FCI ਦੇ ਸੇਵਾਮੁਕਤ ਇੰਸਪੈਕਟਰ ਦੀ ਸੜਕ ਹਾਦਸੇ ''ਚ ਮੌਤ! ਜਲੰਧਰ ਦੇ ਕਾਰ ਚਾਲਕ ਵਿਰੁੱਧ FIR ਦਰਜ
Saturday, Jun 27, 2026 - 12:59 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਡੇਹਲੋਂ ਇਲਾਕੇ ਤੋਂ ਇਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮਾਲੇਰਕੋਟਲਾ ਰੋਡ 'ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸੇਵਾਮੁਕਤ ਇੰਸਪੈਕਟਰ ਦੀ ਜਾਨ ਚਲੀ ਗਈ। ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਇਨੋਵਾ ਕਾਰ ਨੇ ਬਜ਼ੁਰਗ ਦੀ ਮੋਟਰਸਾਈਕਲ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਡੇਹਲੋਂ ਦੀ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੀ ਸ਼ਿਕਾਇਤ 'ਤੇ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ, ਮੂਲ ਤੌਰ 'ਤੇ ਪਿੰਡ ਨੰਗਲ ਦੇ ਰਹਿਣ ਵਾਲੇ ਸੁਖਜੀਤ ਸਿੰਘ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ 26 ਜੂਨ ਨੂੰ ਉਨ੍ਹਾਂ ਦੇ 78 ਸਾਲਾ ਬਜ਼ੁਰਗ ਪਿਤਾ ਅਮਰਜੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੋਹੀੜ ਵੱਲ ਜਾ ਰਹੇ ਸਨ। ਸੁਖਜੀਤ ਵੀ ਆਪਣੀ ਗੱਡੀ 'ਤੇ ਉਨ੍ਹਾਂ ਦੇ ਮਗਰ ਹੀ ਜਾ ਰਿਹਾ ਸੀ। ਜਦੋਂ ਅਮਰਜੀਤ ਸਿੰਘ ਮਾਲੇਰਕੋਟਲਾ ਰੋਡ 'ਤੇ ਸਥਿਤ ਐੱਚ ਪੀ. ਪੈਟ੍ਰੋਲ ਪੰਪ ਦੇ ਸਾਹਮਣੇ ਬਣੇ ਡੇਰੇ ਕੋਲ ਪਹੁੰਚੇ ਤਾਂ ਸਾਹਮਣਿਓਂ ਆ ਰਹੀ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ।
ਟੱਕਰ ਹੁੰਦਿਆਂ ਹੀ ਅਮਰਜੀਤ ਸਿੰਘ ਉਛਲ ਕੇ ਸੜਕ 'ਤੇ ਜਾ ਡਿੱਗੇ ਤੇ ਉਨ੍ਹਾਂ ਦੇ ਸਿਰ ਤੋਂ ਕਾਫ਼ੀ ਖ਼ੂਨ ਵਗਨ ਲੱਗ ਪਿਆ। ਪੁੱਤਰ ਨੇ ਤੁਰੰਤ ਰਾਹਗੀਰਾਂ ਦੀ ਮਦਦ ਨਾਲ ਲਹੂ-ਲੁਹਾਨ ਪਿਤਾ ਨੂੰ ਚੁੱਕਿਆ ਤੇ ਇਲਾਜ ਲਈ ਸਰਕਾਰੀ ਹਸਪਤਾਲ ਡੇਹਲੋਂ ਲੈ ਕੇ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਮਗਰੋਂ ਪੂਰੇ ਪਰਿਵਾਰ ਵਿਚ ਮਾਤਮ ਛਾਅ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਫ਼ਸਰ ਅਵਤਾਰ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਕਾਰ ਚਾਲਕ ਪ੍ਰਦੀਪ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਬੰਬਿਆਂਵਾਲ ਜ਼ਿਲ੍ਹਾ ਜਲੰਧਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
