ਅਗਵਾਕਾਰਾਂ ਨੇ 10 ਸਾਲਾ ਮਾਸੂਮ ਨੂੰ ਕੀਤਾ ਅਗਵਾ, ਟਿਕਟ ਚੈੱਕਰ ਦੀ ਹੁਸ਼ਿਆਰੀ ਨਾਲ ਬੱਚੇ ਨੂੰ ਛੱਡ ਕੇ ਭੱਜੇ ਮੁਲਜ਼ਮ

Saturday, Dec 17, 2022 - 11:44 PM (IST)

ਅਗਵਾਕਾਰਾਂ ਨੇ 10 ਸਾਲਾ ਮਾਸੂਮ ਨੂੰ ਕੀਤਾ ਅਗਵਾ, ਟਿਕਟ ਚੈੱਕਰ ਦੀ ਹੁਸ਼ਿਆਰੀ ਨਾਲ ਬੱਚੇ ਨੂੰ ਛੱਡ ਕੇ ਭੱਜੇ ਮੁਲਜ਼ਮ

ਫਿਲੌਰ (ਭਾਖੜੀ) : ਲੁਧਿਆਣਾ ਦੇ ਖੁੱਡ ਮੁਹੱਲਾ ਤੋਂ ਅਗਵਾ ਕੀਤਾ ਗਿਆ 10 ਸਾਲਾ ਲੜਕਾ ਪ੍ਰਦੀਪ ਫਿਲੌਰ ਰੇਲਵੇ ਸਟੇਸ਼ਨ ’ਤੇ ਪੁੱਜ ਗਿਆ। ਟਿਕਟ ਚੈੱਕਰ ਦੀ ਹੁਸ਼ਿਆਰੀ ਨਾਲ ਬੱਚਾ ਚੋਰ ਗਿਰੋਹ ਦੇ ਲੋਕ ਉਸ ਨੂੰ ਸਟੇਸ਼ਨ ’ਤੇ ਛੱਡ ਕੇ ਭੱਜ ਗਏ। ਬੱਚੇ ਨੂੰ ਪੁਲਸ ਵਾਲਿਆਂ ਵੱਲੋਂ ਸੁਰੱਖਿਅਤ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਿਲੀ ਸੂਚਨਾ ਮੁਤਾਬਕ ਪੂਰੀ ਤਰ੍ਹਾਂ ਹੋਸ਼ 'ਚ ਆਉਣ ਤੋਂ ਬਾਅਦ ਮਾਸੂਮ ਬੱਚੇ ਨੇ ਪੁਲਸ ਨੂੰ ਦੱਸਿਆ ਕਿ ਉਹ ਲੁਧਿਆਣਾ ਦੇ ਖੁੱਡ ਮੁਹੱਲਾ ਦਾ ਰਹਿਣ ਵਾਲਾ ਹੈ। ਸ਼ਨੀਵਾਰ ਸਵੇਰੇ 9 ਵਜੇ ਉਹ ਆਪਣੇ ਘਰ ਦੇ ਨੇੜੇ ਦੁਕਾਨ ’ਤੇ ਸਾਮਾਨ ਲੈਣ ਜਾ ਰਿਹਾ ਸੀ ਤਾਂ ਰਸਤੇ ਵਿੱਚ 2 ਵਿਅਕਤੀ ਉਸ ਨੂੰ ਮਿਲੇ, ਜਿਨ੍ਹਾਂ ਨੇ ਉਸ ਨੂੰ ਫੜ ਕੇ ਕੁਝ ਸੁੰਘਾਇਆ, ਜਿਸ ਤੋਂ ਬਾਅਦ ਉਹ ਆਪਣੀ ਹੋਸ਼ ਗੁਆ ਬੈਠਾ।

ਇਹ ਵੀ ਪੜ੍ਹੋ : EU ਨੇ 10 ਸਾਲਾਂ ਬਾਅਦ ਕੀਤਾ ਆਪਣੀਆਂ ਸਰਹੱਦਾਂ ਦਾ ਵਿਸਥਾਰ, 2023 ਤੋਂ ਕ੍ਰੋਏਸ਼ੀਆ ਸ਼ੈਨੇਗਨ ’ਚ ਹੋਵੇਗਾ ਸ਼ਾਮਲ

ਉਸ ਨੂੰ ਉਕਤ ਵਿਅਕਤੀਆਂ ਨੇ ਇਕ ਬੋਰੀ ਵਿੱਚ ਪਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਕੁਝ ਪਤਾ ਨਹੀਂ ਲੱਗਾ ਕਿ ਉਹ ਉਸ ਨੂੰ ਕਿੱਥੇ ਲੈ ਕੇ ਘੁੰਮਦੇ ਰਹੇ। ਇਕ ਘੰਟੇ ਬਾਅਦ ਉਸ ਨੂੰ ਥੋੜ੍ਹੀ ਹੋਸ਼ ਆਈ ਤਾਂ ਬੋਰੀ 'ਚ ਉਸ ਦਾ ਦਮ ਘੁੱਟਣ ਲੱਗ ਪਿਆ ਤਾਂ ਉਸ ਨੇ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਬੋਰੀ ’ਚੋਂ ਬਾਹਰ ਕੱਢ ਲਿਆ ਅਤੇ ਫਿਲੌਰ ਰੇਲਵੇ ਸਟੇਸ਼ਨ ਦੇ ਅੰਦਰ ਲੈ ਗਏ, ਜਿਥੇ ਉਹ ਉਸ ਨੂੰ ਟ੍ਰੇਨ 'ਚ ਬਿਠਾ ਕੇ ਕਿਸੇ ਦੂਜੇ ਸ਼ਹਿਰ ਜਾਣ ਦੀ ਤਾਕ ਵਿੱਚ ਸਨ ਤਾਂ ਉਸੇ ਸਮੇਂ ਉਥੇ ਟਿਕਟ ਚੈੱਕਰ ਧਰਮਰਾਜ ਚੈਕਿੰਗ ਕਰਦਾ ਉਕਤ ਵਿਅਕਤੀਆਂ ਕੋਲ ਪੁੱਜ ਗਿਆ। ਬੱਚੇ ਨੂੰ ਦੇਖ ਕੇ ਚੈੱਕਰ ਨੂੰ ਸ਼ੱਕ ਹੋਇਆ ਤਾਂ ਉਸ ਨੇ ਜਿਵੇਂ ਹੀ ਉਨ੍ਹਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਉਹ ਬੱਚੇ ਨੂੰ ਉਥੇ ਹੀ ਛੱਡ ਕੇ ਰਫੂਚੱਕਰ ਹੋ ਗਏ, ਜਿਸ ਤੋਂ ਬਾਅਦ ਚੈੱਕਰ ਨੇ ਰੇਲਵੇ ਪੁਲਸ ਚੌਕੀ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਬੱਚਾ ਉਨ੍ਹਾਂ ਦੇ ਸਪੁਰਦ ਕਰ ਦਿੱਤਾ।

ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ, ਨਵੇਂ ਸਾਲ 'ਚ ਭਾਰਤ ਜਾ ਕਰਵਾਉਣਾ ਸੀ ਵਿਆਹ

ਬੱਚੇ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਦਾ ਨਾਂ ਤਾਰਾ ਚੰਦ ਹੈ। ਉਸ ਨੇ ਆਪਣੇ ਪਿਤਾ ਦਾ ਮੋਬਾਇਲ ਨੰਬਰ ਵੀ ਦੱਸਿਆ। ਪੁਲਸ ਨੇ ਬੱਚੇ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਤੁਰੰਤ ਫਿਲੌਰ ਰੇਲਵੇ ਚੌਕੀ ਆਉਣ ਲਈ ਕਿਹਾ। ਆਪਣੇ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਉਸ ਨੂੰ ਲੱਭਦੇ ਹੋਏ ਇਧਰ-ਓਧਰ ਘੁੰਮ ਰਹੇ ਸਨ। ਰੇਲਵੇ ਪੁਲਸ ਚੌਕੀ 'ਚ ਬੱਚੇ ਨੂੰ ਸਹੀ-ਸਲਾਮਤ ਦੇਖ ਕੇ ਮਾਤਾ-ਪਿਤਾ ਦੀ ਜਾਨ ਵਿੱਚ ਜਾਨ ਆਈ। ਉਨ੍ਹਾਂ ਟਿਕਟ ਚੈੱਕਰ ਧਰਮਰਾਜ ਅਤੇ ਰੇਲਵੇ ਚੌਕੀ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਆਪਣੇ ਬੱਚੇ ਨੂੰ ਘਰ ਲੈ ਗਏ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News