ਪੰਜਾਬ: ਨਿੱਕੇ ਵੀਰ ਦੀ ''ਸ਼ਰਾਰਤ'' ਬਣੀ ਵੱਡੇ ਦੀ ਮੌਤ ਦੀ ਵਜ੍ਹਾ! ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ

Saturday, Jun 27, 2026 - 02:47 PM (IST)

ਪੰਜਾਬ: ਨਿੱਕੇ ਵੀਰ ਦੀ ''ਸ਼ਰਾਰਤ'' ਬਣੀ ਵੱਡੇ ਦੀ ਮੌਤ ਦੀ ਵਜ੍ਹਾ! ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ

ਲੁਧਿਆਣਾ (ਰਾਜ)- ਮਹਾਨਗਰ ਦੇ ਪੌਸ਼ ਇਲਾਕੇ ਘੁਮਾਰ ਮੰਡੀ ਦੇ ਨੇੜੇ ਖ਼ਾਲਸਾ ਕਾਲਜ ਕੋਲ ਇਕ ਵੇਹੜੇ ਵਿਚ ਬੇਹੱਦ ਦਿਲ ਕੰਬਾਊ ਤੇ ਦਰਦਨਾਕ ਹਾਦਸਾ ਵਾਪਰਿਆ। ਖੇਡ-ਖੇਡ ਵਿਚ ਇਕ 5 ਸਾਲਾ ਬੱਚੇ ਵੱਲੋਂ ਅਣਜਾਣੇ ਵਿਚ ਆਟੋ ਸਟਾਰਟ ਕਰ ਦਿੱਤੇ ਜਾਣ ਕਾਰਨ ਉਸ ਦੇ 11 ਸਾਲਾ ਸਕੇ ਵੱਡੇ ਭਰਾ ਸਤਿਅਮ ਦੀ ਦਰਦਨਾਕ ਮੌਤ ਹੋ ਗਈ। ਇਸ ਭਿਆਨਕ ਘਟਨਾ ਤੋਂ ਬਾਅਦ ਹੱਸਦੇ-ਖੇਡਦੇ ਪਰਿਵਾਰ ਵਿਚ ਮਾਤਮ ਪਸਰ ਗਿਆ ਹੈ।

ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਪਿੰਡ ਬੇਂਗਲਪੁਰ ਦਾ ਰਹਿਣ ਵਾਲਾ ਸਤੀਸ਼ ਕੁਮਾਰ ਲੁਧਿਆਣਾ ਵਿਚ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਵੀਰਵਾਰ ਦੁਪਹਿਰ ਕਰੀਬ ਦੋ ਵਜੇ ਜਦੋਂ ਸਤੀਸ਼ ਆਪਣਾ ਆਟੋ ਲੈ ਕੇ ਘਰ ਪਰਤਿਆ ਤਾਂ ਉਹ ਗਲਤੀ ਨਾਲ ਵਾਹਨ ਦੀ ਚਾਬੀ ਅੰਦਰ ਹੀ ਲੱਗੀ ਛੱਡ ਗਿਆ।ਇਸੇ ਦੌਰਾਨ ਸਤੀਸ਼ ਦੇ ਭਰਾ ਪਿੰਟੂ ਦੇ ਦੋਵੇਂ ਪੁੱਤਰ ਘਰ ਦੇ ਬਾਹਰ ਖੇਡ ਰਹੇ ਸਨ। ਖੇਡਦੇ-ਖੇਡਦੇ 5 ਸਾਲਾ ਛੋਟਾ ਬੱਚਾ ਆਟੋ ਦੀ ਸੀਟ ’ਤੇ ਬੈਠ ਗਿਆ ਤੇ ਉਸ ਨੇ ਚਾਬੀ ਘੁਮਾ ਕੇ ਐਕਸੀਲੇਟਰ ਦੱਬ ਦਿੱਤਾ। ਚਾਬੀ ਘੁੰਮਦਿਆਂ ਹੀ ਆਟੋ ਤੇਜ਼ ਝਟਕੇ ਨਾਲ ਅੱਗੇ ਵਧਿਆ। ਰਫ਼ਤਾਰ ਇੰਨੀ ਤੇਜ਼ ਸੀ ਕਿ ਸਾਹਮਣੇ ਖੜ੍ਹੇ 11 ਸਾਲਾ ਸਤਿਅਮ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਆਟੋ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ।

ਹਾਦਸੇ ਤੋਂ ਬਾਅਦ ਸਤਿਅਮ ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਚੀਕ-ਚਿਹਾੜਾ ਸੁਣ ਕੇ ਪਰਿਵਾਰ ਵਾਲੇ ਤੁਰੰਤ ਉਸ ਨੂੰ ਡੀ.ਐਮ.ਸੀ. ਹਸਪਤਾਲ ਲੈ ਕੇ ਭੱਜੇ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲੇ ਬਿਨਾਂ ਕਿਸੇ ਪੁਲਸ ਕਾਰਵਾਈ ਦੇ ਬੱਚੇ ਦੀ ਲਾਸ਼ ਨੂੰ ਲੈ ਕੇ ਆਪਣੇ ਜੱਦੀ ਪਿੰਡ ਉੱਤਰ ਪ੍ਰਦੇਸ਼ ਰਵਾਨਾ ਹੋ ਗਏ ਹਨ। ਪੁਲਸ ਕੋਲ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।


author

Anmol Tagra

Content Editor

Related News