ਵੇਰਕਾ ਮਿਲਕ ਪਲਾਂਟ ਨੇੜੇ ਵਾਪਰਿਆ ਭਿਆਨਕ ਹਾਦਸਾ! 27 ਸਾਲਾ ਨੌਜਵਾਨ ਦੀ ਦਰਦਨਾਕ ਮੌਤ
Thursday, Jun 18, 2026 - 12:58 PM (IST)
ਲੁਧਿਆਣਾ (ਰਾਜ)- ਫਿਰੋਜ਼ਪੁਰ ਰੋਡ ’ਤੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਅੱਧੀ ਰਾਤ ਨੂੰ ਇਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਇਕ ਤੇਜ਼ ਰਫ਼ਤਾਰ ਮਹਿੰਦਰਾ ਬੋਲੈਰੋ ਪਿੱਕਅਪ ਗੱਡੀ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਚਲਾ ਰਹੇ 27 ਸਾਲਾ ਇਕ ਨੌਜਵਾਨ ਕਿਸਾਨ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (27) ਵਜੋਂ ਹੋਈ ਹੈ। ਸੰਦੀਪ ਪੇਸ਼ੇ ਤੋਂ ਕਿਸਾਨ ਸੀ ਅਤੇ ਆਪਣੇ ਖੇਤਾਂ ’ਚ ਆਧੁਨਿਕ ਤਰੀਕੇ ਨਾਲ ਉਗਾਈਆਂ ਸਬਜ਼ੀਆਂ ਖ਼ੁਦ ਹੀ ਪਿੱਕਅਪ ਗੱਡੀ ’ਚ ਲੱਦ ਕੇ ਮੰਡੀ ’ਚ ਸਪਲਾਈ ਕਰਨ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਮੰਗਲਵਾਰ ਦੀ ਰਾਤ ਕਰੀਬ 11 ਵਜੇ ਫਿਰੋਜ਼ਪੁਰ ਸਥਿਤ ਆਪਣੇ ਘਰ ਤੋਂ ਸਬਜ਼ੀਆਂ ਲੋਡ ਕਰਕੇ ਲੁਧਿਆਣਾ ਮੰਡੀ ਲਈ ਨਿਕਲਿਆ ਸੀ। ਸਫ਼ਰ ਦੌਰਾਨ ਰਾਤ ਕਰੀਬ ਢਾਈ ਵਜੇ ਜਿਵੇਂ ਹੀ ਸੰਦੀਪ ਦੀ ਮਹਿੰਦਰਾ ਬੋਲੈਰੋ ਪਿੱਕਅਪ ਗੱਡੀ ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਪਹੁੰਚੀ ਤਾਂ ਅਚਾਨਕ ਗੱਡੀ ਬੇਕਾਬੂ ਹੋ ਗਈ। ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਸਿੱਧੀ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਜਾ ਭਿੜੀ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਪਿੱਕਅਪ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਸੰਦੀਪ ਸਟੀਅਰਿੰਗ ਵ੍ਹੀਲ ਦੇ ਵਿਚਕਾਰ ਬੁਰੀ ਤਰ੍ਹਾਂ ਫਸ ਗਿਆ। ਹਾਦਸੇ ’ਚ ਉਸਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਬੇਹੱਦ ਗੰਭੀਰ ਸੱਟਾਂ ਆਈਆਂ।
ਹਾਦਸੇ ਦੇ ਤੁਰੰਤ ਬਾਅਦ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਇਨਸਾਨੀਅਤ ਦਿਖਾਉਂਦੇ ਹੋਏ ਪੁਲਸ ਅਤੇ ਐਂਬੂਲੈਂਸ ਬੁਲਾਈ। ਰਾਹਗੀਰਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਸੰਦੀਪ ਨੂੰ ਗੱਡੀ ’ਚੋਂ ਬਾਹਰ ਕੱਢਿਆ ਪਰ ਸੱਟਾਂ ਇੰਨੀਆਂ ਡੂੰਘੀਆਂ ਸਨ ਕਿ ਮਦਦ ਪਹੁੰਚਣ ਤੋਂ ਪਹਿਲਾਂ ਹੀ ਸੰਦੀਪ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਹੈ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸੰਦੀਪ ਅਜੇ ਕੁਆਰਾ ਸੀ। ਘਰ ’ਚ ਉਸਦੇ ਬਜ਼ੁਰਗ ਮਾਤਾ-ਪਿਤਾ ਅਤੇ ਦੋ ਭਰਾ ਹਨ। ਉਹ ਤਿੰਨ ਭਰਾਵਾਂ ਵਿੱਚੋਂ ਦੂਜੇ ਨੰਬਰ ’ਤੇ ਸੀ ਅਤੇ ਪੂਰੇ ਘਰ ਦੀ ਆਰਥਿਕ ਜ਼ਿੰਮੇਵਾਰੀ ਸੰਭਾਲਣ ’ਚ ਅੱਗੇ ਰਹਿੰਦਾ ਸੀ। ਜਵਾਨ ਪੁੱਤ ਦੀ ਅਚਾਨਕ ਮੌਤ ਮਗਰੋਂ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਦਾ ਕਹਿਣਾ ਕਿ ਸੰਦੀਪ ਨੂੰ ਨੀਂਦ ਦਾ ਝੋਕਾ ਆਇਆ ਜਾਂ ਫਿਰ ਕਿਸੇ ਅਣਪਛਾਤੇ ਵਾਹਨ ਨੇ ਉਸਦੀ ਗੱਡੀ ਨੂੰ ਕੱਟ ਮਾਰਿਆ, ਇਨ੍ਹਾਂ ਸਾਰੇ ਪਹਿਲੂਆਂ ’ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੀ ਅਸਲੀ ਵਜ੍ਹਾ ਦਾ ਪਤਾ ਲਾਉਣ ਲਈ ਵੇਰਕਾ ਮਿਲਕ ਪਲਾਂਟ ਅਤੇ ਹਾਈਵੇਅ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
