ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਾਮ ਕੀਤਾ ਰੇਲਵੇ ਟ੍ਰੈਕ, ਲਾਇਆ ਧਰਨਾ
Tuesday, Dec 03, 2019 - 02:14 PM (IST)

ਗੁਰੂਹਰਸਹਾਏ/ (ਆਵਲਾ, ਵਿਪਨ ਅਨੇਜਾ) - ਸਥਾਨਕ ਪਿੰਡ ਕੋਹਰ ਸਿੰਘ ਵਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਗੁਰੂਹਰਸਹਾਏ ਤੇ ਜੋਨ ਮਮਦੋਟ ਦੇ ਕਿਸਾਨਾਂ ਵਲੋਂ ਫਿਰੋਜ਼ਪੁਰ-ਫ਼ਾਜ਼ਿਲਕਾ ਰੇਲਵੇ ਟਰੈਕ ਜਾਮ ਕਰ ਦਿੱਤਾ ਗਿਆ। ਰੇਲਵੇ ਟ੍ਰੈਕ ਜਾਮ ਕਰਦੇ ਹੋਏ ਕਿਸਾਨਾਂ ਨੇ ਕੈਪਟਨ ਸਰਕਾਰ ਦੇ ਖਿਲਾਫ ਨਾਅਰੇ ਕੀਤੀ ਅਤੇ ਧਰਨਾ ਲਗਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਜਿਨ੍ਹਾਂ ’ਚ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਗਈਆਂ ਸਨ। ਮੰਗਾਂ ਮੰਨਣ ਦੇ ਬਾਵਜੂਦ ਸਰਕਾਰ ਵਲੋਂ ਉਨ੍ਹਾਂ ਨੂੰ ਲਾਗੂ ਨਾ ਕੀਤੇ ਜਾਣ ’ਤੇ ਕਾਰਨ ਉਨ੍ਹਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ।
ਧਰਨੇ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਤਦ ਤੱਕ ਧਰਨਾ ਜਾਰੀ ਰਹੇਗਾ। ਇਸ ਦੇ ਨਾਲ ਹੀ ਗੁਰੂਹਰਸਹਾਏ ਦੇ ਰੇਲਵੇ ਸਟੇਸ਼ਨ ’ਤੇ ਪਿਛਲੇ ਕਈ ਘੰਟੇ ਤੋਂ ਰੇਲ ਗੱਡੀ ਖੜੀ ਹੋਈ ਹੈ। ਰੇਲ ਗੱਡੀ ’ਚ ਸਵਾਰ ਯਾਤਰੀਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।