ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ
Thursday, Mar 04, 2021 - 06:16 PM (IST)
ਪਟਿਆਲਾ/ਘਨੌਰ (ਬਲਜਿੰਦਰ, ਮਨਦੀਪ ਜੋਸਨ, ਅਲੀ): ਲਗਭਗ ਡੇਢ ਸਾਲ ਪਹਿਲਾਂ ਪਿੰਡ ਗੰਡਾਖੇੜੀ ਦੇ 8 ਸਾਲ ਹਸਨਦੀਪ ਸਿੰਘ ਅਤੇ 10 ਸਾਲ ਜਸ਼ਨਦੀਪ ਸਿੰਘ ਦੀ ਮੌਤ ਦੇ ਭੇਤ ਤੋਂ ਆਖਰ ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝਾਉਣ ’ਚ ਮਾਹਿਰ ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਾਲੀ ਪੁਲਸ ਨੇ ਪਾਰਟੀ ਨੇ ਪਰਦਾ ਚੁੱਕ ਦਿੱਤਾ ਹੈ। ਬੱਚਿਆਂ ਦਾ ਕਾਤਲ ਕੋਈ ਹੋਰ ਨਹੀਂ, ਸਗੋਂ ਉਸ ਦੀ ਆਪਣੀ ਮਾਂ ਮਨਜੀਤ ਕੌਰ ਅਤੇ ਉਸ ਦਾ ਪ੍ਰੇਮੀ ਬਲਜੀਤ ਸਿੰਘ ਹੀ ਨਿਕਲਿਆ। ਦੋਨਾਂ ਨੂੰ ਥਾਣਾ ਖੇੜੀ ਗੰਢਿਆਂ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ 5 ਦਿਨਾਂ ਦੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ।ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਦੋਨਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਹ ਕੇਸ ਪਟਿਆਲਾ ਪੁਲਸ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਸੀ, ਕਿਉਂਕਿ ਦੋਸ਼ ਇਹ ਲੱਗ ਰਿਹਾ ਸੀ ਕਿ ਦੋਨਾਂ ਬੱਚਿਆਂ ਨੂੰ ਅਗਵਾ ਕਰ ਕੇ ਕਤਲ ਕੀਤਾ ਗਿਆ ਹੈ। ਇਸ ਕੇਸ ਨੂੰ ਹੱਲ ਕਰਨ ਲਈ ਖੁਦ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ, ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ, ਥਾਣਾ ਖੇੜੀ ਗੰਢਿਆ ਦੇ ਐੱਸ. ਐੱਚ. ਓ. ਇੰਸ: ਕੁਲਵਿੰਦਰ ਸਿੰਘ, ਐੱਸ. ਆਈ. ਪ੍ਰਦੀਪ ਕੁਮਾਰ, ਏ. ਐੱਸ. ਆਈ. ਦਵਿੰਦਰ ਕੁਮਾਰ, ਏ. ਐੱਸ. ਆਈ. ਤਰਸੇਮ ਕੁਮਾਰ, ਏ. ਐੱਸ. ਆਈ. ਕੁਲਬੀਰ ਸਿੰਘ ਆਦਿ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ ਬਲਾਕ ਸੰਮਤੀ ਚੇਅਰਪਰਸਨ ਦੇ ਪੁੱਤਰ ਨੇ ਤੋੜਿਆ ਚੇਅਰਪਰਸਨ ਦੇ ਦਫ਼ਤਰ ਦਾ ਤਾਲਾ , ਤਸਵੀਰਾਂ ਵਾਇਰਲ
ਕਿਵੇਂ ਸੁਲਝੀ ਕਤਲ ਦੀ ਗੁੱਥੀ
ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ 23 ਜੁਲਾਈ 2019 ਨੂੰ ਥਾਣਾ ਖੇੜੀ ਗੰਢਿਆ ਵਿਖੇ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਖੇੜੀ ਗੰਡਿਆਂ ਨੇ ਐੱਫ. ਆਈ. ਆਰ. ਨੰਬਰ 67 ਮਿਤੀ 23.07.2019 ਅਧੀਨ ਧਾਰਾ 365 ਆਈ. ਪੀ. ਸੀ. ਤਹਿਤ ਕੇਸ ਦਰਜ ਰਜਿਸਟਰ ਕਰਵਾਇਆ ਸੀ। ਦੌਰਾਨੇ ਤਫਤੀਸ਼ ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਭਾਖੜਾ ਨਹਿਰ ਨਰਵਾਣਾ ’ਚੋਂ ਬਰਾਮਦ ਹੋਈਆਂ ਸਨ। ਇਸ ਕੇਸ ’ਚ ਜ਼ੁਰਮ 302, 120-ਬੀ ਆਈ. ਪੀ. ਸੀ. ਦਾ ਵਾਧਾ ਕੀਤਾ ਗਿਆ ਸੀ। ਇਸ ਮੁਕੱਦਮੇ ਨੂੰ ਟ੍ਰੇਸ ਕਰਨ ਲਈ ਉਨ੍ਹਾਂ ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਸਮੇਤ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਖੇੜੀ ਗੰਡਿਆ ਇਕ ਟੀਮ ਬਣਾਈ। ਟੀਮ ਵੱਲੋਂ ਤਫਤੀਸ਼ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਅਮਲ ’ਚ ਲਿਆਂਦੀ ਗਈ। ਸੱਚ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਬੱਚਿਆਂ ਦੀ ਮਾਂ ਮਨਜੀਤ ਕੌਰ ਪਤਨੀ ਦੀਦਾਰ ਸਿੰਘ ਵਾਸੀ ਪਿੰਡ ਖੇੜੀ ਗੰਡਿਆ ਅਤੇ ਉਸ ਦੇ ਪ੍ਰੇਮੀ ਬਲਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਮਹਿਮਾ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ ਆਖ਼ਰ ਕਦੋਂ ਜਾਵੇਗਾ ਲੋਕਾਂ ਦੇ ਮਨਾਂ ’ਚੋਂ ‘ਕੋਵਿਡ-19’ਦਾ ਖ਼ੌਫ?
ਕਿਉਂ ਕੀਤਾ ਮਾਂ ਨੇ ਆਪਣੇ ਹੀ ਬੱਚਿਆ ਦਾ ਕਤਲ
ਐੱਸ. ਐੱਸ. ਪੀ. ਦੁੱਗਲ ਨੇ ਦੱਸਿਆ ਦੋਨਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਦੀ ਮਾਂ ਮਨਜੀਤ ਕੌਰ ਅਤੇ ਬਲਜੀਤ ਸਿੰਘ ਦੇ ਆਪਸ ’ਚ ਪ੍ਰੇਮ ਸਬੰਧ ਸਨ। ਬਲਜੀਤ ਸਿੰਘ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਦੀ ਮਾਸੀ ਦਾ ਲਡ਼ਕਾ ਹੈ। ਦੀਦਾਰ ਨੂੰ ਜਦੋਂ ਉਸ ਦੀ ਪਤਨੀ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਾ ਤਾਂ ਉਸ ਨੇ ਮਨਜੀਤ ਕੌਰ ਨੂੰ ਅਜਿਹਾ ਕਰਨ ਤੋਂ ਰੋਕਿਆ ਜਿਸ ਵਜ੍ਹਾ ਕਰ ਕੇ ਪਤੀ-ਪਤਨੀ ਦਾ ਆਪਸ ’ਚ ਲੜਾਈ-ਝਗੜਾ ਰਹਿਣ ਲੱਗ ਪਿਆ। ਮਿਤੀ 22 ਜੁਲਾਈ 2019 ਨੂੰ ਮਨਜੀਤ ਕੌਰ ਨੇ ਆਪਣੇ ਪ੍ਰੇਮੀ ਬਲਜੀਤ ਸਿੰਘ ਨਾਲ ਸਲਾਹ-ਮਸ਼ਵਰਾ ਕਰ ਕੇ ਆਪਣੇ ਦੋਹਾਂ ਬੱਚਿਆਂ ਨੂੰ ਕਰੀਬ 8.30 ਵਜੇ ਰਾਤ ਨੂੰ ਕੋਲਡ੍ਰਿੰਕ ਮੰਗਵਾਉਣ ਦਾ ਬਹਾਨਾ ਲਾ ਕੇ ਪਿੰਡ ਖੇੜੀ ਗੰਡਿਆ ਗੁਰਦੁਆਰਾ ਸਾਹਿਬ ਕੋਲ ਪਾਸ ਭੇਜ ਦਿੱਤਾ ਅਤੇ ਕਿਹਾ ਕਿ ਉਥੇ ਤੁਹਾਡਾ ਚਾਚਾ ਬਲਜੀਤ ਸਿੰਘ ਇੰਤਜ਼ਾਰ ਕਰ ਰਿਹਾ ਹੈ। ਬਲਜੀਤ ਸਿੰਘ ਦੋਨੋਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਪਾਸੋਂ ਸਕੂਟਰ ’ਤੇ ਬਿਠਾ ਕੇ ਭਾਖੜਾ ਨਹਿਰ ’ਤੇ ਲੈ ਗਿਆ ਜਿੱਥੇ ਉਸ ਨੇ ਗਿਣੀ-ਮਿੱਥੀ ਸਾਜਿਸ਼ ਤਹਿਤ ਦੋਹਾਂ ਨੂੰ ਨਹਿਰ ਦਖਾਉਣ ਦੇ ਬਹਾਨੇ ਪੱਟਰੀ ਉੱਪਰ ਖਡ਼੍ਹਾ ਕਰ ਲਿਆ। ਬੱਚਿਆਂ ਨੂੰ ਨਹਿਰ ਦਿਖਾਉਂਦੀਆਂ ਨੂੰ ਧੱਕਾ ਦੇ ਕੇ ਕਤਲ ਕਰ ਦਿੱਤਾ। ਬਾਅਦ ’ਚ ਮਨਜੀਤ ਕੌਰ ਵੱਲੋਂ ਇਹ ਅਫਵਾਹ ਫੈਲਾ ਦਿੱਤੀ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਅਗਵਾ ਕਰ ਕੇ ਲੈ ਗਿਆ ਹੈ।
ਇਹ ਵੀ ਪੜ੍ਹੋ ਬਠਿੰਡਾ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ
ਬੰਦ ਫੋਨ ਨੇ ਪਹੁੰਚਾਇਆ ਕਾਤਲਾਂ ਤੱਕ
ਡੀ. ਐੱਸ. ਪੀ. ਟਿਵਾਣਾ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੂੰ ਇਕ ਬੰਦ ਮੋਬਾਇਲ ਫੋਨ ਦੀ ਸੂਹ ਮਿਲੀ ਜਿਹੜਾ ਕਿ 22 ਜੁਲਾਈ 2019 ਨੂੰ ਬੰਦ ਹੋ ਗਿਆ ਸੀ ਅਤੇ ਬਾਅਦ ਚੱਲਿਆ ਹੀ ਨਹੀਂ। ਇਹ ਨੰਬਰ ਬਲਜੀਤ ਸਿੰਘ ਦਾ ਸੀ, ਜੋ ਸਿਰਫ ਮਨਜੀਤ ਕੌਰ ਕੋਲ ਸੀ। ਪੁਲਸ ਇਸ ਤੋਂ ਇਸ ਦੀ ਵੱਖ-ਵੱਖ ਐਂਗਲਾਂ ਤੋਂ ਤਫਤੀਸ਼ ਕੀਤੀ। ਫ਼ਿਰ ਮਨਜੀਤ ਕੌਰ ਅਤੇ ਬਲਜੀਤ ਸਿੰਘ ‘ਲਾਈ ਡੀਟੈਕਟਿਵ ਟੈਸਟ’ਵੀ ਕਰਵਾਇਆ ਗਿਆ, ਜਿਸ ’ਚ ਕਾਫ਼ੀ ਕੁਝ ਸਪੱਸ਼ਟ ਹੋ ਗਿਆ ਸੀ। ਇਸ ਤੋਂ ਬਾਅਦ ਦੋਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਦੋਨਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਮੁਲਜ਼ਮਾਂ ਦੀ ਗ੍ਰਿਫਤਾਰੀ ਮੌਕੇ ਡੀ. ਐੱਸ. ਪੀ. ਹੈੱਡਕੁਆਰਟਰ ਗੁਰਦੇਵ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਇਹ ਵੀ ਪੜ੍ਹੋ ਫਗਵਾੜਾ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 7 ਸਕੂਲੀ ਬੱਚਿਆਂ ਸਣੇ 45 ਲੋਕ ਆਏ ਪਾਜ਼ੇਟਿਵ