ਡਿਲੀਵਰੀ ਦੌਰਾਨ ਜੱਚਾ-ਬੱਚਾ ਦੀ ਮੌਤ! ਪਰਿਵਾਰ ਨੇ ਲਾਏ ਗੰਭੀਰ ਦੋਸ਼
Thursday, Apr 30, 2026 - 12:07 PM (IST)
ਖੰਨਾ (ਬਿਪਨ): ਪੁਲਸ ਜ਼ਿਲ੍ਹਾ ਖੰਨਾ ਦੇ ਅਧੀਨ ਆਉਂਦੇ ਇਲਾਕੇ ਵਿਚ ਇਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨਵਜੰਮੇ ਬੱਚੇ ਅਤੇ ਉਸ ਦੀ ਮਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 24 ਸਾਲਾ ਪੂਜਾ ਵਜੋਂ ਹੋਈ ਹੈ, ਜੋ ਦੋਰਾਹਾ ਦੇ ਪਿੰਡ ਖੈਹਰਾ ਵਿਚ ਇਕ ਇੱਟਾਂ ਦੇ ਭੱਠੇ 'ਤੇ ਰਹਿਣ ਵਾਲੇ ਪਰਿਵਾਰ ਨਾਲ ਸਬੰਧਤ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਪੂਜਾ ਨੂੰ ਡਿਲੀਵਰੀ ਲਈ ਪਹਿਲਾਂ ਸਿਵਲ ਹਸਪਤਾਲ ਸਮਰਾਲਾ ਲਿਜਾਇਆ ਗਿਆ ਸੀ। ਉੱਥੇ ਮਹਿਲਾ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਕਿਸੇ ਵੱਡੇ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਸੀ। ਮ੍ਰਿਤਕਾ ਦੇ ਪਤੀ ਰਾਮ ਨੇ ਦੱਸਿਆ ਕਿ ਇਸੇ ਦੌਰਾਨ ਇਕ ਆਸ਼ਾ ਵਰਕਰ ਨੇ ਉਨ੍ਹਾਂ ਦੀ ਫ਼ੋਨ 'ਤੇ ਗੱਲ ਕਰਵਾ ਕੇ ਉਨ੍ਹਾਂ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ।
ਪਰਿਵਾਰ ਦਾ ਇਲਜ਼ਾਮ ਹੈ ਕਿ ਨਿੱਜੀ ਹਸਪਤਾਲ ਵਿਚ ਪਹਿਲਾਂ ਆਪ੍ਰੇਸ਼ਨ ਦੀ ਗੱਲ ਕਹੀ ਗਈ, ਪਰ ਬਾਅਦ ਵਿਚ ਨਾਰਮਲ ਡਿਲੀਵਰੀ ਦੀ ਕੋਸ਼ਿਸ਼ ਕੀਤੀ ਜਾਣ ਲੱਗੀ। ਇਸ ਪ੍ਰਕਿਰਿਆ ਦੌਰਾਨ ਜਦੋਂ ਜੱਚਾ-ਬੱਚਾ ਦੀ ਹਾਲਤ ਵਿਗੜਨ ਲੱਗੀ, ਤਾਂ ਹਸਪਤਾਲ ਪ੍ਰਬੰਧਕਾਂ ਨੇ ਬੱਚੇ ਅਤੇ ਮਾਂ ਨੂੰ ਵੱਖ-ਵੱਖ ਵੱਡੇ ਹਸਪਤਾਲਾਂ ਵਿਚ ਭੇਜ ਦਿੱਤਾ।0
ਹਸਪਤਾਲ ਦੀ ਐਮਰਜੈਂਸੀ ਇੰਚਾਰਜ ਡਾਕਟਰ ਅਨੁਸਾਰ, ਜਦੋਂ ਬੱਚੇ ਨੂੰ ਉਨ੍ਹਾਂ ਦੇ ਹਸਪਤਾਲ ਲਿਆਂਦਾ ਗਿਆ ਤਾਂ ਉਹ ਪਹਿਲਾਂ ਹੀ ਦਮ ਤੋੜ ਚੁੱਕਾ ਸੀ। ਜਦੋਂ ਮਹਿਲਾ ਨੂੰ ਉੱਥੇ ਲਿਆਂਦਾ ਗਿਆ, ਤਾਂ ਉਸ ਦਾ ਬੀ.ਪੀ. (BP) ਅਤੇ ਪਲਸ (Pulse) ਨਹੀਂ ਚੱਲ ਰਹੀ ਸੀ ਅਤੇ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਹ ਬੇਹੋਸ਼ ਸੀ। ਡਾਕਟਰਾਂ ਵੱਲੋਂ ਤੁਰੰਤ ਇਲਾਜ ਦੀ ਕੋਸ਼ਿਸ਼ ਕੀਤੀ ਗਈ, ਪਰ ਮਹਿਲਾ ਦੀ ਜਾਨ ਨਹੀਂ ਬਚਾਈ ਜਾ ਸਕੀ।
ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਹਸਪਤਾਲ ਦੇ ਬਾਹਰ ਹੰਗਾਮਾ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਮੌਕੇ 'ਤੇ ਪਹੁੰਚੇ ਖੰਨਾ ਥਾਣੇ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਜੱਚਾ-ਬੱਚਾ ਦੀ ਮੌਤ ਬਾਰੇ ਸੂਚਨਾ ਮਿਲੀ ਹੈ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
