ਮੋਗਾ ਦੀ ਸਿਆਸਤ ਵਿਚ ਵੱਡੀ ਹਲਚਲ, ਇਸ ਚੋਟੀ ਦੇ ਆਗੂ ਨੇ ਸਭ ਨੂੰ ਕਰ 'ਤਾ ਹੈਰਾਨ

Wednesday, May 13, 2026 - 06:08 PM (IST)

ਮੋਗਾ ਦੀ ਸਿਆਸਤ ਵਿਚ ਵੱਡੀ ਹਲਚਲ, ਇਸ ਚੋਟੀ ਦੇ ਆਗੂ ਨੇ ਸਭ ਨੂੰ ਕਰ 'ਤਾ ਹੈਰਾਨ

ਮੋਗਾ (ਗੋਪੀ, ਕਸ਼ਿਸ਼) : ਵਿਧਾਨ ਸਭਾ ਹਲਕਾ ਮੋਗਾ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਕਾਫਲਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਹਲਕਾ ਇੰਚਾਰਜ ਮਾਲਵਿਕਾ ਸੂਦ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਸਰਗਰਮੀਆਂ ਅਤੇ ਲੋਕਾਂ ਨਾਲ ਨਿਭਾਈ ਜਾ ਰਹੀ ਨਜ਼ਦੀਕੀ ਕਾਰਨ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਵਰਕਰ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਮਾਲਵਿਕਾ ਸੂਦ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤੀ ਮਿਲ ਰਹੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਕਾਂਗਰਸ ਪਾਰਟੀ ਨੂੰ ਵੱਡੀ ਸਫਲਤਾ ਉਸ ਵੇਲੇ ਮਿਲੀ ਜਦੋਂ ਨਗਰ ਨਿਗਮ ਮੋਗਾ ਦੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੇ ‘ਆਪ’ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਬਲਜੀਤ ਸਿੰਘ ਚਾਨੀ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਮੋਗਾ ਦੇ ਮੇਅਰ ਰਹਿ ਚੁੱਕੇ ਹਨ ਅਤੇ ਇਲਾਕੇ ਵਿਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਇਸ ਮੌਕੇ ਮਾਲਵਿਕਾ ਸੂਦ ਨੇ ਬਲਜੀਤ ਸਿੰਘ ਚਾਨੀ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 8 ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ। 

ਮਾਲਵਿਕਾ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਪੂਰਾ ਮਾਣ-ਸਨਮਾਨ ਦਿੰਦੀ ਹੈ ਅਤੇ ਜੋ ਵੀ ਪਾਰਟੀ ਵਿਚ ਸ਼ਾਮਲ ਹੁੰਦਾ ਹੈ, ਉਸਦੀ ਕਦਰ ਕੀਤੀ ਜਾਂਦੀ ਹੈ। ਇਸ ਮੌਕੇ ਹੋਰ ਵੀ ਕਈ ਪ੍ਰਮੁੱਖ ਆਗੂ ਹਾਜ਼ਰ ਸਨ, ਜਿਨ੍ਹਾਂ ਵਿਚ ਬਹਾਦੁਰ ਸਿੰਘ ਗਿੱਲ, ਜਰਨੈਲ ਸਿੰਘ, ਗੋਗੀ ਦੌਧਰੀਆ, ਬਲਜਿੰਦਰ ਸਿੰਘ ਫਿੰਡੀ, ਮੇਹਰ ਸਿੰਘ ਰਾਮਾ, ਚਰਨਜੀਤ ਸਿੰਘ, ਸੁਰਿੰਦਰ ਬਾਵਾ ਅਤੇ ਨੂਰ ਧਾਲੀਵਾਲ ਸ਼ਾਮਲ ਸਨ। ਦੂਜੇ ਪਾਸੇ ਗੱਲਬਾਤ ਕਰਦਿਆਂ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਲੋਕਾਂ ਦੇ ਹੱਕਾਂ ਲਈ ਖੜੀ ਰਹਿੰਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ।

2027 ਅਤੇ ਨਗਰ ਨਿਗਮ ਚੋਣਾਂ ਲਈ ਸ਼ੁੱਭ ਸੰਕੇਤ ਮਾਲਵਿਕਾ ਸੂਦ

ਮਾਲਵਿਕਾ ਸੂਦ ਨੇ ਅੱਗੇ ਕਿਹਾ ਕਿ ਦਿਨੋਂ ਦਿਨ ਕਾਂਗਰਸ ਦੇ ਪਰਿਵਾਰ ਵਿਚ ਹੋ ਰਿਹਾ ਵਾਧਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਮੋਗਾ ਨਗਰ ਨਿਗਮ ਚੋਣਾਂ ਲਈ ਬਹੁਤ ਹੀ ਸ਼ੁਭ ਸੰਕੇਤ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਇਕ ਵਾਰ ਫਿਰ ਮਜ਼ਬੂਤ ਸਥਿਤੀ ਵਿਚ ਆਵੇਗੀ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੂਗੀ।  ਇਸ ਤਰ੍ਹਾਂ ਮੋਗਾ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਧ ਰਹੀ ਹੈ ਅਤੇ ਆਉਣ ਵਾਲੇ ਚੋਣੀ ਸਮੇਂ ਲਈ ਇਹ ਇੱਕ ਮਹੱਤਵਪੂਰਨ ਰਾਜਨੀਤਿਕ ਵਿਕਾਸ ਮੰਨਿਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਲਵਿਕਾ ਸੂਦ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਹਲਕੇ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਹੀ ਨਤੀਜਾ ਹੈ ਕਿ ਲੋਕ ਕਾਂਗਰਸ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕ ਭਲਾਈ ਦੀ ਸੋਚ ਨਾਲ ਕੰਮ ਕਰਦੀ ਹੈ ਅਤੇ ਇਹੀ ਕਾਰਨ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਵੀ ਕਾਂਗਰਸ ਵਿਚ ਵਿਸ਼ਵਾਸ ਜਤਾ ਰਹੇ ਹਨ।


author

Gurminder Singh

Content Editor

Related News