ਬਠਿੰਡਾ ਦੇ ਪਿੰਡਾਂ ''ਚ ਛਾਇਆ ਗਮ ਦਾ ਮਾਹੌਲ, ਜਦੋਂ ਬਲੀਆਂ ਕੁੱਲੂ ਬੱਸ ਹਾਦਸੇ ਦੇ ਮ੍ਰਿਤਕਾਂ ਦੀਆਂ ਚਿਤਾਵਾਂ

07/26/2015 10:17:37 AM


ਬਠਿੰਡਾ— ਕੁੱਲੂ ਬੱਸ ਹਾਦਸੇ ਵਿਚ ਮਰਨ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਬਠਿੰਡਾ ਦੇ ਲੋਕਾਂ ਦੀ ਹੈ। ਬਠਿੰਡਾ ਦੇ ਸੱਤ ਲੋਕਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਅਤੇ 48 ਘੰਟੇ ਬੀਤ ਜਾਣ ਤੋਂ ਬਾਅਦ ਵੀ 15 ਲੋਕਾਂ ਦਾ ਅਜੇ ਕੁਝ ਵੀ ਨਹੀਂ ਪਤਾ ਹੈ। ਬਠਿੰਡਾ ਦੇ ਵੱਖ-ਵੱਖ ਪਿੰਡਾਂ ਵਿਚ ਜਦੋਂ ਬੱਸ ਹਾਦਸੇ ''ਚ ਮਾਰੇ ਗਏ ਛੇ ਲੋਕਾਂ ਦੀਆਂ ਚਿਤਾਵਾਂ ਬਲੀਆਂ ਤਾਂ ਹਰ ਪਿੰਡ ਦੇ ਲੋਕਾਂ ਦੇ ਦਿਲਾਂ ਦੇ ਭਾਵ ਇੱਕੋ ਜਿਹੇ ਸਨ। ਹਰ ਅੱਖ ਨਮ ਸੀ ਅਤੇ ਦਿਲ ਰੋ ਰਿਹਾ ਸੀ। ਆਪਣੇ ਘਰਾਂ ਤੋਂ ਖੁਸ਼ੀ-ਖੁਸ਼ੀ ਸ਼੍ਰੀ ਮਣੀਕਰਨ ਸਾਹਿਬ ਮੱਥਾ ਟੇਕਣ ਲਈ ਗਏ ਇਹ ਲੋਕ ਕਦੇ ਵਾਪਸ ਨਾ ਆ ਸਕੇ। ਵਾਪਸ ਆਈ ਤਾਂ ਇਕ ਮਨਹੂਸ ਖ਼ਬਰ। ਜਿਸ ਦੇ ਫੈਲਦੇ ਹੀ ਬਠਿੰਡਾ, ਬਰਨਾਲਾ ਤੇ ਮਾਨਸਾ ''ਚ ਮਾਤਮ ਛਾ ਗਿਆ। 
ਹਾਦਸੇ ''ਚ ਮਰੀ ਸੱਤਵੀਂ ਮਹਿਲਾ ਅਮਰਜੀਤ ਕੌਰ ਦੀ ਲਾਸ਼ ਸ਼ਨੀਵਾਰ ਨੂੰ ਵੀ ਬਠਿੰਡਾ ਨਾ ਪਹੁੰਚ ਸੀ। ਪਿੰਡ ਦੇ ਲੋਕਾਂ ਅਤੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਣ ਲਈ ਹਰਸਿਮਰਤ ਕੌਰ ਬਾਦਲ ਐਤਵਾਰ ਨੂੰ ਬਠਿੰਡਾ ਦੇ ਪਿੰਡ ਲੇਲੇਵਾਲਾ ਪਹੁੰਚ ਰਹੀ ਹੈ। 
ਸ਼ਨੀਵਾਰ ਨੂੰ ਜਿਨ੍ਹਾਂ ਮ੍ਰਿਤਕਾਂ ਦਾ ਦਾਹ ਸੰਸਕਾਰ ਕੀਤਾ ਗਿਆ, ਉਨ੍ਹਾਂ ਵਿਚ ਪਿੰਡ ਮਹਿਰਾਜ ਦੇ ਰਿਟਾਇਰਡ ਏ. ਐੱਸ. ਆਈ. ਗੁਰਬਖਸ਼ ਸਿੰਘ, ਉਨ੍ਹਾਂ ਦੀ ਪਤਨੀ ਅੰਗਰੇਜ ਕੌਰ, ਪਿੰਡ ਜਗਾ ਰਾਮ ਤੀਰਥ ਦੀ ਬੰਤ ਕੌਰ, ਮਨਜੀਤ ਕੌਰ, ਪਿੰਡ ਲੇਲੇਵਾਲਾ ਦੀ ਬਲਜੀਤ ਕੌਰ ਅਤੇ ਸ਼ੇਰ ਸਿੰਘ ਸ਼ਾਮਲ ਹਨ। ਇਸ ਦੌਰਾਨ ਪੂਰੇ ਬਠਿੰਡਾ ''ਚ ਮਾਤਮ ਦਾ ਮਾਹੌਲ ਪਸਰਿਆ ਰਿਹਾ। ਲੋਕਾਂ ਨੇ ਬਾਜ਼ਾਰ ਬੰਦ ਰੱਖੇ। ਬਠਿੰਡਾ ਦਾ ਪ੍ਰਸ਼ਾਸਨ ਹਾਦਸੇ ਤੋਂ ਬੱਚ ਕੇ ਆ ਰਹੇ ਲੋਕਾਂ ''ਤੇ ਪੂਰੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਸਿਹਤ ਵਿਭਾਗ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ। ਹਾਦਸੇ ਦੇ ਜ਼ਖਮ ਅਜੇ ਅੱਲ੍ਹੇ ਹਨ ਤੇ ਪਿੰਡਾਂ ਤੇ ਪੀੜਤ ਪਰਿਵਾਰਾਂ ਨੂੰ ਜ਼ਿੰਦਗੀ ਨੂੰ ਲੀਹ ''ਤੇ ਆਉਂਦਿਆਂ ਅਜੇ ਹੋਰ ਸਮਾਂ ਲੱਗੇਗਾ। ਖਾਸ ਤੌਰ ''ਤੇ ਉਦੋਂ ਤੱਕ ਜਦੋਂ ਤੱਕ ਲਾਪਤਾ ਲੋਕਾਂ ਦੀ ਖ਼ਬਰ ਨਹੀਂ ਮਿਲ ਜਾਂਦੀ।


Kulvinder Mahi

News Editor

Related News