ਸ਼ਰਮਨਾਕ! ਕਤਲ ਦੇ ਮਾਮਲਿਆਂ ''ਚ ਦੇਸ਼ ਭਰ ''ਚੋਂ ਦੂਜੇ ਨੰਬਰ ''ਤੇ ਪਹੁੰਚਿਆ ਪੰਜਾਬ ਦਾ ਇਹ ਸ਼ਹਿਰ

Friday, May 15, 2026 - 11:54 AM (IST)

ਸ਼ਰਮਨਾਕ! ਕਤਲ ਦੇ ਮਾਮਲਿਆਂ ''ਚ ਦੇਸ਼ ਭਰ ''ਚੋਂ ਦੂਜੇ ਨੰਬਰ ''ਤੇ ਪਹੁੰਚਿਆ ਪੰਜਾਬ ਦਾ ਇਹ ਸ਼ਹਿਰ

ਲੁਧਿਆਣਾ (ਰਾਜ): ਪੰਜਾਬ ਦਾ ਉਦਯੋਗਿਕ ਗੜ੍ਹ ਮੰਨਿਆ ਜਾਣ ਵਾਲਾ ਲੁਧਿਆਣਾ ਹੁਣ ਅਪਰਾਧ ਦੀ ਦਲਦਲ ਵਿਚ ਫਸਦਾ ਨਜ਼ਰ ਆ ਰਿਹਾ ਹੈ। ਸੜਕ ਹਾਦਸਿਆਂ ਵਿਚ ਖ਼ਰਾਬ ਰਿਕਾਰਡ ਤੋਂ ਬਾਅਦ ਹੁਣ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ (NCRB) ਦੀ ਤਾਜ਼ਾ ਰਿਪੋਰਟ ਨੇ ਸ਼ਹਿਰ ਵਾਸੀਆਂ ਅਤੇ ਪੁਲਸ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਰਿਪੋਰਟ ਮੁਤਾਬਕ, ਲੁਧਿਆਣਾ ਦੇਸ਼ ਦੇ ਉਨ੍ਹਾਂ ਚੋਣਵੇਂ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ, ਜਿੱਥੇ ਕਤਲ ਵਰਗੀਆਂ ਸੰਗੀਨ ਵਾਰਦਾਤਾਂ ਸਭ ਤੋਂ ਵੱਧ ਹੋ ਰਹੀਆਂ ਹਨ।

ਫਰੀਦਾਬਾਦ ਨੰਬਰ ਵਨ, ਲੁਧਿਆਣਾ ਅਤੇ ਆਸਨਸੋਲ ਦੂਜੇ ਸਥਾਨ 'ਤੇ 

NCRB ਵੱਲੋਂ ਦੇਸ਼ ਦੇ 34 ਵੱਡੇ ਸ਼ਹਿਰਾਂ ਦੇ ਅਪਰਾਧ ਅੰਕੜਿਆਂ ਦੇ ਵਿਸ਼ਲੇਸ਼ਣ ਵਿਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ। ਸਾਲ 2024 ਵਿਚ ਲੁਧਿਆਣਾ ਵਿਚ ਕਤਲ ਦੇ ਕੁੱਲ 56 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚ 58 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਇਨ੍ਹਾਂ ਮ੍ਰਿਤਕਾਂ ਵਿਚ 44 ਪੁਰਸ਼ ਅਤੇ 14 ਮਹਿਲਾਵਾਂ ਸ਼ਾਮਲ ਹਨ। ਅੰਕੜਿਆਂ ਮੁਤਾਬਕ ਲੁਧਿਆਣਾ ਦੇਸ਼ ਭਰ ਵਿਚ ਦੂਜੇ ਨੰਬਰ 'ਤੇ ਰਿਹਾ ਹੈ। ਇਸ ਸੂਚੀ ਵਿਚ ਹਰਿਆਣਾ ਦਾ ਫਰੀਦਾਬਾਦ 79 ਮਾਮਲਿਆਂ ਦੇ ਨਾਲ ਪਹਿਲੇ ਸਥਾਨ 'ਤੇ ਹੈ, ਜਦਕਿ ਪੱਛਮੀ ਬੰਗਾਲ ਦਾ ਆਸਨਸੋਲ (56 ਮਾਮਲੇ) ਲੁਧਿਆਣਾ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਅਤੇ ਆਗਰਾ (53 ਮਾਮਲੇ) ਤੀਜੇ ਸਥਾਨ 'ਤੇ ਰਿਹਾ ਹੈ।

ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਹੋ ਰਹੇ ਕਤਲ

ਰਿਪੋਰਟ ਦਾ ਸਭ ਤੋਂ ਚਿੰਤਾਜਨਕ ਪਹਿਲੂ ਕਤਲਾਂ ਦੇ ਪਿੱਛੇ ਦੀ ਵਜ੍ਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਵਿਚ ਸਭ ਤੋਂ ਵੱਧ ਕਤਲ ਕਿਸੇ ਵੱਡੇ ਗੈਂਗਵਾਰ ਜਾਂ ਵੱਡੀ ਸਾਜ਼ਿਸ਼ ਤਹਿਤ ਨਹੀਂ, ਸਗੋਂ ਮਾਮੂਲੀ ਵਿਵਾਦਾਂ ਅਤੇ ਛੋਟੀ-ਮੋਟੀ ਬਹਿਸਬਾਜ਼ੀ ਕਾਰਨ ਹੋਏ ਹਨ। ਅਜਿਹੇ ਕੁੱਲ 19 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 14 ਕਤਲ ਪੁਰਾਣੀ ਰੰਜਿਸ਼, 8 ਨਜਾਇਜ਼ ਸਬੰਧਾਂ ਅਤੇ 1 ਮਾਮਲਾ ਗੈਂਗਵਾਰ ਨਾਲ ਜੁੜਿਆ ਰਿਹਾ। ਉੱਥੇ ਹੀ, 6 ਮਾਮਲਿਆਂ ਵਿਚ ਪੁਲਸ ਹੁਣ ਤੱਕ ਕਤਲ ਦੀ ਵਜ੍ਹਾ ਦਾ ਪਤਾ ਨਹੀਂ ਲਗਾ ਸਕੀ ਹੈ।

ਨੌਜਵਾਨ ਅਤੇ ਮੱਧ ਵਰਗ ਸਭ ਤੋਂ ਵੱਧ ਨਿਸ਼ਾਨੇ 'ਤੇ 

ਹਿੰਸਕ ਵਾਰਦਾਤਾਂ ਦਾ ਸਭ ਤੋਂ ਵੱਧ ਸ਼ਿਕਾਰ 30 ਤੋਂ 45 ਸਾਲ ਦੇ ਲੋਕ ਹੋ ਰਹੇ ਹਨ। ਇਸ ਉਮਰ ਵਰਗ ਦੇ 26 ਲੋਕਾਂ (18 ਪੁਰਸ਼ ਅਤੇ 8 ਮਹਿਲਾਵਾਂ) ਦਾ ਕਤਲ ਕੀਤਾ ਗਿਆ। ਇਸ ਤੋਂ ਇਲਾਵਾ 18 ਤੋਂ 30 ਸਾਲ ਦੇ 18 ਨੌਜਵਾਨਾਂ ਅਤੇ 45 ਤੋਂ 60 ਸਾਲ ਦੇ 12 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਕ ਮਾਮਲੇ ਵਿਚ 16 ਤੋਂ 18 ਸਾਲ ਦੀ ਨਾਬਾਲਗ ਲੜਕੀ ਵੀ ਹਿੰਸਾ ਦਾ ਸ਼ਿਕਾਰ ਬਣੀ। ਪਿਛਲੇ ਤਿੰਨ ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 2022 ਵਿਚ ਇਹ ਗਿਣਤੀ 58 ਸੀ, ਜੋ ਪਿਛਲੇ ਦੋ ਸਾਲਾਂ ਤੋਂ 56 'ਤੇ ਟਿਕੀ ਹੋਈ ਹੈ। NCRB ਦੀ ਇਸ ਰਿਪੋਰਟ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ 'ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।


author

Anmol Tagra

Content Editor

Related News