ਖੇਡ ਰਤਨ ਪੰਜਾਬ ਦੇ : ਮਹਾਭਾਰਤ ਦਾ ਭੀਮ ਏਸ਼ੀਅਨ ਚੈਂਪੀਅਨ ਥਰੋਅਰ ‘ਪਰਵੀਨ ਕੁਮਾਰ’
Wednesday, May 13, 2020 - 02:33 PM (IST)
ਆਰਟੀਕਲ-4
ਨਵਦੀਪ ਸਿੰਘ ਗਿੱਲ
ਪਰਵੀਨ ਕੁਮਾਰ ਦੀ ਪ੍ਰਸਿੱਧੀ ਜਿੰਨੀ ਖਿਡਾਰੀ ਕਰਕੇ ਹੈ, ਉਸ ਤੋਂ ਵੱਧ ਮਹਾਭਾਰਤ ਵਿਚ ਨਿਭਾਏ ਭੀਮ ਦੇ ਕਿਰਦਾਰ ਕਰਕੇ। ਦੋਵੇਂ ਹੀ ਕਿਰਦਾਰਾਂ ਵਿਚ ਉਹ ਦਮਦਾਰ ਤੇ ਵਜ਼ਨਦਾਰ ਹੋ ਕੇ ਨਿਭਿਆ ਹੈ। ਮਾਝੇ ਦੇ ਪਿੰਡ ਸਰਹਾਲੀ ਤੋਂ ਉੱਠ ਕੇ ਉਹ ਅਜਿਹਾ ਛਾਇਆ ਕਿ ਅੱਧੀ ਸਦੀ ਉਸ ਦੇ ਨਾਮ ਹੋ ਗਈ। ਅੱਧੀ ਖੇਡਾਂ ਕਰਕੇ, ਅੱਧੀ ਐਕਟਿੰਗ ਕਰਕੇ। ਅਥਲੈਟਿਕਸ ਦੇ ਡਿਸਕਸ ਤੇ ਹੈਮਰ ਥਰੋਅ ਈਵੈਂਟ ਵਿਚ ਏਸ਼ੀਆ ਤੇ ਰਾਸ਼ਟਰਮੰਡਲ ਖੇਡਾਂ ਦਾ ਜੇਤੂ ਬਣਿਆ। ਬੀ.ਐੱਸ.ਐੱਫ. ਵਿਚੋਂ ਡਿਪਟੀ ਕਮਾਂਡੈਂਟ ਰਿਟਾਇਰ ਹੋਇਆ। ਮਹਾਭਾਰਤ ਵਿਚ ਮਹਾਬਲੀ ਭੀਮ ਦੇ ਯਾਦਗਾਰੀ ਰੋਲ ਨਾਲ ਉਹ ਦੇਸ਼ ਵਿਚ ਤਾਕਤ ਤੇ ਸ਼ਕਤੀ ਦਾ ਮਜੁੱਸਮਾ ਬਣ ਗਿਆ। ਨਾ ਹੀ ਖੇਡਾਂ ਵਿੱਚ ਬਣਾਏ ਉਸ ਦੇ ਰਿਕਾਰਡ ਸੌਖੇ ਟੁੱਟੇ ਅਤੇ ਨਾ ਹੀ ਕਿਸੇ ਟੀ.ਵੀ. ਸੀਰੀਅਲ ਵਿੱਚ ਉਸ ਜਿੰਨੀ ਕਿਸੇ ਨੂੰ ਮਕਬੂਲੀਅਤ ਮਿਲੀ। ਐਕਟਿੰਗ ਵਿੱਚ ਵੀ ਉਸ ਦੀ ਬਲਸ਼ਾਲੀ ਦਿੱਖ ਕਾਰਨ ਦਿਓ ਕੱਦ ਕਿਰਦਾਰਾਂ ਵਾਲੇ ਰੋਲ ਮਿਲੇ। ਜਿਵੇਂ ਮਹਾਭਾਰਤ ਦੇ ਭੀਮ ਅਤੇ ਚਾਚਾ ਚੌਧਰੀ ਟੀ.ਵੀ.ਸੀਰੀਜ਼ ਲਈ ਸਾਬੂ ਦਾ ਰੋਲ। ਸਵਾ ਛੇ ਫੁੱਟ ਕੱਦ ਤੇ ਸਵਾ ਕੁਇੰਟਲ ਭਾਰ ਵਾਲੇ ਪਰਵੀਨ ਨੂੰ ਦੇਖਦਿਆਂ ਹੀ ਭੁੱਖ ਲਹਿੰਦੀ ਹੈ। ਪਰਵੀਨ ਦੀ ਪ੍ਰਸਿੱਧੀ ਉਸ ਨਾਲ ਜੁੜੇ ਕਈ ਕਿੱਸੇ ਅਤੇ ਉਸ ਦੀ ਸਖਤ ਮਿਹਨਤ ਤੇ ਕਰੜੇ ਸੰਘਰਸ਼ ਦੀ ਕਹਾਣੀ ਆਪ ਬਿਆਨਦੇ ਨੇ। ਅੰਨ੍ਹੀ ਤਾਕਤ ਤੇ ਜ਼ੋਰ ਵਿੱਚ ਉਸ ਦਾ ਕੋਈ ਸਾਨੀ ਨਹੀਂ ਰਿਹਾ। ਪਰਵੀਨ ਵਰਗਾ ਅਥਲੀਟ ਭਾਵੇਂ ਵਿਰਲਾ ਹੀ ਜੰਮਦਾ ਹੈ ਪਰ ਟੈਲੀਵੀਜ਼ਨ ਦੇ ਦੌਰ ਵਿੱਚ ਮਹਾਭਾਰਤ ਸੀਰੀਅਲ ਦੇ ਭੀਮ ਦੇ ਕਿਰਦਾਰ ਨੇ ਉਸ ਦੀ ਪਛਾਣ ਮਹਾਨ ਖਿਡਾਰੀ ਨਾਲੋਂ ਇਕ ਵੱਡੇ ਐਕਟਰ ਦੀ ਵੱਧ ਬਣਾਈ ਹੈ। ਪਰਵੀਨ ਖੁਦ ਮੰਨਦਾ ਹੈ ਕਿ ਅਜੋਕੀ ਪੀੜ੍ਹੀ ਲਈ ਉਸ ਦੀ ਪਛਾਣ ਸਿਰਫ ਭੀਮ ਕਰਕੇ ਹੈ ਪਰ ਉਹ ਖੁਦ ਆਪਣੇ ਆਪ ਨੂੰ ਪਹਿਲਾ ਅਥਲੀਟ ਤੇ ਫੇਰ ਐਕਟਰ ਕਹਾਉਣਾ ਪਸੰਦ ਕਰਦਾ ਹੈ।
ਪਰਵੀਨ ਕੁਮਾਰ ਇਕ ਦਹਾਕਾ ਏਸ਼ੀਆ ਦਾ ਚੈਂਪੀਅਨ ਥਰੋਅਰ ਰਿਹਾ। 10 ਸਾਲ ਉਸ ਨੇ ਕਿਸੇ ਏਸ਼ੀਅਨ ਥਰੋਅਰ ਨੂੰ ਨੇੜੇ ਨਹੀਂ ਲੱਗਣ ਦਿੱਤਾ। ਡਿਸਕਸ ਤੇ ਹੈਮਰ ਥਰੋਅ ਦੋਵਾਂ ਵਿੱਚ ਹੀ ਲੋਹਾ ਮਨਵਾਇਆ। ਡਿਸਕਸ ਵਿੱਚ ਤਾਂ ਏਸ਼ੀਆ ਦਾ ਨਵਾਂ ਰਿਕਾਰਡ ਵੀ ਬਣਾਇਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਏਸ਼ੀਆ ਦੀ ਕਪਤਾਨੀ ਕੀਤੀ ਅਤੇ ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਰਿਹਾ। ਰਾਸ਼ਟਰਮੰਡਲ ਖੇਡਾਂ ਵਿੱਚ ਵੀ ਚਾਂਦੀ ਦਾ ਤਮਗਾ ਜਿੱਤਿਆ। ਮਿਲਖਾ ਸਿੰਘ ਤੋਂ ਬਾਅਦ ਪਰਵੀਨ ਹੀ ਸੀ, ਜਿਸ ਨੇ ਰਾਸ਼ਟਰਮੰਡਲ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਤਮਗਾ ਜਿੱਤਿਆ। ਦੋ ਵਾਰ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਵਿਸ਼ਵ ਕੱਪ ਮੁਕਾਬਲੇ ਵਿਚ ਉਹ ਚੌਥੇ ਸਥਾਨ 'ਤੇ ਰਿਹਾ। ਪਰਵੀਨ ਦੇ ਸਮਿਆਂ ਵਿੱਚ ਕੋਚਿੰਗ ਤਕਨੀਕਾਂ ਅਤੇ ਸਹੂਲਤਾਂ ਦੀ ਬਹੁਤ ਘਾਟ ਸੀ। ਉਹ ਦੱਸਦਾ ਹੈ ਕਿ ਜੇਕਰ ਉਸ ਨੂੰ ਅੱਜ ਵਰਗੇ ਸਮਿਆਂ ਦੀਆਂ ਸਹੂਲਤਾਂ ਮਿਲੀਆਂ ਹੁੰਦੀਆਂ ਤਾਂ ਉਹ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਕੋਈ ਤਮਗਾ ਜ਼ਰੂਰ ਜਿੱਤਦਾ। ਖੇਡਾਂ ਵਿੱਚ ਪਰਵੀਨ ਦੀਆਂ ਪ੍ਰਾਪਤੀਆਂ ਹੋਰ ਵੀ ਵਧ ਸਕਦੀਆਂ ਸਨ ਪਰ ਉਸ ਨੂੰ ਰੀੜ੍ਹ ਦੀ ਹੱਡੀ ਦੀ ਤਕਲੀਫ ਨੇ ਰੋਕ ਦਿੱਤਾ। ਨਹੀਂ ਤਾਂ ਉਸ ਦੇ ਮਣਾਂਮੂੰਹੀ ਜ਼ੋਰ ਅਤੇ ਕਰੜੇ ਅਭਿਆਸ ਅੱਗੇ ਕੋਈ ਟਿਕਣ ਵਾਲਾ ਨਹੀਂ ਸੀ। ਫਿਰ ਵੀ ਉਸ ਦੀਆਂ ਪ੍ਰਾਪਤੀਆਂ ਆਸਧਾਰਣ ਹਨ।
ਪਰਵੀਨ ਨੇ ਪੂਰੇ ਖੇਡ ਜੀਵਨ ਵਿੱਚ ਦਰਜਨਾਂ ਵਾਰ ਕੌਮਾਂਤਰੀ ਪੱਧਰ 'ਤੇ ਤਮਗੇ ਜਿੱਤੇ। ਡਿਸਕਸ ਸੁੱਟਣ ਵਿੱਚ 15 ਸਾਲ ਕੌਮੀ ਰਿਕਾਰਡ ਹੋਲਡਰ ਰਿਹਾ। ਮਹਾਭਾਰਤ ਦਾ ਭੀਮ ਭਾਰਤੀ ਖੇਡਾਂ ਦਾ 'ਅਰਜੁਨ' ਵੀ ਹੈ। ਭਾਰਤ ਸਰਕਾਰ ਨੇ ਉਸ ਵੇਲੇ ਪਰਵੀਨ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ 'ਅਰਜੁਨਾ ਐਵਾਰਡ' ਨਾਲ ਸਨਮਾਨਿਆ। ਪੰਜਾਬ ਸਰਕਾਰ ਨੇ ਸੂਬੇ ਦੇ ਸਰਵਉੱਚ ਖੇਡ ਇਨਾਮ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਨਾਲ ਸਨਮਾਨਿਆ। ਪਰਵੀਨ ਦੇ ਬਾਹੂਬਲ ਦਾ ਕੋਈ ਮੁਕਾਬਲਾ ਨਹੀਂ ਸੀ। ਅਥਲੈਟਿਕਸ ਫੀਲਡ ਵਿਚ ਪਰਵੀਨ ਜਿੰਨੀ ਪ੍ਰਸਿੱਧੀ ਵਿਰਲਿਆਂ ਨੂੰ ਹੀ ਮਿਲੀ। ਉਸ ਦੀ ਗਿਣਤੀ ਦੇਸ਼ ਦੇ ਹੀ ਨਹੀਂ ਬਲਕਿ ਏਸ਼ੀਆ ਦੇ ਚੋਣਵੇਂ ਅਥਲੀਟਾਂ ਵਿੱਚ ਹੁੰਦੀ ਹੈ। ਖੇਡਾਂ ਵਿਚ ਢੇਰਾਂ ਪ੍ਰਾਪਤੀਆਂ ਤੋਂ ਬਾਅਦ ਵੀ ਪਰਵੀਨ ਨੇ ਜਦੋਂ ਐਕਟਿੰਗ ਵੱਲ ਮੂੰਹ ਕੀਤਾ ਤਾਂ ਮਹਾਭਾਰਤ ਵਿਚ ਮਹਾਬਲੀ ਭੀਮ ਦਾ ਕਿਰਦਾਰ ਨਿਭਾ ਕੇ ਖੇਡਾਂ ਤੋਂ ਵੀ ਵੱਧ ਜੱਸ ਖੱਟਿਆ।
73 ਵਰ੍ਹਿਆਂ ਦਾ ਇਹ ਮਹਾਨ ਖਿਡਾਰੀ ਤੇ ਵੱਡਾ ਐਕਟਰ ਅੱਜ ਕੱਲ੍ਹ ਫੇਰ ਸੁਰਖੀਆਂ ਵਿਚ ਹੈ। ਕੋਰੋਨਾ ਸੰਕਟ ਦੇ ਚੱਲਦਿਆਂ ਦੇਸ਼ ਭਰ ਵਿੱਚ ਲੱਗੇ ਲਾਕਡਾਊਨ ਕਰਕੇ ਹਰ ਕੋਈ ਨਾ ਚਾਹੁੰਦਿਆਂ ਵੀ ਘਰ ਵਿਚ ਰਹਿਣ ਲਈ ਮਜਬੂਰ ਹੈ। ਇਸੇ ਦੇ ਚੱਲਦਿਆਂ ਦੂਰਦਰਸ਼ਨ ਨੇ ਆਪਣੇ ਸੁਨਹਿਰੀ ਯੁੱਗ ਦੇ ਮਕਬੂਲ ਲ਼ੜੀਵਾਰਾਂ ਦਾ ਮੁੜ ਪ੍ਰਸਾਰਨ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦਿਆਂ ਐਪਿਕ ਸੀਰੀਅਲ 'ਰਮਾਇਣ' ਤੇ ਮਹਾਭਾਰਤ' ਦੀ ਗਿਣਤੀ ਤਾਂ ਪਹਿਲਾ ਹੀ ਹੋਣੀ ਸੀ। ਅੱਸੀਵਿਆਂ ਵਿਚ ਇਨ੍ਹਾਂ ਸੀਰੀਅਲਾਂ ਨੂੰ ਦੇਖਣ ਲਈ ਜਿਵੇਂ ਲੋਕ ਸਾਰੇ ਕੰਮ ਧੰਦੇ ਛੱਡ ਕੇ ਟੈਲੀਵੀਜ਼ਨ ਮੂਹਰੇ ਜੁੜ ਜਾਂਦੇ ਸੀ, ਹੁਣ ਵੀ ਉਸੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਸਬੂਤ ਦੂਰਦਰਸ਼ਨ ਦੀ ਟੀ.ਆਰ.ਪੀ. ਅਤੇ ਸੀਰੀਅਲਾਂ ਦੌਰਾਨ ਮਿਲਣ ਵਾਲੇ ਵੱਡੀ ਗਿਣਤੀ ਵਿੱਚ ਇਸ਼ਤਿਹਾਰ ਹਨ। ਮਹਾਂਭਾਰਤ ਵਿੱਚ ਆਪਣੇ ਮਣਾਂਮੂੰਹੀ ਜ਼ੋਰ ਅਤੇ ਸ਼ੁੱਧ ਹਿੰਦੀ ਡਾਇਲਾਗਾਂ ਕਰਕੇ ਪਰਵੀਨ ਜਦੋਂ ਪਰਦੇ ਉਤੇ ਆਉਂਦਾ ਹੈ ਤਾਂ ਦਰਸ਼ਕ ਸਾਹ ਰੋਕ ਕੇ ਉਸ ਨੂੰ ਦੇਖਦੇ ਹਨ। ਇਸੇ ਦੇ ਚੱਲਦਿਆਂ ਜਦੋਂ ਕਿਸੇ ਨੂੰ ਦੱਸਿਆ ਜਾਂਦਾ ਹੈ ਕਿ ਇਹ ਪਰਵੀਨ ਕਿਸੇ ਵੇਲੇ ਏਸ਼ੀਆ ਦਾ ਚੈਂਪੀਅਨ ਅਥਲੀਟ ਰਿਹਾ ਤਾਂ ਬਹੁਤੇ ਸੁਣਨ ਵਾਲੇ ਹੈਰਾਨ ਹੋ ਜਾਂਦੇ ਹਨ।
ਇਹ ਸਾਡੀਆਂ ਖੇਡਾਂ ਤੇ ਖਿਡਾਰੀਆਂ ਦੀ ਤਰਾਸਦੀ ਵੀ ਹੈ ਕਿ ਸਾਡੇ ਲੋਕ ਇਨ੍ਹਾਂ ਨੂੰ ਜਲਦੀ ਭੁੱਲ ਜਾਂਦੇ ਹਨ। ਜੇ ਪਰਵੀਨ ਭੀਮ ਦਾ ਕਿਰਦਾਰ ਨਾ ਨਿਭਾਉਂਦਾ ਤਾਂ ਸਾਡੇ ਲੋਕਾਂ ਨੇ ਉਸ ਨੂੰ ਬਹੁਤ ਜਲਦੀ ਭੁੱਲ ਜਾਣਾ ਸੀ ਤੇ ਅੱਜ ਉਹ ਵੀ ਹੋਰਨਾਂ ਨਾਮੀਂ ਖਿਡਾਰੀਆਂ ਵਾਂਗ ਗੁੰਮਨਾਮੀ ਦੀ ਜ਼ਿੰਦਗੀ ਜਿਉਂ ਰਿਹਾ ਹੋਣਾ ਸੀ। ਇੰਨੀ ਦਿਨੀਂ ਮਹਾਂਭਾਰਤ ਲੜੀਵਾਰ ਦੀਆਂ ਆਖਰੀ ਕਿਸ਼ਤਾਂ ਚੱਲ ਰਹੀਆਂ ਹਨ ਜਿੱਥੇ ਭੀਮ ਨੇ ਦੁਰਯੋਧਨ ਨੂੰ ਮਾਰ ਕੇ ਕੁਰੂਕਸ਼ੇਤਰ ਦੀ ਜੰਗ ਵਿਚ ਪਾਂਡਵਾਂ ਨੂੰ ਫੈਸਲਾਕੁੰਨ ਜਿੱਤ ਦਿਵਾਈ। ਇਸ ਸਮੇਂ ਦੌਰਾਨ ਭੀਮ ਦੇ ਖਿਡਾਰੀ ਪਿਛੋਕੜ ਨੂੰ ਜਾਣਨ ਵਾਲਿਆਂ ਦੀ ਉਤਸੁਕਤਾ ਬਹੁਤ ਵਧੀ, ਜਿਸ ਕਰ ਕੇ ਹੱਥਲੇ ਕਾਲਮ ਵਿਚ ਪਰਵੀਨ ਦਾ ਲੇਖ ਸ਼ਾਮਲ ਕੀਤਾ ਗਿਆ। ਪਰਵੀਨ ਨਾ ਸਿਰਫ ਪੰਜਾਬ ਬਲਕਿ ਦੇਸ਼ ਦਾ ਖੇਡ ਰਤਨ ਹੈ ਪਰ ਮੈਂ ਉਸ ਬਾਰੇ ਲਿਖਣ ਤੋਂ ਪਹਿਲਾਂ ਨਿੱਜੀ ਤੌਰ 'ਤੇ ਘੰਟਿਆਂ ਬੱਧੀ ਉਸ ਦੀ ਇੰਟਰਵਿਊ ਕਰਨਾ ਚਾਹੁੰਦਾ ਸੀ। ਇਸ ਕਾਲਮ ਨੂੰ ਲਿਖਦਿਆਂ ਪਰਵੀਨ ਨੂੰ ਮਿਲ ਕੇ ਇੰਟਰਵਿਊ ਕਰਨ ਦੀ ਰੀਝ ਤਾਂ ਹਾਲੇ ਅਧੂਰੀ ਹੀ ਰਹਿ ਗਈ ਪਰ ਉਸ ਬਾਰੇ ਬਹੁਤਾਂ ਪੜ੍ਹਿਆ ਸੁਣਿਆ ਹੋਣ ਕਰਕੇ ਫੋਨ ਉਤੇ ਹੀ ਝਿਜਕ ਜਿਹੀ ਨਾਲ ਇੰਟਰਵਿਊ ਕਰਨ ਦਾ ਹੌਸਲਾ ਕੀਤਾ। ਪਹਿਲਾ ਸੋਚਿਆ ਕਿ ਵੱਡਾ ਖਿਡਾਰੀ ਤੇ ਪ੍ਰਸਿੱਧ ਐਕਟਰ ਹੈ, ਸ਼ਾਇਦ ਫੋਨ ਉਤੇ ਗੱਲ ਕਰਨ ਤੋਂ ਨਾਂਹ ਹੀ ਨਾ ਕਰ ਦੇਵੇ। ਫੇਰ ਸੋਚਿਆ ਜਿਹੋ ਜਿਹਾ ਸਿੱਧੇ, ਸਪੱਸ਼ਟ ਸੁਭਾਅ ਵਾਲਾ ਉਹ ਧਰਤੀ ਨਾਲ ਜੁੜਿਆ ਇਨਸਾਨ ਹੈ, ਨਾਂਹ ਨਹੀਂ ਕਰੇਗਾ।
ਪਰਵੀਨ ਦੇ ਸਾਥੀ ਰਹੇ ਦੇਸ਼ ਦੇ ਨਾਮੀਂ ਅਥਲੀਟ ਗੁਰਬਚਨ ਸਿੰਘ ਰੰਧਾਵਾ ਤੋਂ ਫੋਨ ਲੈ ਕੇ ਪਰਵੀਨ ਨੂੰ ਇਕ ਦਿਨ ਫੋਨ ਮਿਲਾ ਹੀ ਲਿਆ। ਪਹਿਲੀ ਬੋਲੇ ਮੈਂ ਰੰਧਾਵਾ ਸਾਹਬ ਦਾ ਹਵਾਲਾ ਦਿੱਤਾ। ਫੇਰ ਆਪਣੀ ਜਾਣ-ਪਛਾਣ ਪ੍ਰਿੰਸੀਪਲ ਸਰਵਣ ਸਿੰਘ ਸ਼ਾਗਿਰਦ ਵਜੋਂ ਕਰਵਾਈ ਤਾਂ ਅੱਗਿਓ ਉਹ ਬੋਲਿਆ, ''ਅੱਛਾ ਢੁੱਡੀਕੇ ਵਾਲੇ''। ਮੈਂ ਸੋਚਿਆ ਮਨਾਂ ਗੱਲ ਬਣ ਗਈ। ਰਸਮੀ ਜਿਹੀ ਗੱਲਬਾਤ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਾਲਮ ਬਾਰੇ ਦੱਸਿਆ ਅਤੇ ਮਹਾਭਾਰਤ ਦੇ ਪ੍ਰਸਾਰਨ ਕਰਕੇ ਉਨ੍ਹਾਂ ਬਾਰੇ ਜਲਦੀ ਲਿਖਣ ਦੀ ਤਮੰਨਾ ਨਾਲ ਫੋਨ ਉਤੇ ਇੰਟਰਵਿਊ ਦੀ ਇੱਛਾ ਜ਼ਾਹਰ ਕੀਤੀ। ਪਰਵੀਨ ਹੁਰਾਂ ਨੇ ਪਹਿਲੇ ਹੀ ਬੋਲ ਖੁੱਲ੍ਹੇ ਸਮੇਂ ਦੀ ਇਜਾਜ਼ਤ ਦੇ ਦਿੱਤੀ। ਮੈਂ ਘੰਟਿਆਂ ਬੱਧੀ ਉਨ੍ਹਾਂ ਦੀ ਫੋਨ ਉਤੇ ਇੰਟਰਵਿਊ ਲਈ। ਹਾਲਾਂਕਿ ਬਹੁਤ ਕੁਝ ਪਤਾ ਹੋਣ ਕਰਕੇ ਜ਼ਿਆਦਾ ਸਵਾਲ ਰਿਕਾਰਡ ਜਾਂ ਪ੍ਰਾਪਤੀਆਂ ਵਾਲੇ ਨਹੀਂ ਪੁੱਛਣੇ ਪਏ ਪਰ ਫੇਰ ਵੀ ਬਚਪਨ ਤੋਂ ਲੈ ਕੇ ਭੀਮ ਦੇ ਕਿਰਦਾਰ ਤੱਕ ਕਾਫੀ ਸਵਾਲਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਦੀਆਂ ਕਈ ਪਰਤਾਂ ਖੁੱਲ੍ਹੀਆਂ। ਕਈ ਵਾਰ ਫੋਨ ਬੰਦ ਵੀ ਹੋਇਆ, ਕੱਟਿਆ ਵੀ ਗਿਆ। ਨਿਆਣਿਆਂ ਦੇ ਰੌਲੇ ਨਾਲ ਖਲਲ ਵੀ ਪਿਆ ਪਰ ਉਹ ਅੱਗਿਓ ਬਹੁਤ ਸ਼ਾਂਤਚਿੱਤ ਰਹੇ। ਮੈਂ ਇੰਟਰਵਿਊ ਕਰਦਿਆਂ ਸੋਚੀ ਜਾ ਰਿਹਾ ਸੀ ਕਿ ਇਸ ਤੋਂ ਵੱਡੀ ਕੀ ਮਹਾਨਤਾ ਹੋਵੇਗੀ ਇਕ ਏਸ਼ੀਅਨ ਚੈਂਪੀਅਨ ਖਿਡਾਰੀ ਦੀ ਜੋ ਬਿਨਾਂ ਕਿਸੇ ਜਾਣ-ਪਛਾਣ ਤੋਂ ਇਕ ਅਣਜਾਨ ਬੰਦੇ ਨੂੰ ਫੋਨ ਉਤੇ ਘੰਟਿਆਂ ਬੱਧੀ ਇੰਟਰਵਿਊ ਦੇਈ ਜਾ ਰਿਹਾ।
ਪਰਵੀਨ ਕੁਮਾਰ ਸੋਬਤੀ ਦਾ ਜਨਮ 6 ਸਤੰਬਰ 1947 ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲੇ ਦੇ ਪ੍ਰਸਿੱਧ ਪਿੰਡ ਸਰਹਾਲੀ (ਉਦੋਂ ਅੰਮ੍ਰਿਤਸਰ ਜ਼ਿਲਾ) ਵਿਚ ਹੋਇਆ। ਉਦੋਂ ਦੇਸ਼ ਨੂੰ ਆਜ਼ਾਦ ਹੋਇਆ ਹਾਲੇ ਤਿੰਨ ਹਫਤੇ ਹੀ ਹੋਏ ਸੀ। ਹਾਲਾਂਕਿ ਪਰਵੀਨ ਦੇ ਜਨਮ ਦੀਆਂ ਦੋ ਤਰੀਕਾਂ ਪ੍ਰਚੱਲਿਤ ਹੈ। ਕਹਿਣ ਨੂੰ 6 ਦਸੰਬਰ 1947 ਕਹਿੰਦੇ ਹਨ ਪਰ ਕਾਗਜ਼ਾਂ ਵਿਚ 6 ਸਤੰਬਰ ਹੀ ਚੱਲਦੀ ਹੈ ਜਿਸ ਬਾਰੇ ਪਰਵੀਨ ਆਪਣੇ ਬੇਪਰਵਾਹ ਤੇ ਨਿਸ਼ੰਗ ਸੁਭਾਅ ਨਾਲ ਦੱਸਦਾ ਹੈ,''ਇਹ ਵੀ ਭੰਬਲਭੂਸਾ ਹੈ, ਵੈਸੇ 6 ਸਤੰਬਰ 1947 ਹੀ ਲਿਖ ਲਓ ਤੁਸੀਂ ਮੇਰੀ ਜਨਮ ਤਰੀਕ।'' ਪੰਜਾਬ ਪੁਲਸ ਵਿਚ ਥਾਣੇਦਾਰ ਰਿਟਾਇਰ ਹੋਏ ਕੁਲਵੰਤ ਰਾਏ ਦੇ ਘਰ ਮਾਤਾ ਸੁਮਿੱਤਰਾ ਦੇਵੀ ਦੀ ਕੁੱਖੋਂ ਪੈਦਾ ਹੋਇਆ ਪਰਵੀਨ ਬਚਪਨ ਤੋਂ ਹੀ ਚੰਗੇ ਕੱਦ-ਕਾਠ ਵਾਲਾ ਸੀ। ਖਾਣ-ਪੀਣ ਘਰ ਵਿੱਚ ਖੁੱਲ੍ਹਾ ਸੀ ਜਿਸ ਕਾਰਨ ਖੇਡਾਂ ਵੱਲ ਝੁਕਾਅ ਸੁਭਾਵਕ ਸੀ। ਉਪਰੋਂ ਘਰਦਿਆਂ ਨੂੰ ਵੀ ਨਿਆਣਿਆਂ ਨੂੰ ਖੇਡਾਂ ਵੱਲ ਲਾਉਣ ਦਾ ਸ਼ੌਕ ਸੀ, ਜਿਸ ਕਾਰਨ ਪਰਵੀਨ ਨੂੰ ਖੇਡਾਂ ਦੀ ਚੇਟਕ ਘਰੋਂ ਹੀ ਲੱਗੀ। ਸ਼ੁਰੂਆਤ ਵਿਚ ਉਸ ਨੂੰ ਸਰੀਰ ਬਣਾਉਣ ਤੇ ਭਾਰ ਚੁੱਕਣ ਦਾ ਸ਼ੌਕ ਸੀ ਜਿਸ ਲਈ ਮੁੱਢਲੇ ਸਮੇਂ ਵਿਚ ਉਸ ਦਾ ਰੁਝਾਨ ਬਾਡੀ ਬਿਲਡਿੰਗ ਤੇ ਵੇਟਲਿਫਟਿੰਗ ਵੱਲ ਸੀ। ਉਸ ਵੇਲੇ ਜੀ.ਜੀ.ਐੱਸ.ਖਾਲਸਾ ਹਾਇਰ ਸੈਕੰਡਰੀ ਸਕੂਲ ਸਰਹਾਲੀ ਦੇ ਮੁੱਖ ਅਧਿਆਪਕ ਹਰਬੰਸ ਸਿੰਘ ਗਿੱਲ ਨੇ ਪਰਵੀਨ ਦੇ ਕੱਦ-ਕਾਠ ਨੂੰ ਦੇਖਦਿਆਂ ਡਿਸਕਸ ਤੇ ਗੋਲਾ ਸੁੱਟਣ ਨੂੰ ਕਿਹਾ। ਉਦੋਂ ਉਸ ਨੂੰ ਦੋਵੇਂ ਈਵੈਂਟਾਂ ਬਾਰੇ ਕੁਝ ਨਹੀਂ ਪਤਾ ਸੀ।
ਪਰਵੀਨ ਨੇ ਉਨ੍ਹੀਂ ਦਿਨੀਂ ਜਦੋਂ ਅੱਠਵੀਂ ਦੇ ਇਮਤਿਹਾਨ ਦਿੱਤੇ ਹੋਏ ਸਨ ਤਾਂ ਉਸ ਦੀ ਜ਼ਿੰਦਗੀ ਵਿੱਚ ਇਕ ਮੋੜ ਆਇਆ ਜਿਸ ਨੇ ਉਸ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਬਦਲ ਦਿੱਤਾ। ਪਰਵੀਨ ਦੱਸਦਾ ਹੈ, ''ਸਾਡੇ ਸਕੂਲ ਦੀ ਹਾਕੀ ਟੀਮ ਅੰਬਰਸਰੋਂ ਜਿੱਤ ਕੇ ਵਾਪਸ ਪਰਤੀ। ਸਕੂਲ ਪੁੱਜਣ 'ਤੇ ਟੀਮ ਦੇ ਸਵਾਗਤ ਲਈ ਬੈਂਡ ਵਾਜੇ ਵੱਜ ਰਹੇ ਸਨ। ਮੈਂ ਨਾਲ ਦੇ ਪੁੱਛਿਆ ਕਿ ਇਹ ਬੈਂਡ ਵਾਜੇ ਕਾਹਤੋਂ ਵੱਜ ਰਹੇ ਤਾਂ ਪਤਾ ਲੱਗਿਆ ਕਿ ਹਾਕੀ ਟੀਮ ਦਾ ਜਿੱਤਣ ਤੋਂ ਬਾਅਦ ਸਵਾਗਤ ਹੋ ਰਿਹਾ ਹੈ। ਮੈਂ ਸੋਚਿਆ ਮਨਾਂ ਖਿਡਾਰੀ ਬਣੀਏ ਤਾਂ ਇਹੋ-ਜਿਹੇ ਕਿ ਸਾਰਾ ਸਕੂਲ ਸਵਾਗਤ ਕਰਨ ਲਈ ਆ ਪਹੁੰਚੇ'' ਹਾਕੀ ਟੀਮ ਦੀ ਜਿੱਤ ਤੋਂ ਹੋਏ ਸਵਾਗਤ ਨਾਲ ਪਰਵੀਨ ਨੂੰ ਪ੍ਰੇਰਨਾ ਮਿਲੀ ਅਤੇ ਉਹ ਸਾਧ ਬਣ ਕੇ ਖੇਡਾਂ ਵੱਲ ਜੀਅ-ਜਾਨ ਨਾਲ ਜੁੱਟ ਗਿਆ। ਪਰਵੀਨ ਨੇ ਸਵੱਖਤੇ ਚਾਰ ਵਜੇ ਉਠ ਕੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਬਾਰੇ ਉਹ ਦੱਸਦਾ ਹੈ ਕਿ ਬਚਪਨ ਤੋਂ ਲੈ ਕੇ ਸਾਰੀ ਉਮਰ ਤੱਕ ਉਸ ਦੀ ਪ੍ਰੈਕਟਿਸ ਦਾ ਰੁਟੀਨ ਸਵੱਖਤੇ ਤਿੰਨ-ਚਾਰ ਵਜੇ ਸ਼ੁਰੂ ਹੋ ਜਾਂਦਾ ਸੀ। ਦਿਨ ਚੜ੍ਹਨ ਵੇਲੇ ਤੱਕ ਤਾਂ ਉਹ ਵਰਜਿਸ਼ ਕਰ ਕੇ ਵਿਹਲਾ ਹੋ ਜਾਂਦਾ ਸੀ। ਛੋਟੇ ਹੁੰਦਿਆਂ ਵੀ ਉਹ ਸਵੱਖਤੇ ਚਾਰ ਵਜੇ ਉਠ ਕੇ ਕਸਰਤ ਕਰਨ ਲੱਗ ਜਾਂਦਾ। ਅੱਜ ਦੇ ਸਮਿਆਂ ਵਾਂਗ ਜਿੰਮ ਜਾਂ ਭਾਰ ਚੁੱਕਣ ਵਾਲੀਆਂ ਮਸ਼ੀਨਾਂ, ਰਾਡਾਂ ਜਾਂ ਵੇਟ ਤਾਂ ਨਹੀਂ ਹੁੰਦੇ ਸੀ। ਉਸ ਵੇਲੇ ਉਹ ਆਪਣੀ ਵਰਜਿਸ਼ ਘਰ ਵਿੱਚ ਆਟਾ ਪੀਹਣ ਵਾਲੀ ਚੱਕੀ ਦੇ ਪੁੜਾਂ ਨੂੰ ਚੁੱਕ ਕੇ ਕਰਦਾ ਹੁੰਦਾ ਸੀ।
ਡਿਸਕਸ ਤੇ ਗੋਲਾ ਸੁੱਟਣ ਲਈ ਕੋਈ ਗਰਾਊਂਡ, ਗੋਲ ਚੱਕਰ ਜਾਂ ਜਾਲ ਤਾਂ ਹੁੰਦਾ ਨਹੀਂ ਸੀ। ਉਹ ਫਲਿਆਂ ਵਿੱਚ ਹੀ ਗੋਲ ਚੱਕਰ ਦਾ ਥੜਾ ਬਣਾ ਕੇ ਥਰੋਆਂ ਸੁੱਟਣ ਲੱਗ ਜਾਂਦਾ। ਨਾ ਹੀ ਕੋਈ ਫੀਤੇ ਨਾਲ ਕੋਈ ਦੂਰੀ ਮਿਣੀ ਜਾਂਦੀ। ਜ਼ੋਰ ਵਾਸਤੇ ਉਹ ਫੱਗਣ-ਚੇਤ ਦੇ ਮਹੀਨੇ ਫਲਿਆਂ ਵਿੱਚ ਵੱਖ-ਵੱਖ ਖੇਡਾਂ ਖੇਡਦਾ। ਕਬੱਡੀ ਖੇਡਣੀ, ਅਖਾੜੇ ਵਿੱਚ ਘੋਲ ਕਰਨੇ ਅਤੇ ਰੱਸੇ ਨਾਲ ਜ਼ੋਰ ਅਜ਼ਮਾਇਸ਼ ਕਰਨੀ। ਕਦੇ-ਕਦੇ ਗੁੱਲੀ-ਡੰਡਾ ਖੇਡਣ ਲੱਗ ਜਾਂਦਾ। ਮਤਲਬ ਕਿ ਸਰੀਰ ਨੂੰ ਆਹਰੇ ਲਾਉਣ ਲਈ ਕੋਈ ਨਾ ਕੋਈ ਖੇਡ ਖੇਡੀ ਜਾਣੀ। ਅਸਲ ਸ਼ੌਕ ਸਰੀਰ ਨੂੰ ਬਣਾਉਣ ਦਾ ਸੀ। ਇਨ੍ਹਾਂ ਛੋਟੀਆਂ ਛੋਟੀਆਂ ਖੇਡਾਂ ਨੇ ਅੱਗੇ ਜਾ ਕੇ ਉਸ ਦਾ ਸਰੀਰ ਗਠੀਲਾ ਤੇ ਦਰਸ਼ਨੀ ਬਣਾਇਆ ਜੋ ਖੇਡਾਂ ਅਤੇ ਭੀਮ ਦੇ ਕਿਰਦਾਰ ਵਿੱਚ ਪੂਰਾ ਸਫਲ ਵੀ ਹੋਇਆ ਤੇ ਫਬਿਆ ਵੀ। ਉਹ ਦੱਸਦਾ ਹੈ ਕਿ ਸਾਡੇ ਵੇਲੇ ਕਈ ਨਿਆਣੇ ਟਰੱਖਤ ਦੇ ਟਾਹਣੇ ਦੀ ਖੂੰਡੀ ਬਣਾ ਕੇ ਰੇਤੇ ਉਪਰ ਖਿੱਦੋ ਲੈ ਕੇ ਅਜਿਹੀ ਡਰਿਬਲਿੰਗ ਕਰਦੇ ਕਿ ਅੱਜ ਦੇ ਖਿਡਾਰੀ ਗਰੇਫਾਈਟ ਦੀ ਹਾਕੀ ਨਾਲ ਐਸਟੋਟਰਫ ਉਪਰ ਵੀ ਉਹੋ ਜਿਹੀ ਡਰਿਬਲਿੰਗ ਨਹੀਂ ਕਰ ਸਕਦੇ।
ਪਰਵੀਨ ਨੇ ਪਹਿਲੀ ਵਾਰ ਵੱਡੀ ਪ੍ਰਾਪਤੀ 1962-63 ਵਿਚ ਅਹਿਮਦਾਬਾਦ ਵਿਖੇ ਕੌਮੀ ਸਕੂਲ ਖੇਡਾਂ ਵਿੱਚ ਹਾਸਲ ਕੀਤੀ ਜਦੋਂ ਉਸ ਨੇ ਡਿਸਕਸ ਥਰੋਅ 'ਚ ਸੋਨ ਤਮਗਾ ਜਿੱਤਿਆ। ਅਗਲੇ ਸਾਲ ਹੀ ਉਸ ਨੇ ਕਲਕੱਤਾ ਵਿਖੇ ਜੂਨੀਅਰ ਨੈਸ਼ਨਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦਿਆਂ ਉਹ ਆਲ ਇੰਡੀਆ ਇੰਟਰ 'ਵਰਸਿਟੀ ਚੈਂਪੀਅਨ ਬਣਿਆ। ਉਸ ਵੇਲੇ ਦੀ ਗੱਲ ਉਹ ਦੱਸਦਾ ਹੈ, ''ਮੈਂ ਉਦੋਂ ਸਾਰੀਆਂ ਥਰੋਅ ਈਵੈਂਟਾਂ ਵਿੱਚ ਭਾਗ ਲੈ ਲੈਣਾ। ਡਿਸਕਸ, ਗੋਲਾ, ਹੈਮਰ ਤੇ ਜੈਵਲਿਨ। ਪੂਰੀ ਯੂਨੀਵਰਸਿਟੀ ਦੀ ਅਥਲੈਟਿਕ ਟੀਮ ਮਿਲ ਕੇ ਜਿੰਨੇ ਅੰਕ ਹਾਸਲ ਕਰਦੀ ਸੀ, ਉਨੇ ਮੇਰੇ ਇਕੱਲੇ ਦੇ ਹੀ ਹੁੰਦੇ ਸਨ। 1965 ਵਿੱਚ ਉਸ ਨੇ ਆਪਣੀ ਜ਼ਿੱਦ ਨਾਲ ਪੁਣੇ ਵਿਖੇ ਹੋਈ ਨੈਸ਼ਨਲ ਮੀਟ ਵਿੱਚ ਜੂਨੀਅਰ ਉਮਰ ਦੇ ਬਾਵਜੂਦ ਸੀਨੀਅਰ ਮੁਕਾਬਲੇ ਵਿੱਚ ਹਿੱਸਾ ਲਿਆ। ਨਿੱਕੇ ਪਰਵੀਨ ਨੇ ਵੱਡਿਆਂ ਦੇ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਕੌਮੀ ਪੱਧਰ 'ਤੇ ਆਪਣੀ ਦਸਤਕ ਦੇ ਦਿੱਤੀ। ਫੇਰ ਉਸ ਦੀ ਚੋਣ ਸੋਵੀਅਤ ਸੰਘ ਖਿਲਾਫ ਅਥਲੈਟਿਕਸ ਮੀਟ ਵਿੱਚ ਭਾਰਤੀ ਟੀਮ 'ਚ ਹੋ ਗਈ ਜਿੱਥੇ ਉਸ ਨੇ ਹੈਮਰ ਥਰੋਅ ਦਾ ਨਵਾਂ ਕੌਮੀ ਰਿਕਾਰਡ ਰੱਖਿਆ।
ਉਸ ਤੋਂ ਬਾਅਦ ਫੇਰ ਉਸ ਨੇ 15 ਸਾਲ ਪਿੱਛੇ ਮੁੜ ਕੇ ਨਹੀਂ ਵੇਖਿਆ। 1965 ਤੋਂ 1980 ਤੱਕ ਤਾਂ ਉਹ ਡਿਸਕਸ ਥਰੋਅ ਦਾ ਕੌਮੀ ਰਿਕਾਰਡ ਹੋਲਡਰ ਰਿਹਾ। ਪਰਵੀਨ ਦੱਸਦਾ ਹੈ ਕਿ ਉਸ ਵੇਲੇ ਦੇਸ਼ ਵਿੱਚ ਕੋਈ ਵੀ ਅਥਲੀਟ 170 ਫੁੱਟ ਤੋਂ ਵੱਧ ਡਿਸਕਸ ਨਹੀਂ ਸੁੱਟਦਾ ਸੀ ਜਿਸ ਨੂੰ ਉਹ 220 ਫੁੱਟ ਤੱਕ ਵੀ ਸੁੱਟਣ ਲੱਗ ਗਿਆ ਸੀ। ਦੇਸ਼ ਵਿੱਚ ਤਾਂ ਉਸ ਦਾ ਕੋਈ ਸਾਨੀ ਹੀ ਨਹੀਂ ਸੀ। ਇਸ ਸਮੇਂ ਦੌਰਾਨ ਉਸ ਨੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਡਿਸਕਸ ਤੇ ਹੈਮਰ ਥਰੋਅ ਦੋਵਾਂ ਈਵੈਂਟਾਂ ਵਿੱਚ ਢੇਰਾਂ ਤਮਗੇ ਜਿੱਤੇ। 1971, 1972, 1974, 1977, 1978 ਤੇ 1979 ਦੀਆਂ ਨੈਸ਼ਨਲ ਮੀਟਾਂ ਵਿੱਚ ਉਹ ਦੋਵੇਂ ਈਵੈਂਟਾਂ ਦਾ ਚੈਂਪੀਅਨ ਬਣਦਾ ਰਿਹਾ।
1966 ਦਾ ਵਰ੍ਹਾ ਪਰਵੀਨ ਲਈ ਖੇਡਾਂ ਦੇ ਖੇਤਰ ਲਈ ਬਹੁਤ ਯਾਦਗਾਰੀ ਰਿਹਾ। ਕੈਰੇਬਿਆਈ ਮੁਲਕ ਜਮਾਇਕਾ ਦੇ ਸ਼ਹਿਰ ਕਿੰਗਸਟਨ ਵਿਖੇ 4 ਤੋਂ 13 ਅਗਸਤ ਤੱਕ ਰਾਸ਼ਟਰਮੰਡਲ ਖੇਡਾਂ ਹੋਈਆ ਜਿਸ ਨੂੰ ਉਸ ਵੇਲੇ ਬ੍ਰਿਟਿਸ਼ ਅੰਪਾਇਰ ਅਤੇ ਰਾਸ਼ਟਰਮੰਡਲ ਖੇਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪਰਵੀਨ ਉਸ ਵੇਲੇ ਖੇਡਾਂ ਵਿੱਚ ਹਿੱਸਾ ਲੈਣ ਗਿਆ ਸੀ। ਪਰਵੀਨ ਦੇ ਦੱਸਣ ਮੁਤਾਬਕ ਸਰਹਾਲੀ ਪਿੰਡ ਦਾ ਉਹ ਪਹਿਲਾ ਵਸਨੀਕ ਸੀ ਜਿਸ ਨੇ ਇੰਨਾ ਲੰਬਾ ਸਫਰ ਤੈਅ ਕੀਤਾ ਹੋਵੇ। ਕਿੰਗਸਟਨ ਵਿਖੇ ਪਰਵੀਨ ਨੇ 60.12 ਮੀਟਰ ਹੈਮਰ ਸੁੱਟ ਕੇ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਮਿਲਖਾ ਸਿੰਘ ਤੋਂ ਬਾਅਦ ਉਹ ਦੇਸ਼ ਦਾ ਦੂਜਾ ਅਥਲੀਟ ਸੀ ਜਿਸ ਨੇ ਰਾਸ਼ਟਰਮੰਡਲ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਕੋਈ ਤਮਗਾ ਜਿੱਤਿਆ ਹੋਵੇ। ਰਾਸ਼ਟਰਮੰਡਲ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦਾ ਪੱਧਰ ਓਲੰਪਿਕ ਖੇਡਾਂ ਜਾਂ ਵਿਸ਼ਵ ਚੈਂਪੀਅਨਸ਼ਿਪ ਤੋਂ ਘੱਟ ਨਹੀਂ ਹੁੰਦਾ।
ਪਰਵੀਨ ਦੀ ਗੁੱਡੀ ਚੜ੍ਹ ਗਈ। ਇਹ ਤਾਂ ਹਾਲੇ ਸ਼ੁਰੂਆਤ ਹੀ ਸੀ। 1966 ਦੇ ਅਖਰੀਲੇ ਮਹੀਨੇ 9 ਤੋਂ 20 ਦਸੰਬਰ ਤੱਕ ਬੈਂਕਾਕ ਵਿਖੇ ਏਸ਼ਿਆਈ ਖੇਡਾਂ ਹੋਈਆਂ। ਪਰਵੀਨ ਨੇ ਡਿਸਕਸ ਤੇ ਹੈਮਰ ਥਰੋਅ ਦੋਵਾਂ ਈਵੈਂਟਾਂ ਵਿੱਚ ਹਿੱਸਾ ਲਿਆ। ਡਿਸਕਸ ਵਿੱਚ 49.62 ਮੀਟਰ ਦੀ ਥਰੋਅ ਨਾਲ ਉਸ ਨੇ ਨਵਾਂ ਏਸ਼ਿਆਈ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗਾ ਜਿੱਤਿਆ। ਡਿਸਕਸ ਵਿੱਚ ਹੀ ਪੰਜਾਬ ਦੇ ਇਕ ਹੋਰ ਅਥਲੀਟ ਬਲਕਾਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਇੰਝ ਏਸ਼ੀਆ ਦੇ ਵਿਕਟਰੀ ਸਟੈਂਡ ਉਤੇ ਦੋ ਪੰਜਾਬੀ ਖੜ੍ਹੇ ਸਨ। ਹੈਮਰ ਥਰੋਅ ਵਿੱਚ 57.18 ਮੀਟਰ ਦੀ ਥਰੋਅ ਨਾਲ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। ਪਰਵੀਨ ਏਸ਼ੀਆ ਦਾ ਚੈਂਪੀਅਨ ਬਣ ਕੇ ਦੇਸ਼ ਪਰਤਿਆ। ਪੂਰੇ ਦੇਸ਼ ਵਿੱਚ ਉਸ ਦੀ ਪ੍ਰਸਿੱਧੀ ਹੋ ਗਈ। ਅਗਲੇ ਸਾਲ 1967 ਵਿੱਚ ਕੋਲੰਬੋ ਵਿਖੇ ਹੋਈ ਇੰਟਰਨੈਸ਼ਨਲ ਮੀਟ ਵਿੱਚ ਉਸ ਨੇ ਡਿਸਕਸ ਤੇ ਹੈਮਰ ਦੋਵਾਂ ਈਵੈਂਟਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।
ਇਸੇ ਸਾਲ ਪਰਵੀਨ ਨੂੰ ਭਾਰਤ ਸਰਕਾਰ ਦਾ ਉਸ ਵੇਲੇ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ 'ਅਰਜੁਨਾ ਐਵਾਰਡ' ਮਿਲਿਆ। ਇਸ ਬਾਰੇ ਵੀ ਜੁੜੀ ਇਕ ਯਾਦ ਉਹ ਦੱਸਦਾ ਹੈ, ''ਮੇਰੇ ਖੇਡਾਂ ਵਿੱਚ ਸ਼ੁਰੂਆਤੀ ਦਿਨਾਂ ਦੀ ਗੱਲ ਹੈ ਕਿ ਮੇਰੇ ਪਿਤਾ ਜੀ ਇਕ ਦਿਨ ਰੇਡਿਓ ਉਪਰ ਖਬਰਾਂ ਸੁਣ ਰਹੇ ਸਨ। ਉਸ ਵੇਲੇ ਅੱਜ ਵਾਂਗ ਟੀ.ਵੀ., ਕੰਪਿਊਟਰ ਤਾਂ ਹੈਨੀ ਸਨ। ਰੇਡੀਓ ਤੋਂ ਜਦੋਂ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਅਰਜੁਨਾ ਐਵਾਰਡਾਂ ਦਾ ਐਲਾਨ ਹੋਇਆ ਤਾਂ ਮੇਰੇ ਪਿਤਾ ਜੀ ਕਹਿੰਦੇ ਪਰਵੀਨ ਸਵਾਦ ਤਾਂ ਫੇਰ ਹੈ ਜੇ ਤੂੰ ਅਰਜੁਨਾ ਐਵਾਰਡ ਦਿੱਤੇ। ਖਿਡਾਰੀ ਤਾਂ ਬਹੁਤ ਹਨ ਪਰ ਅਰਜੁਨਾ ਐਵਾਰਡ ਜਿੱਤਣ ਵਾਲਾ ਖਿਡਾਰੀ ਖਾਸ ਹੁੰਦਾ।'' ਪਰਵੀਨ ਨੇ ਉਸ ਵੇਲੇ ਪਿਤਾ ਦੇ ਬੋਲ ਪੂਰੇ ਕਰਨ ਦੀ ਠਾਣ ਲਈ ਜਿਸ ਦਾ ਫਲ ਉਸ ਨੇ ਪੰਜ ਵਰ੍ਹਿਆਂ ਬਾਅਦ ਹੀ ਇਸ ਪੁਰਸਕਾਰ ਦੀ ਪ੍ਰਾਪਤੀ ਨਾਲ ਮਿਲ ਗਿਆ।
ਪਰਵੀਨ ਇਕ ਦਹਾਕਾ ਏਸ਼ੀਆ ਵਿੱਚ ਛਾਇਆ ਰਿਹਾ। 1968 ਦੀਆਂ ਮੈਕਸੀਕੋ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਕੇ ਉਹ ਓਲੰਪੀਅਨ ਵੀ ਬਣ ਗਿਆ। ਮੈਕਸੀਕੋ ਵਿਖੇ ਉਹ 60.84 ਮੀਟਰ ਹੈਮਰ ਸੁੱਟ ਕੇ ਵੀਹਵੇਂ ਸਥਾਨ 'ਤੇ ਰਿਹਾ। 1970 ਵਿੱਚ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਉਹ ਦੂਜੀ ਵਾਰ ਡਿਸਕਸ ਥਰੋਅ ਦਾ ਚੈਂਪੀਅਨ ਬਣਿਆ। ਐਤਕੀ ਉਸ ਨੇ 52.38 ਮੀਟਰ ਦੀ ਥਰੋਅ ਨਾਲ ਸੋਨੇ ਦਾ ਤਮਗਾ ਜਿੱਤਿਆ। 1970 ਦੀਆਂ ਏਸ਼ਿਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਭਾਰਤ ਨੇ ਚਾਰ ਸੋਨ ਤਮਗੇ ਜਿੱਤੇ, ਚਾਰੋਂ ਪੰਜਾਬੀ ਅਥਲੀਨ ਸਨ। ਪਰਵੀਨ ਕੁਮਾਰ, ਜੋਗਿੰਦਰ ਸਿੰਘ, ਮਹਿੰਦਰ ਸਿੰਘ ਗਿੱਲ ਤੇ ਕਮਲਜੀਤ ਸੰਧੂ। 1972 ਵਿੱਚ ਮਿਊਨਿਖ ਵਿਖੇ ਉਸ ਨੇ ਦੂਜੀ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਇਥੇ ਉਸ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ 53.18 ਮੀਟਰ ਥਰੋਅ ਸੁੱਟੀ। ਮਿਊਨਿਖ ਓਲੰਪਿਕਸ ਦੌਰਾਨ ਹੀ 5 ਸਤੰਬਰ 1972 ਨੂੰ ਜਦੋਂ ਦਹਿਸ਼ਤਗਰਦਾਂ ਵਲੋਂ ਇਸਰਾਈਲੀ ਖਿਡਾਰੀਆਂ ਨੂੰ ਬੰਦਕ ਬਣਾ ਕੇ ਮਾਰਨ ਦੀ ਮਨਹੂਸ ਘਟਨਾ ਨੂੰ ਅੰਜ਼ਾਮ ਦਿੱਤਾ ਤਾਂ ਪਰਵੀਨ ਨਾਲ ਵਾਲੇ ਬਲਾਕ ਵਿੱਚ ਸੀ। ਉਹ ਦੱਸਦਾ ਹੈ, ''ਉਸ ਦਿਨ ਮੈਂ ਜਦੋਂ ਡਾਈਨਿੰਗ ਹਾਲ ਵਿੱਚ ਬਰੇਕਫਾਸਟ ਕਰ ਰਿਹਾ ਸੀ ਤਾਂ ਗੋਲੀਆਂ ਦੀ ਆਵਾਜ਼ ਸੁਣੀ, ਕੋਈ ਕਹਿੰਦਾ ਸ਼ੂਟਿੰਗ ਹੋਈ ਹੈ, ਇਕ ਇਸਰਾਇਲੀ ਖਿਡਾਰੀ ਮਾਰ ਦਿੱਤਾ।
ਉਸ ਵੇਲੇ ਤਾਂ ਸਾਨੂੰ ਛੋਟੀ ਘਟਨਾ ਲੱਗੀ ਪਰ ਥੋੜੀਂ ਦੇਰ ਬਾਅਦ ਉਸ ਦਹਿਸ਼ਤੀ ਕਾਰੇ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ। ਉਸ ਤੋਂ ਬਾਅਦ ਖੇਡਾਂ ਤਾਂ ਭਾਵੇਂ ਹੋਈਆਂ ਪਰ ਉਹ ਫਾਰਮੈਲਟੀ ਹੀ ਸੀ। ਸਖਤੀ ਵੀ ਬਹੁਤ ਜ਼ਿਆਦਾ ਕਰ ਦਿੱਤੀ, ਨਹੀਂ ਤਾਂ ਉਸ ਤੋਂ ਪਹਿਲਾਂ ਹਰ ਪਾਸੇ ਕਿਸੇ ਨੂੰ ਵੀ ਆਉਣ-ਜਾਣ ਦੀ ਖੁੱਲ੍ਹ ਸੀ।'' ਓਲੰਪਿਕ ਤੋਂ ਅਗਲੇ ਸਾਲ ਪਰਵੀਨ ਨੇ 1973 ਵਿੱਚ ਮਨੀਲਾ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 1974 ਵਿੱਚ ਤਹਿਰਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਪਰਵੀਨ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। ਇਥੇ ਉਸ ਨੇ ਭਾਵੇਂ ਡਿਸਕਸ ਦੀ ਦੂਰੀ ਪਿਛਲੀਆਂ ਖੇਡਾਂ ਨਾਲੋਂ ਵਧਾਉਂਦਿਆਂ 53.64 ਮੀਟਰ ਤੱਕ ਪਹੁੰਚਾ ਦਿੱਤੀ ਪਰ ਉਹ ਸੋਨ ਤਮਗੇ ਦੀ ਹੈਟ੍ਰਿਕ ਤੋਂ ਉਕ ਗਿਆ ਅਤੇ ਚਾਂਦੀ ਦਾ ਤਮਗਾ ਹਿੱਸੇ ਆਇਆ। ਇਹ ਕਸਰ ਉਸ ਨੇ ਇਕ ਸਾਲ ਬਾਅਦ ਸਿਓਲ ਵਿਖੇ ਪੂਰੀ ਕੀਤੀ ਜਦੋਂ ਪਰਵੀਨ ਨੇ 1975 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ।
1977 ਵਿੱਚ ਬਰਲਿਨ ਵਿਖੇ ਹੋਏ ਵਿਸ਼ਵ ਕੱਪ ਮੁਕਾਬਲੇ ਵਿੱਚ ਪਰਵੀਨ ਨੇ ਏਸ਼ੀਆ ਦੀ ਅਥਲੈਟਿਕਸ ਟੀਮ ਦੀ ਕਪਤਾਨੀ ਕੀਤੀ ਜਿੱਥੇ ਉਸ ਨੇ ਚੌਥਾ ਸਥਾਨ ਹਾਸਲ ਕੀਤਾ। 1977 ਵਿੱਚ ਸਕਾਟਲੈਂਡ ਵਿਖੇ ਹੋਈ ਇੰਟਰਨੈਸ਼ਨਲ ਮੀਟ ਵਿੱਚ ਉਸ ਨੇ ਡਿਸਕਸ ਥਰੋਅ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਹ ਉਸ ਦੇ ਕੌਮਾਂਤਰੀ ਖੇਡ ਜੀਵਨ ਦਾ ਆਖਰੀ ਤਮਗਾ ਸੀ। 1980 ਵਿੱਚ ਉਸ ਨੇ ਖੇਡਾਂ ਤੋਂ ਸੰਨਿਆਸ ਲੈ ਲਿਆ। ਪਰਵੀਨ ਭਾਰਤੀ ਅਥਲੈਟਿਕਸ ਦੇ ਸੁਨਹਿਰੀ ਸਮੇਂ ਦੇ ਅਥਲੀਟਾਂ ਵਿੱਚੋਂ ਇਕ ਹੈ। ਆਜ਼ਾਦ ਭਾਰਤ ਦੇ ਪਹਿਲੇ ਤਿੰਨ ਦਹਾਕਿਆਂ ਦੇ ਸਮੇਂ ਵਿੱਚ ਗੁਰਬਚਨ ਸਿੰਘ ਰੰਧਾਵਾ, ਮਿਲਖਾ ਸਿੰਘ, ਪ੍ਰਦੁੱਮਣ ਸਿੰਘ, ਪਰਵੀਨ ਕੁਮਾਰ, ਮਹਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ, ਕਮਲਜੀਤ ਸੰਧੂ ਦੀ ਅਥਲੈਟਿਕਸ ਖੇਡ ਵਿੱਚ ਤੂਤੀ ਬੋਲਦੀ ਸੀ। ਪੰਜਾਬ ਦੇ ਜਾਏ ਇਨ੍ਹਾਂ ਅਥਲੀਟਾਂ ਬਿਨਾਂ ਭਾਰਤੀ ਅਥਲੈਟਿਕਸ ਦੀ ਗੱਲ ਅਧੂਰੀ ਸੀ।
ਪਰਵੀਨ ਦੀ ਪ੍ਰਸਿੱਧੀ ਪਿੱਛੇ ਉਸ ਦੀ ਤਕੜੀ ਘਾਲਣਾ ਸੀ। ਘੰਟਿਆਂ ਬੱਧੀ ਪ੍ਰੈਕਟਿਸ ਉਸ ਦਾ ਨਿੱਤ ਨੇਮ ਸੀ। 100-150 ਡੰਡ ਤੇ 500-600 ਬੈਠਕਾਂ ਉਸ ਲਈ ਆਮ ਗੱਲ ਸੀ। ਸਰਹਾਲੀ ਦੇ ਖੇਤਾਂ ਵਿੱਚ ਬਿਨਾਂ ਮਿਣੇ ਸੁੱਟੀਆਂ ਜਾਣ ਵਾਲੀਆਂ ਥਰੋਆਂ ਦਾ ਤਾਂ ਕੋਈ ਹਿਸਾਬ ਨਹੀਂ ਸੀ। ਜਿੰਨਾ ਉਹ ਜ਼ੋਰ ਖੇਡਾਂ ਵਿੱਚ ਲਾਉਂਦਾ ਉਨਾ ਹੀ ਉਸ ਦੇ ਘਰਦਿਆਂ ਦਾ ਖੁਰਾਕ ਉਤੇ ਜ਼ੋਰ ਲੱਗਦਾ। ਘਰ ਵਿੱਚ ਦੁੱਧ, ਆਂਡੇ, ਮੀਟ ਆਮ ਸੀ। ਉਹ ਖੁਦ ਦੱਸਦਾ ਹੈ, ''ਘਰਦਿਆਂ ਨੇ ਰੋਟੀ ਦੀ ਬਜਾਏ ਚਿਕਨ, ਮਟਨ ਤੇ ਮੱਛੀ ਦੇਣੀ ਅਤੇ ਪਾਣੀ ਦੀ ਬਜਾਏ ਦੁੱਧ ਪੀਣ ਨੂੰ ਦੇਣਾ। ਮੇਰੀ ਮਾਂ ਰੋਜ਼ ਮੇਰੇ ਲਈ ਦੇਸੀ ਮੀਟ ਬਣਾਉਂਦੀ ਸੀ। ਪ੍ਰੈਕਟਿਸ ਦੇ ਦਿਨਾਂ ਵਿੱਚ ਮੇਰੇ ਇਕ ਦਿਨ ਦੀ ਖੁਰਾਕ ਵਿੱਚ 5-6 ਕਿਲੋ ਦੁੱਧ, 6-7 ਆਂਡੇ, ਕਿਲੋ-ਸਵਾ ਕਿਲੋ ਮੀਟ ਤੇ ਪਾ-ਡੇਢ ਪਾ ਦੇਸੀ ਘਿਓ ਸ਼ਾਮਲ ਹੁੰਦਾ ਸੀ।'' ਸਰਹਾਲੀ ਦੀਆਂ ਸੱਥਾਂ ਵਿੱਚ ਇਹ ਗੱਲ ਪ੍ਰਚੱਲਿਤ ਹੈ ਕਿ ਪਰਵੀਨ ਦੀ ਖੁਰਾਕ ਕਰਕੇ ਪਿੰਡ ਵਿਚ ਕੋਈ ਵੀ ਕੁੱਕੜ ਨਹੀਂ ਬਚਦਾ ਸੀ।
ਸਭ ਉਸ ਦੀ ਖੁਰਾਕ ਦਾ ਹਿੱਸਾ ਬਣਦੇ ਸਨ। ਅਸਲ ਵਿੱਚ ਪਰਵੀਨ ਨੂੰ ਖੇਡਾਂ ਵਾਲੇ ਪਾਸੇ ਵੀ ਲਾਉਣ ਵਾਲੇ ਅਧਿਆਪਕ ਨੇ ਵੀ ਉਸ ਦੀ ਸਿਹਤ ਦੇਖ ਕੇ ਉਸ ਦੇ ਘਰਦਿਆਂ ਨੂੰ ਕਿਹਾ ਸੀ ਕਿ ਇਸ ਦੀ ਖੁਰਾਕ ਦਾ ਖਿਆਲ ਰੱਖੋ, ਇਕ ਦਿਨ ਇਹ ਤਕੜਾ ਖਿਡਾਰੀ ਬਣੂੰ। ਪਿੰਡ ਵਿਚ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਪਰਵੀਨ ਹੁਰਾਂ ਦੇ ਹੀ ਘਰ ਹੁੰਦੀ ਸੀ। ਧਾਰਾਂ ਚੋਣ ਤੋਂ ਬਾਅਦ ਪਰਵੀਨ ਸਿੱਧੀ ਬਾਲਟੀ ਨੂੰ ਮੂੰਹ ਲਾ ਕੇ ਦੁੱਧ ਪੀਂਦਾ ਰਿਹਾ, ਬਚਿਆ ਹੋਇਆ ਦੁੱਧ ਘਰਦਿਆਂ ਨੂੰ ਮਿਲਣਾ। ਪਰਵੀਨ ਇਹ ਵੀ ਦੱਸਦਾ ਹੈ ਕਿ ਐਨ.ਆਈ.ਐਸ. ਪਟਿਆਲਾ ਵਿਖੇ ਕੌਮੀ ਕੈਂਪਾਂ ਦੌਰਾਨ ਉਸ ਨੂੰ ਸਭ ਤੋਂ ਵੱਧ ਘਾਟਾ ਖੁਰਾਕ ਦਾ ਪੈਂਦਾ ਸੀ। ਉਸ ਵੇਲੇ 6-7 ਰੁਪਏ ਦੇ ਹਿਸਾਬ ਨਾਲ ਡਾਈਟ ਮਿਲਦੀ ਸੀ ਜਿਸ ਨਾਲ ਉਸ ਦਾ ਗੁਜ਼ਾਰਾ ਨਹੀਂ ਹੁੰਦਾ ਸੀ। ਉਹ ਖੁਰਾਕ ਦੀ ਪੂਰਤੀ ਲਈ ਬਾਹਰ ਖਾਣ ਜਾਂਦਾ। ਪਰਵੀਨ ਕਹਿੰਦਾ ਹੈ ਕਿ ਜੇਕਰ ਉਹ ਸਰਹਾਲੀ ਰਹਿ ਕੇ ਹੀ ਤਿਆਰੀ ਕਰਦਾ ਹੁੰਦਾ ਤਾਂ ਉਸ ਦਾ ਪ੍ਰਦਰਸ਼ਨ ਹੋਰ ਵੀ ਵਧੀਆਂ ਹੁੰਦਾ। ਡਿਪਟੀ ਕਮਾਂਡੈਟ ਦੀ ਨੌਕਰੀ ਵੇਲੇ 1000 ਰੁਪਏ ਤਨਖਾਹ ਹੁੰਦੀ ਅਤੇ 500 ਰੁਪਏ ਖੁਰਾਕ ਭੱਤਾ ਮਿਲਦਾ ਸੀ। ਨੌਕਰੀ ਕਰਦਿਆਂ ਇਮਾਨਦਾਰੀ ਇਸ ਕਦਰ ਸੀ ਕਿ ਇਕ ਵਾਰ ਨੌਕਰੀ ਕਰਦਿਆਂ ਸ੍ਰੀਨਗਰ ਵਿਖੇ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਨੂੰ ਇਕ ਰੋਲ ਮਿਲਿਆ। ਉਸ ਰੋਲ ਬਦਲੇ ਜਦੋਂ ਪ੍ਰਡਿਊਸਰ ਨੇ 1100 ਰੁਪਏ ਮਿਹਨਤਾਨਾ ਆਫਰ ਕੀਤਾ ਤਾਂ ਉਸ ਨੇ ਸਰਕਾਰੀ ਨੌਕਰੀ ਦੇ ਚੱਲਦਿਆਂ ਇਸ ਮਿਹਨਤਾਨੇ ਨੂੰ ਲੈਣ ਤੋਂ ਨਾਂਹ ਕਰ ਦਿੱਤੀ।
ਅੰਤ ਫੇਰ ਕਿਤੇ ਜਾ ਕੇ ਉਸ ਨੇ ਟੋਕਨ ਵਜੋਂ ਸਿਰਫ 100 ਰੁਪਏ ਮਿਹਨਤਾਨਾ ਲਾਇਆ। ਫਿਲਮਾਂ ਵਿੱਚ ਪ੍ਰੋਫੈਸ਼ਨਲ ਤੌਰ 'ਤੇ ਉਹ ਰਿਟਾਇਰਮੈਂਟ ਲੈਣ ਤੋਂ ਬਾਅਦ ਸਰਗਰਮ ਰਿਹਾ। ਪਰਵੀਨ ਨੇ ਆਪਣੇ ਖੇਡ ਜੀਵਨ ਵਿੱਚ ਕਿਤੇ ਵੀ ਕੋਈ ਮੈਡੀਸਨ, ਸਪਲੀਮੈਂਟ ਜਾਂ ਤਾਕਤ ਵਧਾਊ ਵਸਤਾਂ ਨਹੀਂ ਲਈਆਂ। ਦੇਸੀ ਖੁਰਾਕ ਅਤੇ ਕਸਰਤ ਦੇ ਸਿਰ ਉਤੇ ਹੀ ਜਾਨ ਹਲੂਣਵੀਂ ਅਥਲੈਟਿਕਸ ਕੀਤੀ। ਉਹ ਖੁਦ ਮੰਨਦਾ ਹੈ ਉਸ ਵੇਲੇ ਖੇਡਾਂ ਵਿੱਚ ਪੈਸਾ ਵੀ ਨਹੀਂ ਸੀ ਜਿਸ ਕਰਕੇ ਡੋਪਿੰਗ, ਨਸ਼ੇ ਆਦਿ ਦਾ ਰੁਝਾਨ ਵੀ ਨਹੀਂ ਸੀ। ਅੱਜ ਖੇਡਾਂ ਵਿੱਚ ਵੱਡੇ ਨਗਦ ਇਨਾਮਾਂ ਨੇ ਕਈ ਖਿਡਾਰੀਆਂ ਨੂੰ ਭੈੜੀਆਂ ਆਦਤਾਂ ਵੀ ਪਾ ਦਿੱਤੀਆਂ।
ਅਸਲ ਖਿਡਾਰੀ ਉਹ ਹੀ ਹੈ ਜਿਹੜਾ ਆਪਣੇ ਦਮ 'ਤੇ ਜਿੱਤੇ। ਪਰਵੀਨ ਸੱਚੇ-ਸੁੱਚੇ ਕਿਰਦਾਰ ਵਾਲਾ ਇਨਸਾਨ ਰਿਹਾ। ਜਵਾਨੀ ਵਿੱਚ ਉਹ ਸੋਹਣਾ ਤੇ ਤਾਕਤਵਾਰ ਹੋਣ ਕਰਕੇ ਕਈ ਕੁੜੀਆਂ ਉਸ ਦੀਆਂ ਦੀਵਾਨੀਆਂ ਸਨ ਪਰ ਉਸ ਦਾ ਧਿਆਨ ਕਦੇ ਨਹੀਂ ਭਟਕਿਆ। ਇਥੋਂ ਤੱਕ ਕਿ ਉਸ ਨੇ ਵਿਆਹ ਵੀ ਆਪਣੇ ਘਰਦਿਆਂ ਵੱਲੋਂ ਪਸੰਦ ਕੀਤੀ ਕੁੜੀ ਨਾਲ ਕੀਤਾ। ਪਰਵੀਨ ਦੱਸਦਾ ਹੈ ਕਿ ਖਿਡਾਰੀ ਵਜੋਂ ਉਸ ਨੂੰ ਬਹੁਤ ਇੱਜਤ ਤੇ ਮਾਣ-ਸਨਮਾਨ ਮਿਲਿਆ। ਸੜਕ ਉਤੇ ਖੜ੍ਹਿਆਂ ਲੋਕੀਂ ਕਾਰਾਂ ਰੋਕ ਕੇ ਛੱਡਣ ਲਈ ਕਹਿੰਦੇ। ਰੈਸਟੋਰੈਂਟ ਵਿੱਚ ਜਾਣ 'ਤੇ ਲੋਕਾਂ ਵੱਲੋਂ ਆਪਣੇ ਪਰਿਵਾਰ ਨਾਲ ਬੈਠ ਕੇ ਰੋਟੀ ਖਾਣ ਦੀ ਆਫਰ ਕਰਨਾ। ਉਹ ਕਹਿੰਦੇ ਜੋ ਖੇਡਾਂ ਕਰਕੇ ਰੁਤਬਾ ਮਿਲਿਆ ਉਹ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਕਿਤੇ ਵੀ ਉਨ੍ਹਾਂ ਕਿਸੇ ਦੇ ਵਿਸ਼ਵਾਸ ਨਾਲ ਧੋਖਾ ਨਹੀਂ ਕੀਤਾ।
ਅਥਲੈਟਿਕਸ ਦੇ ਦਿਨਾਂ ਵਿੱਚ ਉਸ ਦੀ ਮਹਿੰਦਰ ਸਿੰਘ ਗਿੱਲ ਨਾਲ ਬਹੁਤ ਸਾਂਝ ਸੀ। ਤੀਹਰੀ ਛਾਲ ਦਾ ਅਥਲੀਟ ਮਹਿੰਦਰ ਸਿੰਘ ਗਿੱਲ ਪਰਵੀਨ ਵਾਂਗ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਰਿਹਾ ਹੈ। ਉਹ ਦੱਸਦਾ ਹੈ, ''ਗਿੱਲ ਤੇ ਮੇਰੇ ਵਿਚਾਲੇ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਸੀ। ਇਕੱਠੇ ਵਿਚਰਿਆਂ ਕਿਤੇ ਮੈਂ ਪੈਸੇ ਖਰਚਣੇ ਕਿਤੇ ਗਿੱਲ ਨੇ। ਅਸੀਂ ਅੱਜ ਤੱਕ ਕਿਤੇ ਹਿਸਾਬ ਨਹੀਂ ਕੀਤਾ।'' ਡਿਕੈਥਲਨ ਵਿੱਚ ਏਸ਼ੀਆ ਦੇ ਬੈਸਟ ਅਥਲੀਟ ਅਤੇ ਟੋਕੀਓ ਓਲੰਪਿਕਸ-1964 ਵਿੱਚ ਪੰਜਵੇਂ ਨੰਬਰ 'ਤੇ ਆਏ ਗੁਰਬਚਨ ਸਿੰਘ ਰੰਧਾਵਾ ਨਾਲ ਵੀ ਉਸ ਦੀ ਗੂੜ੍ਹੀ ਮਿੱਤਰਤਾ ਹੈ। ਪਰਵੀਨ ਦੱਸਦਾ ਹੈ ਕਿ ਸ਼ੁਰੂਆਤੀ ਸਮੇਂ ਵਿੱਚ ਉਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਤੰਗੀ ਹੋਣ ਕਰਕੇ ਵਿਦੇਸ਼ੀ ਕੋਚਾਂ ਵੱਲੋਂ ਦੱਸੀ ਗੱਲ ਦਾ ਪੰਜਾਬੀ ਵਿੱਚ ਉਲੱਥਾ ਰੰਧਾਵਾ ਹੀ ਕਰ ਕੇ ਦਿੰਦਾ ਸੀ। ਰੰਧਾਵੇ ਦਾ ਉਹ ਬਹੁਤ ਰਿਣੀ ਹੈ।
ਪਰਵੀਨ ਬਾਅਦ ਵਿੱਚ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਤਿੰਨੋਂ ਭਾਸ਼ਾਵਾਂ ਵਿੱਚ ਬਹੁਤ ਪ੍ਰਪੱਕ ਹੋ ਗਿਆ ਸੀ। ਕੈਂਪਾਂ ਤੇ ਮੁਕਾਬਲਿਆਂ ਦੌਰਾਨ ਉਹ ਵਿਦੇਸ਼ੀ ਖਿਡਾਰੀ ਨਾਲ ਗੱਲ ਕਰਨ ਦਾ ਉਸ ਵਿੱਚ ਬਹੁਤ ਵੱਲ ਸੀ। ਚਾਹੇ ਜਪਾਨੀ, ਅਮਰੀਕੀ, ਕੋਰੀਅਨ ਜਾਂ ਜਰਮਨੀ ਹੋਵੇ। ਉਹ ਦੱਸਦਾ ਹੈ ਕਿ ਟੀਮ ਵਿੱਚ ਸਭ ਤੋਂ ਵੱਧ ਪੀਆਰ ਸ਼ਿੱਪ ਉਸ ਦੀ ਚੰਗੀ ਸੀ। ਮੈਂ ਇਹ ਗੱਲ ਉਸ ਨਾਲ ਫੋਨ ਉਤੇ ਲੰਬੀ ਇੰਟਰਵਿਊ ਕਰਦਿਆਂ ਖੁਦ ਵੀ ਮਹਿਸੂਸ ਕੀਤੀ। ਕਈ ਖਿਡਾਰੀ ਫੋਨ ਉਤੇ ਕੁਝ ਮਿੰਟ ਗੱਲ ਕਰਨ ਵਿੱਚ ਵੀ ਅਸਹਿਜ ਹੋ ਜਾਂਦੇ ਹਨ, ਇਥੋਂ ਤੱਕ ਕਿ ਮਿਲ ਕੇ ਇੰਟਰਵਿਊ ਦੇਣੀ ਵੀ ਔਖੀ ਹੋ ਜਾਂਦੀ ਹੈ ਪਰ ਪਰਵੀਨ ਕੁਮਾਰ ਨੇ ਜਿੰਨੀ ਸੌਖਿਆ ਤੇ ਸਹਿਜ ਹੋ ਕੇ ਫੋਨ ਉਤੇ ਇੰਟਰਵਿਊ ਦਿੱਤੀ, ਮੈਂ ਉਸ ਦਾ ਕਾਇਲ ਹੋ ਗਿਆ।
ਖੇਡਾਂ ਦੇ ਦਿਨਾਂ ਵਿੱਚ ਪਰਵੀਨ ਬੋਲਬਾਣੀ ਤੇ ਵਿਚਰਨ ਪੱਖੋਂ ਦੇਸੀ ਸੁਭਾਅ ਵਾਲਾ ਹੁੰਦਾ ਸੀ ਜਿਸ ਬਾਰੇ ਪ੍ਰਿੰਸੀਪਲ ਸਰਵਣ ਸਿੰਘ ਲਿਖਦੇ ਹਨ ਕਿ ਅੰਮ੍ਰਿਤਸਰ ਵੱਲ ਹੱਥ ਕਰਕੇ ਸਹੁੰ ਖਾਣ ਦੀ ਉਸ ਨੂੰ ਬਹੁਤ ਆਦਤ ਸੀ। ਕੋਟ-ਪੈਂਟ, ਟਾਈ ਪਹਿਣਨੀ ਉਸ ਨੂੰ ਔਖੀ ਲੱਗਦੀ ਸੀ। ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹੋ ਪਰਵੀਨ ਅੱਗੇ ਜਾ ਕੇ ਫਿਲਮੀ ਦੁਨੀਆਂ ਵਿੱਚ ਚਲਾ ਜਾਵੇਗਾ ਅਤੇ ਟੀ.ਵੀ. ਸੀਰੀਅਰ ਉਤੇ ਆਪਣੀ ਸ਼ੁੱਧ ਹਿੰਦੀ ਡਾਇਲਾਗਾਂ ਨਾਲ ਛਾ ਜਾਵੇਗਾ। ਇਕ ਗੱਲ ਉਸ ਦੇ ਸੁਭਾਅ ਦੀ ਪੱਕੀ ਹੈ ਕਿ ਕੋਈ ਵਿੰਗ-ਵਲ ਨਹੀਂ ਅਤੇ ਜਿਹੜੀ ਗੱਲ ਦਿਲ ਵਿੱਚ ਹੈ ਉਹ ਮੂੰਹ ਉਤੇ ਸਿੱਧੀ ਸਪੱਸ਼ਟ ਕਹਿ ਦਿੰਦਾ ਹੈ। ਛਲ-ਫਰੇਬ ਨਾ ਖੇਡਾਂ ਵੇਲੇ ਉਸ ਵਿੱਚ ਸੀ ਅਤੇ ਨਾ ਹੀ ਹੁਣ ਹੈ।
ਪਰਵੀਨ ਨਾਲ ਜੁੜੇ ਕਈ ਅਜਿਹੇ ਕਿੱਸੇ ਹਨ ਜਿਹੜੀਆਂ ਦੰਦ ਕਥਾਵਾਂ ਵੀ ਲੱਗਦੀਆਂ। ਪ੍ਰਿੰਸੀਪਲ ਸਰਵਣ ਸਿੰਘ ਵੱਲੋਂ 70ਵਿਆਂ ਵਿੱਚ ਪਰਵੀਨ ਬਾਰੇ ਲਿਖੀਆਂ ਕਈ ਗੱਲਾਂ ਜਦੋਂ ਉਸ ਨੂੰ ਪੁੱਛੀਆ ਤਾਂ ਉਸ ਨੇ ਬੜੇ ਅਪਣੱਤ ਤੇ ਤਪਾਕ ਨਾਲ ਸਾਰੀਆਂ ਮੁੜ ਸਾਂਝੀਆਂ ਕੀਤੀਆਂ। ਉਸ ਦੇ ਲੰਬੇ ਕੱਦ-ਕਾਠ ਕਰਕੇ ਇਕ ਵਾਰ ਉਹ ਰੇਲ ਗੱਡੀ ਵਿੱਚ ਲੱਤਾਂ ਇਕੱਠੀਆਂ ਕਰ ਕੇ ਚਾਦਰ ਤਾਣੀ ਸੁੱਤਾ ਪਿਆ ਹੁੰਦਾ। ਇਕ ਸਵਾਰੀ ਆ ਕੇ ਉਸ ਨੂੰ ਲੱਤਾਂ ਇਕੱਠੀਆਂ ਕਰਨ ਨੂੰ ਕਹਿੰਦੀ ਹੈ ਪਰ ਜਦੋਂ ਉਹ ਲੱਤਾਂ ਨੂੰ ਹੋਰ ਨਿਸਾਰਦਾ ਤਾਂ ਅੱਗੇ ਵਾਲਾ ਦੰਗ ਰਹਿ ਜਾਂਦਾ। ਪਰਵੀਨ ਦੱਸਦਾ ਹੈ ਕਿ ਇਹ ਉਸ ਨਾਲ ਮਦਰਾਸ ਜਾਂਦਿਆਂ ਘਟਨਾ ਵਾਪਰੀ ਸੀ। ਉਹ ਵੀ ਦੱਸਦਾ ਹੈ ਕਿ ਉਦੋਂ ਕੋਲੇ ਵਾਲੇ ਇੰਜਣ ਦੀਆਂ ਰੇਲਾਂ ਉਤੇ ਮਦਰਾਸ ਪਹੁੰਚਦਿਆਂ ਤੀਜਾ ਦਿਨ ਚੜ੍ਹ ਜਾਂਦਾ ਸੀ ਅਤੇ ਮੂੰਹ ਪੂਰਾ ਕਾਲਾ ਹੋਇਆ ਹੁੰਦਾ। ਅੱਜ ਤਾਂ ਮਿੰਟਾਂ ਘੰਟਿਆਂ ਵਿੱਚ ਫਲਾਈਟ ਉਡ ਕੇ ਪਹੁੰਚ ਜਾਂਦੀ। ਪਰ ਉਸ ਦਾ ਮੰਨਣਾ ਹੈ ਕਿ ਰੇਲ ਗੱਡੀ ਦੇ ਸਫਰ ਦਾ ਆਪਣਾ ਹੀ ਸਵਾਦ ਹੁੰਦਾ ਸੀ। ਇਸੇ ਤਰ੍ਹਾਂ ਇਕ ਵਾਰ ਉਸ ਕੋਲੋਂ ਮਦਰਾਸ ਇਕ ਹੋਟਲ ਵਿੱਚ ਹੱਥ ਧੋਣ ਵਾਲਾ ਸ਼ੈਂਕ ਟੁੱਟ ਗਿਆ।
ਅਸਲ ਵਿੱਚ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਹੱਥ ਧੋਣ ਵਾਲਾ, ਉਹ ਪੈਰ ਰੱਖ ਕੇ ਧੋਣ ਲੱਗ ਗਿਆ। ਸਵਾ ਕੁਇੰਟਲ ਭਾਰੇ ਸਰੀਰ ਵਾਲੇ ਪਰਵੀਨ ਦੇ ਪੈਰ ਰੱਖਦਿਆਂ ਹੀ ਸ਼ੈਂਕ ਟੁੱਟ ਗਿਆ ਜਿਸ ਦੇ ਉਸ ਕੋਲੋਂ ਢਾਈ ਸੌ ਰੁਪਏ ਵਸੂਲੇ ਗਏ। ਉਸ ਤੋਂ ਬਾਅਦ ਉਹ ਡਰਦਾ ਹੋਟਲ ਦੇ ਗੁਸਲਖਾਨੇ ਦੇ ਨਹਾਉਣ ਵਾਲੇ ਟੱਬ ਤੋਂ ਡਰੇ ਕਿਤੇ ਇਹ ਵੀ ਨਾ ਟੁੱਟੇ ਜਾਵੇ ਜਿਸ ਦੇ ਹਜ਼ਾਰ ਰੁਪਏ ਭਰਨੇ ਪੈ ਜਾਣ। ਖੁਰਾਕ ਤਾਂ ਪਰਵੀਨ ਦੀ ਮੁੱਢੋ ਹੀ ਖੁੱਲ੍ਹੀ ਸੀ। ਪਰਵੀਨ ਵੱਲੋਂ ਰੂਹ ਆਫਜ਼ੇ ਦਾ ਘੜ੍ਹਾ ਪੀਣ ਦੀ ਘਟਨਾ ਦੀ ਸੱਚਾਈ ਜਾਣਨ ਲਈ ਜਦੋਂ ਉਸ ਨੂੰ ਪੁੱਛਿਆ ਤਾਂ ਅੱਗਿਓ ਦੱਸਿਆ, ''ਪਟਿਆਲੇ ਕੈਂਪ ਚੱਲ ਰਿਹਾ। ਜੇਠ-ਹਾੜ੍ਹ ਦਾ ਮਹੀਨਾ ਸੀ। ਇਕ ਦਿਨ ਅਜਮੇਰ ਰੂਹ ਆਫਜ਼ਾ ਦੀ ਬੋਤਲ ਲੈ ਆਇਆ ਅਤੇ ਢਾਬਿਆਂ ਦੇ ਚਾਹ ਵਾਲੇ ਗਲਾਸਾਂ ਵਿੱਚ ਉਂਗਲ ਨਾਲ ਘੋਲ-ਘੋਲ ਕੇ ਪੀਣ ਲੱਗ ਗਏ। ਹੁਣ ਦੱਸੋਂ ਛੋਟੇ ਛੋਟੇ ਗਲਾਸਾਂ ਵਿੱਚ ਕਿੱਥੋਂ ਰੱਜ ਆਏ।
ਮੈਂ ਨਾਲ ਪਈ ਸੁਰਾਹੀ ਵਿੱਚ ਰੂਹ ਆਫਜ਼ਾ ਘੋਲ ਲਿਆ ਅਤੇ ਸਾਰਿਆਂ ਵਾਰੀ-ਵਾਰੀ ਮੂੰਹ ਲਾ ਕੇ ਪੀਤਾ।'' ਪਰਵੀਨ ਫੱਕਰ ਸੁਭਾਅ ਦਾ ਬੇਪਰਵਾਹ ਤੇ ਮਸਤ ਮੌਲਾ ਖਿਡਾਰੀ ਸੀ। ਕੈਂਪ ਦੌਰਾਨ ਇਕ ਵਾਰ ਉਸ ਨੂੰ ਤੇ ਗੁਰਦੀਪ ਸਿੰਘ ਬਾਬਾ ਨੂੰ ਮੱਛਰਾਂ ਨੇ ਸਤਾਇਆ ਹੋਇਆ ਸੀ। ਦੋ ਥਰੋਅਰ ਹੋਰ ਸੀ ਜਿਹੜੇ ਮੱਛਰਾਂ ਤੋਂ ਬਹੁਤ ਔਖੇ ਸਨ। ਉਹ ਦੱਸਦਾ ਹੈ, ਅਸੀਂ ਮੂੰਹ ਢਕ ਕੇ ਆਪਣੇ ਆਪ ਉਤੇ ਫਿਨਿਟ ਦਾ ਛਿੜਕਾਅ ਕਰ ਲੈਣਾ ਤਾਂ ਔਖੇ-ਸੌਖੇ ਤਿੰਨ-ਚਾਰ ਘੰਟੇ ਨਿਕਣ ਜਾਣੇ। ਫੇਰ ਸਾਡੀ ਨੀਂਦ ਟੁੱਟ ਜਾਣੀ ਅਤੇ ਤਿੰਨ ਵਜੇ ਉਠ ਕੇ ਪ੍ਰੈਕਟਿਸ ਸ਼ੁਰੂ ਕਰ ਦੇਣੀ। ਸਵੱਖਤੇ ਉਠ ਕੇ ਕਸਰਤ ਕਰਨ ਦੀ ਮੇਰੀ ਮੁੱਢੋਂ ਹੀ ਆਦਤ ਸੀ। ਜਿਦੋ-ਜਿਦੀ ਭਾਰ ਹੀ ਚੁੱਕੀ ਜਾਣ।
ਖੇਡਾਂ ਤੋਂ ਬਾਅਦ ਐਕਟਿੰਗ ਵੱਲ ਰੁਝਾਨ ਬਾਰੇ ਪਰਵੀਨ ਦੱਸਦਾ ਹੈ, ''ਜਦੋਂ ਮੈਂ ਖੇਡਾਂ ਛੱਡੀਆਂ ਤਾਂ ਮਨ ਵਿੱਚ ਖਿਆਲ ਸੀ ਕਿ ਕੋਈ ਅਜਿਹਾ ਕੰਮ ਕੀਤਾ ਜਾਵੇ ਜੋ ਲਾਈਮਲਾਈਟ (ਸੁਰਖੀਆ) ਵਿੱਚ ਰੱਖੇ ਕਿਉਂਕਿ ਖਿਡਾਰੀਆਂ ਨੂੰ ਤਾਂ ਲੋਕ 2-3 ਸਾਲ ਬਾਅਦ ਭੁੱਲ ਜਾਂਦੇ ਹਨ। ਇਸੇ ਕਰਕੇ ਐਕਟਿੰਗ ਵੱਲ ਰੁਝਾਨ ਕੀਤਾ। ਫਿਲਮਾਂ ਵਿੱਚ ਰੋਲ ਦੀਆਂ ਆਫਰਾਂ ਤਾਂ ਪਹਿਲਾਂ ਵੀ ਮਿਲਦੀਆਂ ਰਹੀਆਂ ਪਰ ਖੇਡਾਂ ਕਰਕੇ ਉਦੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਮੇਰੀ ਪ੍ਰਸਿੱਧ ਐਕਟਰ ਅਸ਼ੋਕ ਕੁਮਾਰ ਦੇ ਘਰ ਆਉਣੀ-ਜਾਣੀ ਸੀ। ਇਕ ਵਾਰ ਉਨ੍ਹਾਂ ਦੇ ਘਰ ਕਿਸੇ ਪ੍ਰਡਿਊਸਰ ਨੇ ਫਿਲਮ ਦੀ ਆਫਰ ਕੀਤੀ ਪਰ ਮੈਂ ਆਪਣੇ ਕੋਚ ਦੇ ਕਹਿਣ 'ਤੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਹਾਲੇ ਤਾਂ ਖੇਡਾਂ ਵੱਲ ਹੀ ਧਿਆਨ ਹੈ।'' ਪਰਵੀਨ ਨੇ 1980 ਵਿੱਚ ਖੇਡਾਂ ਤੋਂ ਸੰਨਿਆਸ ਲਿਆ ਅਤੇ ਅਗਲੇ ਹੀ ਸਾਲ 1981 ਵਿੱਚ ਐਕਟਿੰਗ ਦੀ ਦੂਜੀ ਪਾਰੀ ਸ਼ੁਰੂ ਕਰ ਲਈ। ਪਹਿਲੀ ਫਿਲਮ 'ਰਕਸ਼ਾ' ਕੀਤੀ, ਦੂਜੀ 'ਮੇਰੀ ਆਵਾਜ਼ ਸੁਣੋ' ਦੋਵੇਂ ਹੀ ਜਤਿੰਦਰ ਦੇ ਨਾਲ ਕੀਤੀਆਂ। ਪਰਵੀਨ ਨੇ ਆਪਣੇ ਐਕਟਿੰਗ ਕਰੀਅਰ ਵਿੱਚ 50 ਤੋਂ ਵੱਧ ਫਿਲਮਾਂ ਕੀਤੀਆਂ ਜਿਨ੍ਹਾਂ ਵਿਚ ਸ਼ਹਿਨਸ਼ਾਹ, ਹਮ ਸੇਂ ਹੈ ਜ਼ਮਾਨਾ, ਗਜ਼ਬ, ਜਾਗੀਰ, ਕ੍ਰਿਸ਼ਮਾ ਕੁਦਰਤ ਕਾ, ਲੋਹਾ, ਯੁੱਧ, ਜਬਰਦਸਤ, ਡਾਕ ਬੰਗਲਾ, ਕਮਾਂਡੋ, ਇਲਾਕਾ, ਮਿੱਟੀ ਕਾ ਸੋਨਾ, ਘਾਇਲ, ਆਜ ਕਾ ਅਰਜੁਨ, ਅਜੂਬਾ, ਜਾਨ, ਅਜੈ ਪ੍ਰਮੁੱਖ ਸਨ।
ਕੌਮਿਕ ਕਰੈਕਟਰ ਚਾਚਾ ਚੌਧਰੀ ਦੀ ਟੀ.ਵੀ. ਸੀਰੀਜ਼ ਵਿੱਚ ਪਰਵੀਨ ਨੇ ਦਿਓ ਕੱਦ ਸਾਬੂ ਦਾ ਰੋਲ ਨਿਭਾਇਆ। ਫਿਲਮਾਂ ਵਿੱਚ ਉਸ ਨੂੰ ਜ਼ਿਆਦਾਤਰ ਰੋਲ ਨੈਗੈਟਿਵ ਕਿਰਦਾਰ ਦੇ ਮਿਲੇ ਜਿੱਥੇ ਉਹ ਗੁੰਡੇ ਦੇ ਰੋਲ ਕਰਦਾ ਸੀ। ਇਸ ਬਾਰੇ ਉਹ ਦੱਸਦਾ ਹੈ ਕਿ ਉਸ ਦੇ ਪਿਤਾ ਜੀ ਨੂੰ ਵੀ ਚੰਗਾ ਨਹੀਂ ਲੱਗਦਾ ਸੀ ਕਿ ਉਹ ਵਿਲੇਨ ਬਣੇ। ਇਸ ਤੋਂ ਇਲਾਵਾ ਮਹਾਂਭਾਰਤ ਸੀਰੀਅਲ ਵਿੱਚ ਭੀਮ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਉਸ ਦੇ ਚਹੇਤੇ ਵੀ ਨਹੀਂ ਚਾਹੁੰਦੇ ਸਨ ਕਿ ਉਹ ਹੁਣ ਕੋਈ ਨੈਗੇਟਿਵ ਰੋਲ ਨਿਭਾਏ ਜਿਸ ਕਾਰਨ ਉਸ ਨੇ ਇਹ ਕਿਰਦਾਰ ਨਿਭਾਉਣੇ ਛੱਡ ਦਿੱਤੇ। ਸ਼ਹਿਨਸ਼ਾਹ ਫਿਲਮ ਵਿੱਚ ਮੁਖਤਿਆਰ ਸਿੰਘ ਦਾ ਨਿਭਾਇਆ ਕਿਰਦਾਰ ਉਸ ਦਾ ਬਹੁਤ ਮਕਬੂਲ ਹੋਇਆ। ਅਮਿਤਾਭ ਬਚਨ ਦਾ ਪ੍ਰਸਿੱਧ ਡਾਇਲਾਗ 'ਰਿਸ਼ਤੇ ਮੇਂ ਤੋਂ ਹਮ ਤੁਮਹਾਰੇ ਬਾਪ ਲਗਤੇ ਹੈ ਪਰ ਨਾਮ ਹੈ ਸ਼ਹਿਨਸ਼ਾਹ' ਇਹ ਪਹਿਲੀ ਵਾਰ ਪਰਵੀਨ ਦੇ ਸਾਹਮਣੇ ਹੀ ਬੋਲਿਆ ਗਿਆ।
ਮਹਾਂਭਾਰਤ ਦੇ ਭੀਮ ਨੇ ਪਰਵੀਨ ਨੂੰ ਸਦੀਵੀਂ ਲੋਕਾਂ ਦੇ ਮਨਾਂ ਵਿਚ ਵਸਾ ਦਿੱਤਾ। ਭੀਮ ਦੇ ਕਿਰਦਾਰ ਲਈ ਆਪਣੀ ਚੋਣ ਬਾਰੇ ਉਹ ਦੱਸਦਾ ਹੈ, ''ਉਨ੍ਹਾਂ ਦਿਨਾਂ ਵਿੱਚ ਬੀ.ਆਰ.ਚੋਪੜਾ ਮਹਾਂਭਾਰਤ ਸੀਰੀਅਲ ਬਣਾ ਰਹੇ ਸਨ। ਪਹਿਲਾਂ ਤਾਂ ਪੁਨੀਤ ਇੱਸਰ ਨੇ ਭੀਮ ਦਾ ਰੋਲ ਕਰਨਾ ਸੀ ਪਰ ਉਸ ਨੂੰ ਦੁਰਯੋਧਨ ਦਾ ਰੋਲ ਪਸੰਦ ਆਉਣ ਕਰਕੇ ਭੀਮ ਦੇ ਰੋਲ ਲਈ ਕੋਈ ਉਸ ਦੇ ਮੁਕਾਬਲੇ ਦਾ ਐਕਟਰ ਨਹੀਂ ਮਿਲ ਰਿਹਾ ਸੀ। ਸਾਗਰ ਸੋਲੰਕੀ ਨੂੰ ਚੁਣਿਆ ਗਿਆ ਪਰ ਬੀ.ਆਰ.ਚੋਪੜਾ ਨੂੰ ਦੁਰਯੋਧਨ ਦਾ ਰੋਲ ਨਿਭਾ ਰਹੇ ਪੁਨੀਤ ਇੱਸਰ ਨਾਲੋਂ ਤਕੜੇ ਕੱਦ-ਕਾਠ ਵਾਲੇ ਐਕਟਰ ਦੀ ਭਾਲ ਸੀ। ਪੰਜਾਬੀ ਫਿਲਮਾਂ ਵਾਲੇ ਮਨੋਹਰ ਦੀਪਕ ਮੇਰੇ ਦੋਸਤ ਸੀ ਜਿਨ੍ਹਾਂ ਨੇ ਮੈਨੂੰ ਭੀਮ ਦਾ ਰੋਲ ਕਰਨ ਨੂੰ ਕਿਹਾ। ਮੈਂ ਬੰਬੇ ਚਲਾ ਗਿਆ ਜਿੱਥੇ ਮੇਰੇ ਪੰਜਾਬੀ ਲਹਿਜ਼ੇ ਨੂੰ ਦੇਖਦਿਆਂ ਆਫਰ ਕੀਤੀ ਗਈ ਕਿ ਰੋਲ ਤੂੰ ਹੀ ਕਰੇਗਾ ਪਰ ਆਵਾਜ਼ ਕਿਸੇ ਹੋਰ ਦੀ ਡੱਬ ਕੀਤੀ ਜਾਵੇਗੀ। ਮੈਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਮੈਂ ਕੋਈ ਸਟੈਚੂ ਨਹੀਂ ਜਿਹੜਾ ਚੁੱਪ ਰਹਿ ਕੇ ਰੋਲ ਕਰਾਂ। ਇਸ ਤੋਂ ਬਾਅਦ ਮੈਂ ਸੱਤ ਦਿਨਾਂ ਵਿੱਚ ਮਹਾਭਾਰਤ ਦਾ ਪੂਰਾ ਗ੍ਰੰਥ ਪੜ੍ਹ ਕੇ ਆਪਣੇ ਡਾਇਲਾਗ ਬੋਲਣ ਦਾ ਰਿਆਜ਼ ਕੀਤਾ ਜਿੱਥੇ ਮੈਂ ਅਟਕਦਾ, ਉਸ ਉਪਰ ਮਿਹਨਤ ਕੀਤੀ।
ਇਸ ਤਰ੍ਹਾਂ ਇਕ ਹਫਤੇ ਵਿੱਚ ਮੈਂ ਭੀਮ ਦੇ ਰੋਲ ਲਈ ਫਿੱਟ ਹੋ ਗਿਆ।'' ਇਸ ਤਰ੍ਹਾਂ ਭਾਰਤੀ ਦਰਸ਼ਕਾਂ ਨੂੰ ਪਰਵੀਨ ਦੇ ਰੂਪ ਵਿੱਚ ਮਹਾਬਲੀ ਭੀਮ ਮਿਲ ਗਿਆ। ਇਸ ਯਾਦਗਾਰ ਰੋਲ ਤੋਂ ਬਾਅਦ ਦੇ ਜੀਵਨ ਬਾਰੇ ਪਰਵੀਨ ਕੁਮਾਰ ਦੱਸਦਾ ਹੈ ਕਿ ਹੁਣ ਵੀ ਕਈ ਵਾਰ ਲੋਕ ਜਦੋਂ ਉਸ ਨੂੰ ਮਿਲਦੇ ਹਨ ਤਾਂ ਭੀਮ ਦਾ ਰੂਪ ਸਮਝ ਕੇ ਮੱਥਾ ਟੇਕਣ ਲੱਗ ਜਾਂਦੇ ਹਨ। ਮਹਾਂਭਾਰਤ ਦੀ ਸ਼ੂਟਿੰਗ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਉਹ ਦੱਸਦੇ ਹਨ ਕਿ ਉਸ ਵੇਲੇ ਸ਼ੂਟਿੰਗ ਤੋਂ ਬਾਹਰ ਵੀ ਅਜਿਹਾ ਮਾਹੌਲ ਸੀ ਕਿ ਪੰਜੇ ਪਾਂਡਵ ਇਕੱਠੇ ਰਹਿੰਦੇ ਤੇ ਕੌਰਵ ਅੱਡ ਇਕੱਠੇ ਰਹਿੰਦੇ। ਪਾਂਡਵੇ ਨੇ ਇਕੱਠੇ ਹੀ ਖਾਣਾ, ਘੁੰਮਨਾ, ਤਿਆਰ ਹੋਣਾ। ਸ਼ੂਟਿੰਗ ਤੋਂ ਬਾਹਰ ਕੌਰਵਾਂ ਨਾਲ ਜ਼ਿਆਦਾ ਬਣਦੀ ਨਹੀਂ ਸੀ ਜਿਸ ਦਾ ਚੰਗਾ ਪ੍ਰਭਾਵ ਸ਼ੂਟਿੰਗ 'ਤੇ ਪਿਆ। ਕੁਰੂਕਸ਼ੇਤਰ ਦੀ ਲੜਾਈ ਵਾਲੇ ਸੀਨ ਰਾਜਸਥਾਨ ਵਿੱਚ ਫਿਲਮਾਏ ਗਏ ਬਾਕੀ ਜ਼ਿਆਦਾ ਸ਼ੂਟਿੰਗ ਬੰਬੇ ਸਟੂਡੀਓ ਤੇ ਕੁਝ ਸ਼ੂਟਿੰਗ ਗੁਜਰਾਤ ਵਿੱਚ ਹੋਈ। ਤਕੜਾ ਖਿਡਾਰੀ ਹੋਣ ਕਰਕੇ ਭਾਰੀ ਭਰਕੱਮ ਪਹਿਰਾਵਾ, ਮੁਕਟ, ਗਹਿਣੇ ਆਦਿ ਪਰਵੀਨ ਨੂੰ ਬਾਕੀ ਕਲਾਕਾਰਾਂ ਮੁਕਾਬਲੇ ਤੰਗ ਨਹੀਂ ਕਰਦੇ ਸਨ। ਇਕ ਗੱਲ ਉਹ ਦੱਸਦਾ ਹੈ ਕਿ ਭੀਮ ਦੇ ਰੋਲ ਲਈ ਉਹ 15 ਕਿਲੋ ਦਾ ਗਦਾ ਚੁੱਕਦਾ ਹੁੰਦਾ ਸੀ ਅਤੇ ਕੋਈ ਔਖਾ ਨਹੀਂ ਲੱਗਦਾ ਸੀ। ਪਰ ਕਈ ਵਾਰ ਲੜਾਈ ਦੇ ਸੀਨ ਦੀ ਸ਼ੂਟਿੰਗ ਵੇਲੇ ਭਾਰੀ ਗਦਾ ਕਾਰਨ ਸੱਟ ਲੱਗਣ ਦਾ ਡਰ ਰਹਿੰਦਾ ਸੀ ਜਿਸ ਕਾਰਨ ਗਦਾ ਦਾ ਭਾਰ ਘਟਾਇਆ ਜਾਣਾ।
ਗਦਾ ਦੁਆਲੇ ਰਬੜ ਵੀ ਲਗਾਈ ਜਾਂਦੀ ਤਾਂ ਜੋ ਗਲਤੀ ਨਾਲ ਲੱਗਣ ਦੀ ਸੂਰਤ ਵਿਚ ਸੱਟ ਨਾ ਲੱਗੇ। ਪਰਵੀਨ ਇਕ ਗੱਲ ਜ਼ਰੂਰ ਮਖੌਲੀਆ ਅੰਦਾਜ਼ ਵਿੱਚ ਦੱਸਦਾ ਹੈ ਕਿ ਮਹਾਂਭਾਰਤ ਵਿੱਚ ਭਾਵੇਂ ਪਾਂਡਵਾ ਲਈ 12 ਸਾਲ ਦਾ ਬਨਵਾਸ ਤੇ 13ਵੇਂ ਸਾਲ ਦਾ ਅਗਿਆਤ ਵਾਸ ਕੌੜੀਆਂ ਯਾਦਾਂ ਵਿੱਚੋਂ ਇਕ ਸੀ ਪਰ ਉਨ੍ਹਾਂ ਨੂੰ ਸ਼ੂਟਿੰਗ ਦੌਰਾਨ ਉਦੋਂ ਇਕੋ ਕੱਪੜੇ ਦੀ ਧੋਤੀ ਪਹਿਰਾਵਾ ਪਹਿਨਣਾ ਬਹੁਤ ਸੌਖਾ ਲੱਗਦਾ ਸੀ। ਪਰਵੀਨ ਦੇ ਰੂਪ ਵਿੱਚ ਭਾਰਤੀ ਦਰਸ਼ਕਾਂ ਦੇ ਮਨਾਂ ਵਿੱਚ ਭੀਮ ਦੇ ਕਿਰਦਾਰ ਦਾ ਜਨਮ ਹੋਇਆ ਜਿਸ ਕਰਕੇ ਉਸ ਦੀ ਭੀਮ ਬਿਨਾਂ ਪਰਵੀਨ ਅਤੇ ਪਰਵੀਨ ਬਿਨਾਂ ਭੀਮ ਹੁਣ ਅਧੂਰਾ ਹੈ। ਹੁਣ ਜਦੋਂ ਉਸ ਨੂੰ ਪੁੱਛੀਦਾ ਕਿ ਭੀਮ ਤੇ ਅਥਲੀਟ ਵਿੱਚੋਂ ਕਿਹੜੀ ਪਛਾਣ ਵਧੀਆ। ਉਹ ਭਾਵੇਂ ਖੇਡਾਂ ਨੂੰ ਪਹਿਲ ਦਿੰਦਾ ਪਰ ਉਸ ਦਾ ਮੰਨਣਾ ਹੈ ਕਿ ਅੱਜ ਦੇ ਦੌਰ ਵਿੱਚ ਟੀ.ਵੀ. ਜਬਰਦਸਤ ਸੰਚਾਰ ਸਾਧਨ ਹੋਣ ਕਰਕੇ ਮਹਾਂਭਾਰਤ ਦੇ ਭੀਮ ਦਾ ਕਿਰਦਾਰ ਲੋਕਾਂ ਦੇ ਦਿਲ ਵਿੱਚ ਵਸ ਗਿਆ। ਉਸ ਨੂੰ ਇਸ ਗੱਲ ਦੀ ਤਸੱਲੀ ਤੇ ਖੁਸ਼ੀ ਵੀ ਹੈ ਕਿ ਖੇਡਾਂ ਤੋਂ ਬਾਅਦ ਵੀ ਉਹ ਦੂਜੀ ਪਾਰੀ ਸਦਕਾ ਉਨ੍ਹਾਂ ਲੋਕਾਂ ਤੱਕ ਪਹੁੰਚ ਬਣਾਉਣ ਵਿੱਚ ਸਫਲ ਰਿਹਾ ਜਿਹੜੇ ਖੇਡ ਖੇਤਰ ਤੋਂ ਕੋਰੇ ਅਨਜਾਣ ਸਨ।
ਪਰਵੀਨ ਅੱਜ-ਕੱਲ੍ਹ ਨਵੀਂ ਦਿੱਲੀ ਦੇ ਅਸ਼ੋਕ ਵਿਹਾਰ ਵਿੱਚ ਰਹਿੰਦਾ ਹੈ। ਖੇਡਾਂ ਤੇ ਐਕਟਿੰਗ ਤੋਂ ਬਾਅਦ ਉਸ ਨੇ ਰਾਜਨੀਤੀ ਵਿੱਚ ਤੀਜੀ ਪਾਰੀ ਖੇਡਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਸਫਲ ਨਹੀਂ ਹੋਇਆ ਅਤੇ ਨਾ ਹੀ ਉਸ ਦਾ ਇਸ ਪਾਸੇ ਚਿੱਤ ਲੱਗਿਆ। ਪਰਵੀਨ ਦਾ ਛੋਟਾ ਜਿਹਾ ਪਰਿਵਾਰ ਹੈ। ਪਰਵੀਨ ਦੀ ਪਤਨੀ ਬੀਨਾ ਦੇਵੀ ਤੇ ਇਕ ਬੇਟੀ ਨਿਪੁਨਿਕਾ ਹੈ। ਉਸ ਦੇ ਇਕ ਦੋਹਤੀ ਹੈ। ਪਰਵੀਨ ਹੁਰੀਂ ਚਾਰ ਭਰਾ ਹਨ। ਇਕ ਭਰਾ ਹੋਰ ਬਲਬੀਰ ਵੀ ਖੇਡਦਾ ਰਿਹਾ। ਇੰਟਰਵਿਊ ਦੇ ਅਖੀਰ ਵਿੱਚ ਜਦੋਂ ਮੈਂ ਉਸ ਨੂੰ ਪੰਜਾਬ ਕਦੇ ਆਉਣ ਜਾਂ ਗੇੜਾ ਮਾਰਨ ਬਾਰੇ ਪੁੱਛਿਆ ਤਾਂ ਉਹ ਬੜੇ ਤਪਾਕ ਨਾਲ ਬੋਲਿਆ, ''ਕਿਉਂ ਨਹੀਂ''। ਅਜੋਕੇ ਮਾਹੌਲ ਵਿੱਚ ਇਹੋ ਅਰਦਾਸ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਜ਼ਿੰਦਗੀ ਦੁਬਾਰਾ ਪੱਟੜੀ ਉਤੇ ਆਏ ਅਤੇ ਮੁੜ ਮੇਲੇ-ਰੌਣਕਾਂ ਜੁੜਨ। ਮੇਰੀ ਵੀ ਦਿਲੀ ਇੱਛਾ ਹੈ ਕਿ ਪੰਜਾਬ ਵਿੱਚ ਕਿਸੇ ਵੱਡੇ ਸਮਾਗਮ ਵਿੱਚ ਪਰਵੀਨ ਨੂੰ ਬੁਲਾ ਕੇ ਲੋਕਾਂ ਨੂੰ ਉਸ ਦੇ ਦਰਸ਼ਨ ਕਰਵਾਏ ਜਾਣ।
ਮੇਰਾ ਦੋਸਤ ਡੀਪੀਆਰਓ ਅੰਮ੍ਰਿਤਸਰ ਸ਼ੇਰਜੰਗ ਸਿੰਘ ਹੁੰਦਲ ਜੋ ਸਰਹਾਲੀ ਦਾ ਹੀ ਰਹਿਣ ਵਾਲਾ ਹੈ, ਦੱਸਦਾ ਹੈ ਕਿ ਉਸ ਦਾ ਭਾਵੇਂ ਪਿੰਡ ਵਿੱਚ ਕੋਈ ਪਰਿਵਾਰਕ ਮੈਂਬਰ ਨਹੀਂ ਰਹਿੰਦਾ ਪਰ ਕਿਤੇ ਕਿਤੇ ਉਹ ਚੱਕਰ ਜ਼ਰੂਰ ਲਾਉਣ ਆਇਆ ਹੈ। ਸਰਹਾਲੀ ਵਾਸੀਆਂ ਨੂੰ ਆਪਣੇ ਇਸ ਹੀਰੇ 'ਤੇ ਮਾਣ ਹੈ। ਸ਼ੇਰਜੰਗ ਦੀ ਜਦੋਂ ਮੇਰੇ ਨਾਲ ਹੀ ਪੀ.ਆਰ.ਓ. ਦੀ ਪੋਸਟ ਵਾਸਤੇ ਇੰਟਰਵਿਊ ਸੀ ਤਾਂ ਪੈਨਲ ਨੇ ਉਸ ਕੋਲੋਂ ਆਪਣੇ ਪਿੰਡ ਦੀ ਪ੍ਰਸਿੱਧ ਗੱਲ ਪੁੱਛੀ ਸੀ ਜਿਸ ਦਾ ਜਵਾਬ ਪਰਵੀਨ ਹੀ ਸੀ। ਪਰਵੀਨ ਵਰਗੇ ਖਿਡਾਰੀ ਕਦੇ-ਕਦੇ ਹੀ ਜੰਮਦੇ ਹਨ। ਜਿੰਨੀਆਂ ਵੱਡੀਆਂ ਉਸ ਦੀਆਂ ਪ੍ਰਾਪਤੀਆਂ ਉਸ ਤੋਂ ਵੱਧ ਕੇ ਉਸ ਵਿੱਚ ਨਿਮਰਤਾ, ਹਲੀਮੀ ਤੇ ਸਾਦਗੀ ਹੈ। ਸੱਚਮੁੱਚ ਪਰਵੀਨ ਦਾ ਕੋਈ ਸਾਨੀ ਨਹੀਂ। ਉਹ ਦ੍ਰਿੜ ਵਿਸ਼ਵਾਸ ਤੇ ਸੰਕਲਪ ਦਾ ਦੂਜਾ ਨਾਮ ਹੈ। ਉਹ ਪੰਜਾਬ ਦੀ ਆਨ-ਬਾਨ ਅਤੇ ਦੇਸ਼ ਦੀ ਸ਼ਾਨ ਹੈ। ਉਹ ਤਾਕਤ ਦਾ ਮੁਜੱਸਮਾ ਹੈ। ਉਹ ਸਫਲਤਾ ਦਾ ਸ਼ੋਰ ਵੀ ਹੈ ਤੇ ਸੰਘਰਸ਼ ਦੀ ਮਿਸਾਲ ਵੀ। ਉਹ ਭੀਮ ਦਾ ਉਦੇ ਹੈ ਤੇ ਜਿੱਤ ਦੀ ਧਾਰ ਹੈ। ਉਹ ਜਿੰਨਾ ਵੱਡਾ ਕਲਾਕਾਰ ਹੈ ਉਸ ਤੋਂ ਵੱਡਾ ਖਿਡਾਰੀ ਵੀ ਹੈ।