ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ, ਸੂਬੇ 'ਚ ਖਾਦ ਦੀ ਸਪਲਾਈ ਬਾਰੇ...

Tuesday, May 19, 2026 - 01:59 PM (IST)

ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ, ਸੂਬੇ 'ਚ ਖਾਦ ਦੀ ਸਪਲਾਈ ਬਾਰੇ...

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ 'ਚ ਖਾਦ ਦੀ ਸੰਭਾਵਿਤ ਕਮੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ‘ਤੇ ਸਫ਼ਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਕਿਸਮ ਦੀ ਘਬਰਾਹਟ ਜਾਂ ਖਾਦ ਇਕੱਠੀ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਯੂਰੀਆ ਅਤੇ ਡੀ. ਏ. ਪੀ. ਦੀ ਪੂਰੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਲਈ ਜਿਹੜੀ ਖਾਦ ਦੀ ਲੋੜ ਹੈ, ਉਸ ਸਬੰਧੀ ਇੰਟੈਂਟ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ ਅਤੇ ਇੱਕ ਜੂਨ ਤੋਂ ਬਾਅਦ ਖਾਦ ਦੀ ਸਪਲਾਈ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 15 ਜੂਨ ਤੱਕ ਜਿਹੜੀ ਵੀ ਲੋੜ ਪਵੇਗੀ, ਉਸ ਅਨੁਸਾਰ ਖਾਦ ਪੰਜਾਬ 'ਚ ਪਹੁੰਚਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਰੀਬ 50 ਫ਼ੀਸਦੀ ਲੋੜ ਦੇ ਬਰਾਬਰ ਖਾਦ ਪਹਿਲਾਂ ਹੀ ਸੂਬੇ 'ਚ ਪਹੁੰਚ ਚੁੱਕੀ ਹੈ ਅਤੇ ਰੈਕ ਲਗਾਤਾਰ ਪੰਜਾਬ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮਿਲ ਕੇ ਆਏ ਹਨ ਅਤੇ ਕੇਂਦਰ ਸਰਕਾਰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਜਾਖੜ ਨੇ ਕਿਹਾ ਕਿ ਮੌਜੂਦਾ ਵਿਸ਼ਵ ਪੱਧਰੀ ਹਾਲਾਤਾਂ ਅਤੇ ਜੰਗ ਕਾਰਨ ਖਾਦ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਕੱਚਾ ਮਾਲ ਅਤੇ ਗੈਸ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਆਉਂਦਾ ਹੈ। ਇਸ ਦੇ ਬਾਵਜੂਦ ਭਾਰਤ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡਾ ਆਰਥਿਕ ਬੋਝ ਆਪਣੇ ਸਿਰ ਲਿਆ ਹੈ। ਜਾਖੜ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ 'ਚ ਹਰ ਸਾਲ ਕਰੀਬ 6 ਕਰੋੜ 88 ਲੱਖ ਯੂਰੀਆ ਦੇ 45 ਕਿੱਲੋ ਵਾਲੇ ਕੱਟੇ ਵਰਤੇ ਜਾਂਦੇ ਹਨ, ਜੋ ਕਰੀਬ 31 ਤੋਂ 32 ਲੱਖ ਟਨ ਯੂਰੀਆ ਦੇ ਬਰਾਬਰ ਹੈ। ਇਸੇ ਤਰ੍ਹਾਂ ਕਰੀਬ 1 ਕਰੋੜ 60 ਲੱਖ ਡੀ. ਏ. ਪੀ. ਦੇ 50 ਕਿੱਲੋ ਵਾਲੇ ਕੱਟੇ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਖਾਦ ਪੰਜਾਬ ਦੇ ਕਿਸਾਨਾਂ ਲਈ ਬਹੁਤ ਵੱਡੀ ਸਬਸਿਡੀ ਨਾਲ ਉਪਲੱਬਧ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ
ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦਾ ਕਿਸਾਨ 45 ਕਿੱਲੋ ਯੂਰੀਆ ਦਾ ਇੱਕ ਕੱਟਾ ਸਿਰਫ 266 ਰੁਪਏ 50 ਪੈਸੇ 'ਚ ਖਰੀਦਦਾ ਹੈ, ਜਿਸ ਮੁਤਾਬਕ ਯੂਰੀਆ ਦੀ ਕੀਮਤ ਕਰੀਬ 6 ਰੁਪਏ ਪ੍ਰਤੀ ਕਿੱਲੋ ਪੈਂਦੀ ਹੈ। ਜਾਖੜ ਨੇ ਕਿਹਾ ਕਿ ਜੰਗ ਅਤੇ ਅੰਤਰਰਾਸ਼ਟਰੀ ਹਾਲਾਤਾਂ ਕਾਰਨ ਯੂਰੀਆ ਦੀ ਵਿਸ਼ਵ ਪੱਧਰੀ ਕੀਮਤ 'ਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 28 ਫਰਵਰੀ ਨੂੰ ਯੂਰੀਆ ਦੀ ਕੀਮਤ 480 ਡਾਲਰ ਪ੍ਰਤੀ ਟਨ ਸੀ, ਜਦੋਂ ਕਿ ਹੁਣ ਇਹ ਵੱਧ ਕੇ 1135 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡੀ ਸਬਸਿਡੀ ਦੇ ਕੇ ਸਸਤੇ ਭਾਅ ‘ਤੇ ਖਾਦ ਮੁਹੱਈਆ ਕਰਵਾ ਰਹੀ ਹੈ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਕਰੀਬ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਯੂਰੀਆ ਆਯਾਤ ਕਰ ਰਹੀ ਹੈ ਪਰ ਕਿਸਾਨਾਂ ਨੂੰ ਇਹ ਸਿਰਫ 6 ਰੁਪਏ ਪ੍ਰਤੀ ਕਿੱਲੋ ਦੇ ਰੇਟ ‘ਤੇ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੀ. ਏ. ਪੀ. ‘ਤੇ ਵੀ ਕੇਂਦਰ ਸਰਕਾਰ ਵੱਲੋਂ ਕਰੀਬ 3200 ਰੁਪਏ ਪ੍ਰਤੀ ਬੋਰੀ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਰੀਆ ਅਤੇ ਡੀ. ਏ. ਪੀ. ਦੀ ਕੁੱਲ ਸਬਸਿਡੀ ਦੀ ਗੱਲ ਕਰੀਏ ਤਾਂ ਇੱਕ ਸਾਲ 'ਚ ਪੰਜਾਬ ਦੇ ਕਿਸਾਨਾਂ ਲਈ ਕੇਂਦਰ ਸਰਕਾਰ ਕਰੀਬ 32 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਰਕਮ ਪੰਜਾਬ 'ਚ ਕਣਕ ਖਰੀਦ ਲਈ ਆਈ ਸੀ. ਸੀ. ਐੱਲ. ਲਿਮਟ ਤੋਂ ਵੀ ਵੱਧ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਲਈ ਲਗਭਗ 31 ਹਜ਼ਾਰ ਕਰੋੜ ਰੁਪਏ ਦੀ ਸੀ. ਸੀ. ਐੱਲ. ਲਿਮਿਟ ਆਈ ਸੀ, ਜਦੋਂ ਕਿ ਖਾਦ ਸਬਸਿਡੀ ਦਾ ਅੰਕੜਾ ਇਸ ਤੋਂ ਵੀ ਉੱਪਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਹਰ ਹਾਲਤ 'ਚ ਸਹਾਇਤਾ ਦੇ ਰਹੀ ਹੈ ਅਤੇ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : 20 ਤਾਰੀਖ਼ ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ, ਐਮਰਜੈਂਸੀ ਪੈਣ 'ਤੇ ਪ੍ਰਸ਼ਾਸਨ ਨੇ ਦਿੱਤੀ ਵਿਸ਼ੇਸ਼ ਸਹੂਲਤ

ਸੁਨੀਲ ਜਾਖੜ ਨੇ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵੱਧਦੀਆਂ ਕੀਮਤਾਂ ਸਬੰਧੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਰੂਸ-ਯੂਕ੍ਰੇਨ ਜੰਗ ਕਾਰਨ ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ ਅਤੇ ਕਈ ਦੇਸ਼ਾਂ 'ਚ ਮਹਿੰਗਾਈ ਬਹੁਤ ਵਧੀ ਹੈ। ਉਨ੍ਹਾਂ ਦੇ ਮੁਤਾਬਕ ਪਾਕਿਸਤਾਨ 'ਚ 42 ਫ਼ੀਸਦੀ, ਨੇਪਾਲ 'ਚ ਕਰੀਬ 39.5 ਫ਼ੀਸਦੀ, ਅਮਰੀਕਾ 'ਚ 35 ਤੋਂ 40 ਫ਼ੀਸਦੀ ਅਤੇ ਸ਼੍ਰੀਲੰਕਾ 'ਚ 33.8 ਫ਼ੀਸਦੀ ਤੱਕ ਈਂਧਣ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਇਸਦੇ ਮੁਕਾਬਲੇ ਸਿਰਫ ਕਰੀਬ 3 ਫ਼ੀਸਦੀ ਦਾ ਹੀ ਵਾਧਾ ਹੋਇਆ ਹੈ, ਜੋ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਨਤੀਜਾ ਹੈ। ਜਾਖੜ ਨੇ ਕਿਹਾ ਕਿ ਭਾਰਤ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਰਥਿਕ ਸੰਤੁਲਨ ਬਣਾਈ ਰੱਖਿਆ ਹੈ ਅਤੇ ਲੋਕਾਂ ‘ਤੇ ਵੱਧ ਬੋਝ ਨਹੀਂ ਪੈਣ ਦਿੱਤਾ। ਅਖ਼ੀਰ 'ਚ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ 'ਚ ਆ ਕੇ ਖਾਦ ਇਕੱਠੀ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਅਤੇ ਸਬੰਧਿਤ ਏਜੰਸੀਆਂ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ ਅਤੇ ਖਾਦ ਦੀ ਸਪਲਾਈ ਪੂਰੀ ਤਰ੍ਹਾਂ ਯਕੀਨੀ ਬਣਾਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


 


author

Babita

Content Editor

Related News