ਜਾਣੋ ਮੋਦੀ ਦੀ ਗੁਰਦਾਸਪੁਰ ਰੈਲੀ ਦਾ ਮਾਇਨੇ (ਵਿਸ਼ੇਸ਼ ਰਿਪੋਰਟ)
Friday, Dec 21, 2018 - 07:34 PM (IST)

ਜਲੰਧਰ (ਜਸਬੀਰ ਵਾਟਾਂ ਵਾਲੀ) ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਜਨਵਰੀ ਨੂੰ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਵਿਚ ਰੈਲੀ ਕੀਤੀ ਜਾ ਰਹੀ ਹੈ। ਮਾਹਰਾਂ ਵੱਲੋਂ ਇਸ ਰੈਲੀ ਦੇ ਕਈ ਮਾਈਨੇ ਤਲਾਸ਼ੇ ਜਾ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਇਸ ਰੈਲੀ ਦੇ ਜ਼ਰੀਏ ਇਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਅਨੁਸਾਰ ਪ੍ਰਧਾਨ ਮੰਤਰੀ ਵੱਲੋਂ ਰੈਲੀ ਲਈ ਪੰਜਾਬ 'ਚੋਂ ਮਾਝੇ ਨੂੰ ਖਾਸਕਰ ਗੁਰਦਾਸਪੁਰ ਨੂੰ ਚੁਣਨ ਦਾ ਆਪਣਾ ਹੀ ਮਹੱਤਵ ਹੈ। ਗੁਰਦਾਸਪੁਰ ਦੇ ਹੁਣ ਤਕ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਪਿਛਲੇ 20 ਸਾਲਾਂ ਦੌਰਾਨ ਇੱਥੇ ਭਾਜਪਾ ਦਾ ਵਧੇਰੇ ਪ੍ਰਭਾਵ ਰਿਹਾ ਹੈ। ਗੁਰਦਾਸਪੁਰ ਸੀਟ 'ਤੇ ਸਾਲ 1998 ਤੋਂ ਲੈ ਕੇ 2014 ਤੱਕ ਬਾਲੀਵੁੱਡ ਸਟਾਰ ਵਿਨੋਦ ਖੰਨਾ ਲਗਾਤਾਰ ਚੋਣ ਲੜਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜ ਵਾਰ ਚੋਣ ਲੜੀ ਅਤੇ ਚਾਰ ਵਾਰ ਜਿੱਤ ਪ੍ਰਾਪਤ ਕੀਤੀ। ਭਾਵੇਂ ਕਿ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਪਿਛਲੇ ਸਮੇਂ ਦੌਰਾਨ ਹੋਈ ਜ਼ਿਮਨੀ ਚੋਣ 'ਚ ਸੁਨੀਲ ਜਾਖੜ ਨੇ ਜਿੱਤ ਪ੍ਰਾਪਤ ਕੀਤੀ ਪਰ ਗੁਰਦਾਸਪੁਰ ਵਿਚ ਅੱਜ ਵੀ ਵਿਨੋਦ ਖੰਨਾ ਦੇ ਕੀਤੇ ਕੰਮਾਂ ਨੂੰ ਲੋਕਾਂ ਵੱਲੋਂ ਯਾਦ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿਚ ਵੀ ਭਾਜਪਾ ਦਾ ਪਿਛਲੇ 20 ਸਾਲਾਂ ਦੌਰਾਨ ਦਬਦਬਾ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਜਪਾ ਇਸ ਦਬਦਬੇ ਵਾਲੇ ਖੇਤਰ ਵਿਚ ਆਪਣਾ ਪ੍ਰਭਾਵ ਬਣਾਈ ਰੱਖਣਾ ਚਾਹੁੰਦੀ ਹੈ। ਸ਼ਾਇਦ ਇਸੇ ਲਈ ਹੀ ਪੀ. ਐੱਮ. ਮੋਦੀ ਵੱਲੋਂ ਮਾਝੇ ਦੇ ਖੇਤਰ ਨੂੰ ਖਾਸ ਤੌਰ 'ਤੇ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਮਾਝੇ ਵਿਚ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂਆਂ ਦੇ ਕਾਰਨ ਵੀ ਭਾਜਪਾ ਵੱਲੋਂ ਇਸ ਇਲਾਕੇ ਨੂੰ ਖਾਸ ਤੌਰ 'ਤੇ ਚੁਣਿਆ ਗਿਆ ਹੈ। ਮਾਝੇ ਵਿਚ ਹੋਈ ਇਸ ਵੱਡੀ ਸਿਆਸੀ ਹਲਚਲ ਕਾਰਨ ਭਾਜਪਾ ਨਹੀਂ ਚਾਹੁੰਦੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਵਾਲਾ ਵੋਟ ਬੈਂਕ ਟਕਸਾਲੀ ਆਗੂਆਂ ਦੀ ਝੋਲੀ ਵਿਚ ਚਲਾ ਜਾਵੇ।
ਗੁਰਦਾਸਾਪੁਰ 'ਚ ਪਿਛਲੇ ਵੀਹ ਸਾਲਾਂ ਦੇ ਚੋਣ ਨਤੀਜੇ
ਸਾਲ | ਜੇਤੂ ਉਮੀਦਵਾਰ | ਮੁਕਾਬਲੇ 'ਚ ਹਾਰੇ ਮੁੱਖ ਉਮੀਦਵਾਰ |
1998 | ਵਿਨੋਦ ਖੰਨਾ | ਸੁਖਬੰਸ ਕੌਰ |
1999 | ਵਿਨੋਦ ਖੰਨਾ | ਸੁਖਬੰਸ ਕੌਰ |
2004 | ਵਿਨੋਦ ਖੰਨਾ | ਸੁਖਬੰਸ ਕੌਰ |
2009 | ਪ੍ਰਤਾਪ ਸਿੰਘ ਬਾਜਵਾ | ਸੁਖਬੰਸ ਕੌਰ |
2014 | ਵਿਨੋਦ ਖੰਨਾ-- | ਪ੍ਰਤਾਪ ਸਿੰਘ ਬਾਜਵਾ |
ਪੰਜਾਬ ਤੋਂ ਹੀ ਵੱਜੇਗਾ ਚੋਣ 2019 ਦਾ ਬਿਗੁਲ
ਇਸ ਤੋਂ ਇਲਾਵਾ ਮਾਝੇ ਦੇ ਨਾਲ ਲੱਗਦੇ ਉਪਰਲੇ ਖੇਤਰ ਖਾਸ ਕਰ ਹਿਮਾਚਲ ਵਿਚ ਵੀ ਭਾਜਪਾ ਦਾ ਖਾਸ ਪ੍ਰਭਾਵ ਰਿਹਾ ਹੈ। ਇਸ ਰੈਲੀ ਦੌਰਾਨ ਭਾਜਪਾ ਆਪਣੇ ਉਸ ਪ੍ਰਭਾਵ ਨੂੰ ਵੀ ਬਣਾਈ ਰੱਖਣ ਦਾ ਯਤਨ ਕਰੇਗੀ। ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ 2019 ਦੀਆਂ ਚੋਣਾਂ ਵਿਚ ਬਹੁਤਾ ਸਮਾਂ ਬਾਕੀ ਨਾ ਹੋਣ ਕਰਕੇ ਪੀ. ਐੱਮ ਇਸ ਰੈਲੀ ਨੂੰ ਚੋਣ ਪ੍ਰਚਾਰ ਦੇ ਤੌਰ 'ਤੇ ਹੀ ਨੇਪਰੇ ਚਾੜਨਗੇ। ਉਨ੍ਹਾਂ ਦਾ ਮੰਨਣਾ ਹੈ ਇਹ ਵੀ ਸਕਦਾ ਹੈ ਕਿ ਭਾਜਪਾ ਦਾ ਚੋਣ 2019 ਦਾ ਬਿਗੁਲ ਪੰਜਾਬ ਤੋਂ ਹੀ ਵਜਾਵੇ। ਇਸ ਰੈਲੀ ਦੌਰਾਨ ਪੀ. ਐੱਮ ਮੋਦੀ ਵੱਲੋਂ ਪੰਜਾਬ ਦੇ ਕਿਸਾਨ ਲਈ ਵੀ ਖਾਸ ਐਲਾਨ ਕੀਤੇ ਜਾਣ ਦੀ ਉਮੀਦ ਹੈ। ਇਸ ਦੇ ਨਾਲ-ਨਾਲ ਕਰਤਾਪੁਰ ਲਾਂਘੇ ਬਾਰੇ ਵੀ ਉਨ੍ਹਾਂ ਵੱਲੋਂ ਖਾਸ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ।