ਜੱਦੀ ਜ਼ਿਲ੍ਹਿਆਂ ''ਚ ਜਾਣ ਵਾਲੇ 1500 ਮਜ਼ਦੂਰ ਦੁਬਾਰਾ ਪੰਜਾਬ ਪਰਤੇ

06/12/2020 10:22:47 AM

ਲੁਧਿਆਣਾ (ਧੀਮਾਨ) : ਤਾਲਾਬੰਦੀ ਤੋਂ ਬਾਅਦ ਤੋਂ ਆਪਣੇ ਘਰਾਂ ਨੂੰ ਜਾਣ ਵਾਲੀ ਲੇਬਰ ਨੇ ਹੁਣ ਫਿਰ ਪੰਜਾਬ ਵੱਲ ਰੁਖ ਕਰ ਲਿਆ ਹੈ। ਬਿਹਾਰ ਤੋਂ ਆਉਣ ਵਾਲੀ ਕਰਮਭੂਮੀ ਟਰੇਨ ਰਾਹੀਂ ਕਰੀਬ 1500 ਮਜ਼ਦੂਰ ਲੁਧਿਆਣਾ ਪੁੱਜੇ। ਇਨ੍ਹਾਂ ਨੂੰ ਲੈਣ ਲਈ ਰੇਲਵੇ ਸਟੇਸ਼ਨ ਦੇ ਗੇਟ ’ਤੇ ਕਿਸਾਨ ਅਤੇ ਠੇਕੇਦਾਰ ਦਿਖਾਈ ਦਿੱਤੇ। ਲੇਬਰ ਨੂੰ ਮੂੰਹ ਮੰਗੇ ਰੇਟਾਂ ’ਤੇ ਵੀ ਲਿਜਾਣ ਲਈ ਕਿਸਾਨ ਤਿਆਰ ਸਨ। ਵਜ੍ਹਾ, ਝੋਨੇ ਦੀ ਬਿਜਾਈ ਦਾ ਸੀਜ਼ਨ ਹੈ ਅਤੇ ਲੇਬਰ ਦੀ ਕਮੀ ਕਾਰਨ ਉਨ੍ਹਾਂ ਨੂੰ ਖਾਸਾ ਨੁਕਸਾਨ ਸਹਿਣਾ ਪੈ ਰਿਹਾ ਹੈ। ਕਿਸਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪੁੱਜੇ ਸਨ। ਇਹੀ ਨਹੀਂ, ਲੇਬਰ ਨੂੰ ਠੇਕੇ ’ਤੇ ਰਖਵਾਉਣ ਵਾਲੇ ਠੇਕੇਦਾਰ ਵੀ ਸਟੇਸ਼ਨ ’ਤੇ ਦਿਖਾਈ ਦਿੱਤੇ ਪਰ ਜ਼ਿਆਦਾਤਰ ਲੇਬਰ ਨੇ ਸਭ ਤੋਂ ਪਹਿਲਾਂ ਸਮਾਜਿਕ ਦੂਰੀ ਅਪਣਾਉਂਦੇ ਹੋਏ ਸਭ ਤੋਂ ਦੂਰੀ ਬਣਾਈ ਰੱਖੀ ਅਤੇ ਆਪਣੇ ਟਿਕਾਣਿਆਂ ਵੱਲ ਚੱਲ ਪਏ।
ਦੱਸਿਆ ਜਾਂਦਾ ਹੈ ਕਿ ਅੱਜ ਆਉਣ ਵਾਲੀ ਲੇਬਰ ਨੇ ਕਿਸਾਨਾਂ ਦੇ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ। ਇੰਡਸਟਰੀ 'ਚ ਕੰਮ ਕਰਨ ਦੀ ਇੱਛੁਕ ਲੇਬਰ ਨੇ ਠੇਕੇਦਾਰ ਨੂੰ ਜ਼ਰੂਰ ਆਪਣੇ ਮੋਬਾਇਲ ਨੰਬਰ ਦਿੱਤੇ। ਇਨ੍ਹਾਂ 'ਚੋਂ ਕਾਫੀ ਸਾਰੀ ਲੇਬਰ ਪਹਿਲਾਂ ਹੀ ਇੰਡਸਟਰੀ 'ਚ ਲੱਗੀ ਹੋਈ ਦੱਸੀ ਜਾਂਦੀ ਹੈ।
ਲੇਬਰ ਆ ਤਾਂ ਗਈ ਪਰ ਬਿਨਾਂ ਮੈਡੀਕਲ ਜਾਂਚ ਦੇ ਕਿਵੇਂ ਰੱਖੇਗੀ ਇੰਡਸਟਰੀ
ਕਾਰੋਬਾਰੀ ਲੇਬਰ ਦੇ ਆਉਣ ਨਾਲ ਖੁਸ਼ ਤਾਂ ਹਨ ਪਰ ਉਨ੍ਹਾਂ ਨੂੰ ਰੱਖਣਗੇ ਕਿਵੇਂ, ਇਸ ’ਤੇ ਸੋਚ ਵਿਚਾਰ ਵਿਚ ਡੁੱਬੇ ਹੋਏ ਹਨ। ਜਦੋਂ ਤੱਕ ਮੈਡੀਕਲ ਜਾਂਚ ਨਹੀਂ ਹੋ ਜਾਂਦੀ, ਉਦੋਂ ਤੱਕ ਕੌਣ ਫਿੱਟ ਹੈ ਜਾਂ ਕੌਣ ਨਹੀਂ, ਕੋਈ ਨਹੀਂ ਦੱਸ ਸਕਦਾ। ਕਾਰੋਬਾਰੀ ਜੇਕਰ ਆਪਣੇ ਰਿਸਕ ’ਤੇ ਲੇਬਰ ਨੂੰ ਕੰਮ ’ਤੇ ਰੱਖ ਵੀ ਲੈਂਦੇ ਹਨ ਤਾਂ ਜੇਕਰ ਕੋਈ ਕੋਰੋਨਾ ਦਾ ਮਰੀਜ਼ ਨਿਕਲ ਆਇਆ ਤਾਂ ਉਨ੍ਹਾਂ ਨੂੰ ਇਸ ਦਾ ਭਾਰੀ ਹਰਜ਼ਾਨਾ ਭੁਗਤਣਾ ਪੈ ਸਕਦਾ ਹੈ। ਦੂਜੇ ਪਾਸੇ ਫਿੱਟ ਹੋਣ ਵਾਲੀ ਲੇਬਰ ਨੂੰ ਵੀ ਘੱਟ ਤੋਂ ਘੱਟ 14 ਦਿਨ ਦੇ ਲਈ ਕੁਅਰੰਟਾਈਨ 'ਚ ਰੱਖਣਾ ਪਵੇਗਾ। ਇਸ ਦਾ ਮਤਲਬ ਹੈ ਕਿ ਫੈਕਟਰੀ ਮਾਲਕ ਜਾਂ 14 ਦਿਨ ਬਾਅਦ ਲੇਬਰ ਨੂੰ ਰੱਖੇ ਜਾਂ 14 ਦਿਨ ਲਈ ਬਿਨਾਂ ਕੰਮ ਦੇ ਆਪਣੇ ਕੋਲ ਕੁਆਰੰਟਾਈਨ ਕਰ ਕੇ ਰੱਖੇ। ਦੋਵੇਂ ਹਲਾਤਾਂ 'ਚ ਕਾਰੋਬਾਰੀਆਂ ਲਈ ਮੁਸ਼ਕਲ ਖੜ੍ਹੀ ਹੈ।
ਸਟੇਸ਼ਨ ’ਤੇ ਬੈਠੀ ਮੈਡੀਕਲ ਟੀਮ ਨੇ ਨਹੀਂ ਕੀਤੀ ਜਾਂਚ
ਸਟੇਸ਼ਨ ’ਤੇ ਬੈਠੀ ਸਰਕਾਰੀ ਮੈਡੀਕਲ ਟੀਮ ਨੇ ਭਾਰੀ ਭੀੜ ਨੂੰ ਦੇਖ ਕੇ ਉਨ੍ਹਾਂ ਨੂੰ ਬਿਨਾਂ ਜਾਂਚ ਦੇ ਹੀ ਬਾਹਰ ਜਾਣ ਦਿੱਤਾ, ਜਦੋਂ ਕਿ ਟੀਮ ਨੂੰ ਹਦਾਇਤਾਂ ਹਨ ਕਿ ਸਟੇਸ਼ਨ ਤੋਂ ਆਉਣ-ਜਾਣ ਵਾਲੇ ਹਰ ਵਿਕਅਤੀ ਦਾ ਬਿਓਰਾ ਰੱਖਣ। ਮੀਡੀਆ ਨੂੰ ਦੇਖ ਕੇ ਟੀਮ ਨੇ ਜਾਂਚ ਸ਼ੁਰੂ ਕੀਤੀ ਅਤੇ 10 ਮਿੰਟ ਬਾਅਦ ਫਿਰ ਸਟੇਸ਼ਨ ਤੋਂ ਭੱਜ ਗਈ। ਮੈਡੀਕਲ ਟੀਮ ਦੀ ਇਸ ਹਰਕਤ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੋਰੋਨਾ ਤੋਂ ਬਚਾਅ 'ਚ ਕੀ ਸਰਕਾਰੀ ਟੀਮਾਂ ਫੇਲ੍ਹ ਹੋ ਰਹੀਆਂ ਹਨ।
 


Babita

Content Editor

Related News