ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ ਮਜ਼ਦੂਰ ਦੀ ਮੌਤ

Monday, Dec 09, 2024 - 12:56 PM (IST)

ਅਬੋਹਰ (ਸੁਨੀਲ) : ਲਾਈਨ ਪਾਰ ਏਰੀਆ, ਨਵੀਂ ਆਬਾਦੀ ’ਚ ਸਥਿਤ ਇਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦ ਕਿ ਦੂਜਾ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸਿਟੀ ਥਾਣਾ ਨੰਬਰ-2 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਕਰੀਬ 40 ਸਾਲਾ ਜਗਤਰਾਮ ਪੁੱਤਰ ਰਾਮਜਸ ਵਾਸੀ ਨਵੀਂ ਆਬਾਦੀ ਗਲੀ ਨੰਬਰ-18 ਨੇ ਦੱਸਿਆ ਕਿ ਉਹ ਅਤੇ 45 ਸਾਲਾ ਪੂਰਨ ਚੰਦ ਉਰਫ਼ ਪੱਪੂ ਪੁੱਤਰ ਮੰਗਤਰਾਮ ਗਲੀ ਨੰਬਰ-2 ਵਿਖੇ ਸਥਿਤ ਵੇਦਪਾਲ ਸੇਠੀ ਦੁੱਧ ਬਦਾਮ ਵੇਚਣ ਵਾਲੇ ਦੇ ਪੁਰਾਣੇ ਮਕਾਨ ਨੂੰ ਢਾਹੁਣ ਦਾ ਕੰਮ ਕਰ ਰਿਹਾ ਸੀ।

ਉਸ ਨੇ ਦੱਸਿਆ ਕਿ ਦੁਪਹਿਰ ਕਰੀਬ 1 ਵਜੇ ਅਚਾਨਕ ਉਕਤ ਪੁਰਾਣੇ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਦੋਵੇਂ ਮਲਬੇ ਹੇਠਾਂ ਦੱਬ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਗਤਰਾਮ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਵੇਦਪਾਲ ਸੇਠੀ ਤੇ ਹੋਰਾਂ ਨੇ ਮੌਕੇ ’ਤੇ ਪਹੁੰਚ ਕੇ ਦੋਹਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਪੂਰਨ ਚੰਦ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਮ੍ਰਿਤਕ ਪੂਰਨ ਚੰਦ ਦਾ ਪੁੱਤਰ ਵਿੱਕੀ ਵੀ ਸਰਕਾਰੀ ਹਸਪਤਾਲ ਪਹੁੰਚ ਗਿਆ, ਜਦ ਕਿ ਉਸਦਾ ਦੂਜਾ ਮੁੰਡਾ ਸ਼ਹਿਰ ਤੋਂ ਬਾਹਰ ਸੀ। ਥਾਣਾ ਇੰਚਾਰਜ ਪ੍ਰੋਮਿਲਾ ਰਾਣੀ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।


Babita

Content Editor

Related News