ਕਿਸਾਨ ਅੰਦੋਲਨ ਦੇ ਨਾਂ ''ਤੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਡੂੰਘੀ ਸਾਜ਼ਿਸ਼ : ਸਿਰਸਾ

Saturday, Dec 12, 2020 - 09:15 PM (IST)

ਕਿਸਾਨ ਅੰਦੋਲਨ ਦੇ ਨਾਂ ''ਤੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਡੂੰਘੀ ਸਾਜ਼ਿਸ਼ : ਸਿਰਸਾ

ਜਲੰਧਰ/ਨਵੀਂ ਦਿੱਲੀ,(ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦੇਸ਼ ਵਿਚ ਇਸ ਵੇਲੇ ਸ਼ਰਾਰਤੀ ਅਨਸਰਾਂ ਵਲੋਂ ਕਿਸਾਨ ਅੰਦੋਲਨ ਦੇ ਨਾਂ 'ਤੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ ਜੋ ਕਦੇ ਵੀ ਸਫਲ ਨਹੀਂ ਹੋਣ ਦਿੱਤੀ ਜਾਵੇਗੀ। ਇਥੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਕਿਸਾਨ ਅੰਦੋਲਨ ਨੂੰ ਦੇਸ਼ ਵਿਰੋਧੀ ਤੇ ਖਾਲਿਸਤਾਨੀ ਕਰਾਰ ਦੇਣ ਦਾ ਯਤਨ ਕੀਤਾ ਗਿਆ ਅਤੇ ਜਿਉਂ ਹੀ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਟੁੱਟੀ ਤਾਂ ਕੁਝ ਸੌੜੀ ਸੋਚ ਵਾਲੇ ਅਨਸਰਾਂ ਨੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਮੁਹਿੰਮ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਚਲਾਈ। ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਹੁਣ ਧਰਮ ਦੇ ਆਧਾਰ 'ਤੇ ਵੰਡੀ ਪਾਉਣ ਦੀ ਕੋਝੀ ਸਾਜ਼ਿਸ਼ ਰਚੀ ਜਾ ਰਹੀ ਹੈ।
 

ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ  
ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਦੇਸ਼ ਦੇ ਕਿਸਾਨ ਜੋ ਕਿ ਆਪਣੀਆਂ ਜ਼ਿੰਦਗੀਆਂ ਦੀ ਰਾਖੀ ਲਈ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਵਿਚ ਬੀਤੇ 15 ਦਿਨਾਂ ਤੋਂ ਕੜਾਕੇ ਦੀ ਠੰਢ ਵਿਚ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਮਾਰ ਕੇ ਬੈਠੇ ਹਨ, ਨੂੰ ਵੀ ਦੇਸ ਵਿਰੋਧੀ ਕਰਾਰ ਦਿੱਤਾ ਗਿਆ ਤੇ ਇਸਨੂੰ ਸਿਰਫ ਸਿੱਖ ਕਿਸਾਨਾਂ ਦਾ ਅੰਦੋਲਨ ਕਰਾਰ ਦਿੱਤਾ ਗਿਆ ਹੈ ਜਦਕਿ ਸੱਚਾਈ ਇਹ ਹੈ ਕਿ ਇਹ ਕਿਸਾਨ ਅੰਦੋਲਨ ਸਿਰਫ ਸਿੱਖਾਂ ਦਾ ਨਹੀਂ ਸਗੋਂ ਸਮਾਜ ਦਾ ਹਰ ਵਰਗ ਅੱਜ ਇਸ ਅੰਦੋਲਨ ਦਾ ਹਿੱਸਾ ਹੈ ਤੇ ਸਿਰਫ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਸਮੇਤ ਸਾਰੇ ਹੀ ਸੂਬਿਆਂ ਤੋਂ ਕਿਸਾਨ ਤੇ ਸਮਾਜ ਦੇ ਹਰ ਵਰਗ ਇਸ ਅੰਦੋਲਨ ਵਿਚ ਪਹੁੰਚੇ ਹਨ ਅਤੇ ਇਥੇ ਬਾਰਡਰਾਂ 'ਤੇ ਇਕੱਠ ਰੋਜ਼ਾਨਾ ਆਧਾਰ 'ਤੇ ਵੱਧ ਰਿਹਾ ਹੈ। ਉਨਾਂ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸਿੱਖ ਹਮੇਸ਼ਾ ਕੁਰਬਾਨੀਆਂ ਲਈ ਜਾਣੇ ਜਾਂਦੇ ਹਨ। ਦੇਸ਼ ਲਈ ਸਿੱਖਾਂ ਨੇ ਕਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੱਜ ਜਦੋਂ ਸਿੰਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਸਰਕਾਰ ਚੁੱਪ ਬੈਠੀ ਹੈ।
ਇਹ ਵੀ ਪੜ੍ਹੋ : ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਰਗਾ ਲੋਕਤੰਤਰ ਕਿਸੇ ਵੀ ਦੇਸ਼ ਵਿਚ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਸਵ. ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਕਿਸਾਨ ਦਿਨ-ਰਾਤ ਖੇਤ ਵਿਚ ਲੱਗ ਕੇ ਸੋਨੇ ਤੋਂ ਵੀ ਕੀਮਤੀ ਫ਼ਸਲ ਉਗਾ ਕੇ ਸਾਡਾ ਸਾਰਿਆਂ ਦਾ ਪੇਟ ਭਰਦਾ ਹੈ ਤਾਂ ਜੋ ਕਿਸਾਨ ਨੂੰ ਆਪਣੇ ਲਈ ਆਵਾਜ਼ ਉਠਾਉਣ ਦਾ ਹੱਕ ਨਹੀਂ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਸਰਵਜੀਤ ਸਿੰਘ ਵਿਰਕ, ਵਿਕਰਮ ਸਿੰਘ ਰੋਹਿਣੀ, ਨਿਸ਼ਾਨ ਸਿੰਘ ਮਾਨ, ਐੱਮ. ਪੀ. ਐੱਸ. ਚੱਢਾ, ਅਮਰਜੀਤ ਸਿੰਘ ਪਿੰਕੀ, ਸਤਿੰਦਰਪਾਲ ਸਿੰਘ ਨਾਗੀ, ਦਲਜੀਤ ਸਿੰਘ ਸਰਨਾ, ਜਸਪ੍ਰੀਤ ਸਿੰਘ ਵਿੱਕੀ ਮਾਨ, ਸੁਖਵਿੰਦਰ ਸਿੰਘ ਬੱਬਰ ਵੀ ਮੌਜੁਦ ਰਹੇ।


author

Deepak Kumar

Content Editor

Related News