ਰੇਲਵੇ ਟਰੈਕ 'ਤੇ ਡਟੇ ਕਿਸਾਨ, 3 ਘੰਟੇ ਟਰੇਨਾਂ ਰੋਕ ਕੀਤਾ ਧਰਨਾ-ਪ੍ਰਦਰਸ਼ਨ, ਯਾਤਰੀ ਪਰੇਸ਼ਾਨ
01/29/2023 4:46:10 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਕੁਲਦੀਸ਼, ਜਸਵਿੰਦਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਵਿਚ ਰੇਲ ਰੋਕੋ ਅੰਦੋਲਨ ਕੀਤਾ। ਪੰਜਾਬ ਦੇ 12 ਜ਼ਿਲ੍ਹਿਆਂ ਦੀਆਂ 14 ਥਾਵਾਂ 'ਤੇ ਕਿਸਾਨਾਂ ਵੱਲੋਂ ਰੇਲਾਂ ਰੋਕੀਆਂ ਅਤੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਵੱਲੋਂ ਅੱਜ ਰੇਲਵੇ ਸਟੇਸ਼ਨ ਟਾਂਡਾ ਵਿਖੇ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਰੋਕੋ ਅੰਦੋਲਨ ਕਰਦਿਆਂ ਰੇਲ ਟਰੈਕ 'ਤੇ ਮੋਰਚਾ ਲਾਇਆ ਗਿਆ। ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿਚ ਕੀਤੇ ਗਏ ਇਸ ਰੋਸ ਵਿਖਾਵੇ ਦੌਰਾਨ ਜਥੇਬੰਦੀ ਨੇ ਕਿਸਾਨਾਂ ਕਿਰਤੀਆਂ ਦੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੇ ਨਾਲ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਭੜਾਸ ਵੀ ਕੱਢੀ| ਉਥੇ ਹੀ ਇਸ ਦੌਰਾਨ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਰੇਲਵੇ ਟਰੈਕ 'ਤੇ ਲਾਏ ਮੋਰਚੇ ਦੌਰਾਨ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਜਗਦੀਪ ਸਿੰਘ ਜੱਗੀ,ਕਸ਼ਮੀਰ ਸਿੰਘ ਫੱਤਾ ਕੁੱਲਾ ਨੇ ਕਿਹਾ ਕਿ ਦਿੱਲੀ ਮੋਰਚੇ ਵਿਚ ਭਾਜਪਾ ਅਤੇ ਆਰ. ਐੱਸ. ਐੱਸ. ਦੇ ਆਗੂ ਅਨਿਲ ਡੋਵਾਸ, ਪ੍ਰਦੀਪ ਖੱਤਰੀ ਦੀ ਅਗਵਾਈ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਸਟੇਜ 'ਤੇ 29 ਜਨਵਰੀ 2021 ਨੂੰ ਹਮਲਾ ਕੀਤਾ ਗਿਆ ਸੀ, ਜਿਸ ਦੇ ਰੋਸ ਵਜੋਂ ਅੱਜ ਪੰਜਾਬ ਭਾਰਤ ਸਮੇਤ ਟਾਂਡਾ ਰੇਲਵੇ ਸਟੇਸ਼ਨ 'ਤੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ| ਉਨ੍ਹਾਂ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਹਮਲਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਪਰਚੇ ਦਰਜ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਜਾਵਾਂ ਦਿੱਤੀਆਂ ਜਾਣ|
ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ, ਅਜੇ ਮਿਸ਼ਰਾ ਟੈਨੀ ਨੂੰ ਵਜ਼ਾਰਤ ਵਿੱਚੋਂ ਬਰਤਫ਼ ਕਰਕੇ ਲਖੀਮਪੁਰ ਖ਼ੀਰੀ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ | ਕਿਸਾਨਾਂ-ਕਿਰਤੀਆਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਮਜ਼ਦੂਰਾਂ ਨੂੰ ਮਾਈਕਰੋ ਫਾਇਨੈਂਸ ਕੰਪਨੀਆਂ ਦੀ ਲੁੱਟ ਤੋਂ ਬਚਾਇਆ ਜਾਵੇ| ਇਸ ਦੇ ਨਾਲ ਹੀ ਅਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣ, ਬਿਜਲੀ ਵੰਡ ਸੋਧ ਐਕਟ ਰੱਦ ਕੀਤਾ ਜਾਵੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ | ਉਨ੍ਹਾਂ ਆਖਿਆ ਕਿ ਕਿਸਾਨਾਂ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਦੇ ਅੰਦੋਲਨ ਤੋਂ ਬਾਅਦ ਜਥੇਬੰਦੀ ਅਗਲਾ ਪ੍ਰੋਗਰਾਮ ਉਲੇਕੇਗੀ| ਇਸ ਮੌਕੇ ਰੇਲਵੇ ਅਤੇ ਪੰਜਾਬ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿਚ ਸੁਰੱਖਿਆ ਨੂੰ ਲੈਕੇ ਮੌਜੂਦ ਰਹੇ| ਇਸ ਮੌਕੇ ਦਵਿੰਦਰ ਸਿੰਘ ਕਾਹਲੋਂ, ਲਖਵੀਰ ਸਿੰਘ, ਬਾਬਾ ਚੰਦ ਸ਼ਾਹ, ਕਮਲਜੀਤ ਕੌਰ, ਬੇਅੰਤ ਕੌਰ ਬਾਠ, ਜਸਵਿੰਦਰ ਸਿੰਘ ਚੌਹਾਨ, ਹਰਪ੍ਰੀਤ ਸਿੰਘ ਬੈਚਾਂ, ਗੁਰਸੇਵਕ ਸਿੰਘ, ਅਮਨਦੀਪ ਕੌਰ, ਸੁਰਿੰਦਰ ਕੌਰ, ਕੁਲਦੀਪ ਕੌਰ, ਦਲਜੀਤ ਕੌਰ ਸਕਰਾਲਾ, ਬਲਜਿੰਦਰ ਕੌਰ, ਸੁਸ਼ਮਾ, ਰੱਜੀ ਆਦਿ ਮੌਜੂਦ ਸਨ|
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲੇ ਲੰਬੜਦਾਰ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।