀ ਲੰਗਰ ਸੇਵਾ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਗੀਆਂ।


Related News